ਬੀਤੀ ਰਾਤ ਬਰਨਾਲਾ ਦੇ ਹੰਡਿਆਇਆ ਬਜਾਰ ‘ਚੋਂ 2 ਸਕਾਰਪੀਓ ਗੱਡੀਆਂ ਚੋਰੀ

254

ਬਰਨਾਲਾ, 27 ਅਗਸਤ (ਜਗਸੀਰ ਸਿੰਘ ਸੰਧੂ) : ਬੀਤੀ ਰਾਤ ਸਥਾਨਿਕ ਹੰਡਿਆਇਆ ਬਜਾਰ ਵਿੱਚੋਂ ਦੋ ਸਕਾਰਪੀਓ ਗੱਡੀਆਂ ਚੋਰੀ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੀ ਰਾਤ 3 ਵਜੇ ਦੇ ਕਰੀਬ ਇਹ ਦੋਵੇਂ ਗੱਡੀਆਂ ਚੋਰੀ ਕੀਤੀਆਂ ਗਈਆਂ। ਹੰਡਿਆਇਆ ਬਜਾਰ ਵਿੱਚ ਕੁਝ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਣ ‘ਤੇ ਪਤਾ ਲੱਗਿਆ ਹੈ ਰਾਤ 3 ਵਜੇ ਦੇ ਕਰੀਬ ਇਹ ਚੋਰ ਇੱਕ ਡਿਜਾਇਰ ਗੱਡੀ ‘ਤੇ ਆਏ ਸਨ, ਜਿਸ ਵਿੱਚੋਂ ਉਤਰੇ ਦੋ ਵਿਅਕਤੀਆਂ ਨੇ ਹੰਡਿਆਇਆ ਬਜਾਰ ਵਿੱਚ ਆਰੀਆ ਮਾਡਲ ਸਕੂਲ ਨੇੜੇ ਭੂਸਣ ਕੁਮਾਰ ਦੀ ਖੜੀ ਸਕਾਰਪੀਓ ਗੱਡੀ ਨੰਬਰ ਪੀ.ਬੀ-10 ਐਫ.ਈ 7117 ਮਾਡਲ 2005 ਰੰਗ ਚਿੱਟਾ ਦਾ ਕਿਸੇ ਜੰਤਰ ਨਾਲ ਲਾਕ ਖੋਲਿਆ ਅਤੇ ਇਸ ਗੱਡੀ ਨੂੰ ਸਟਾਰਟ ਕਰਕੇ ਲੈ ਗਏ। ਇਸ ਉਪਰੰਤ ਇਹ ਵਿਅਕਤੀ ਹੰਡਿਆਇਆ ਬਜਾਰ ਵਿੱਚ ਹੀ ਐਸ. ਡੀ ਸਭਾ ਮਾਰਕੀਟ ਦੇ ਸਾਹਮਣੇ ਗਿਆਨ ਚੰਦ-ਸੋਹਨ ਲਾਲ ਸੇਖਾ ਵਾਲਿਆਂ ਦੀ ਖੜੀ ਸਕਾਰਪੀਓ ਗੱਡੀ ਪੀ.ਬੀ. 19 ਐਸ 1222 ਰੰਗ ਚਿੱਟਾ ਨੂੰ ਵੀ ਉਸੇ ਤਰਾਂ ਹੀ ਲਾਕ ਖੋਲ ਕੇ ਚੋਰੀ ਕਰਕੇ ਲੈ ਗਏ। ਗੱਡੀ ਚੋਰੀ ਦੀਆਂ ਇਹ ਦੋਵੇਂ ਘਟਨਾਵਾਂ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਇਹਨਾਂ ਘਟਨਾਵਾਂ ਸਬੰਧੀ ਐਸ. ਐਚ.ਓ ਸਿਟੀ ਬਰਨਾਲਾ ਕਮਲਜੀਤ ਸਿੰਘ ਨੇ ਕਿਹਾ ਹੈ ਕਿ ਪੁਲਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਪੁਲਸ ਮੁਲਾਜਮਾਂ ਦੀਆਂ ਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲ ਕੇ ਚੋਰਾਂ ਦਾ ਪਤਾ ਲਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਪੁਲਸ ਜਲਦੀ ਹੀ ਚੋਰਾਂ ਦਾ ਪਤਾ ਕਰਕੇ ਗੱਡੀਆਂ ਬਰਾਮਦ ਕਰ ਲਵੇਗੀ।

Real Estate