ਰਾਣਾ ਸੋਢੀ ਨੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਨੂੰ ਦਿੱਤੀ ਵਧਾਈ

250

ਖੇਡ ਮੰਤਰੀ ਨੇ ਮਾਕਾ ਟਰਾਫ਼ੀ ਜਿੱਤਣ ਉਤੇ ਪੰਜਾਬ ਯੂਨੀਵਰਸਿਟੀ ਦੀ ਵੀ ਕੀਤੀ ਸ਼ਲਾਘਾ
ਚੰਡੀਗੜ੍ਹ, 24 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਅਤੇ ਮਾਕਾ ਟਰਾਫ਼ੀ ਜਿੱਤਣ ਵਾਲੀ ਪੰਜਾਬ ਯੂਨੀਵਰਸਿਟੀ ਨੂੰ ਵਧਾਈ ਦਿੱਤੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਇਹ ਐਵਾਰਡ ਸਮਾਰੋਹ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਆਨਲਾਈਨ ਮਾਧਿਅਮ ਰਾਹੀਂ ਹੋਵੇਗਾ। ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਰਾਣਾ ਸੋਢੀ ਨੇ ਸੂਬੇ ਦੇ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਅਰਜੁਨਾ ਐਵਾਰਡ ਲਈ ਚੁਣਿਆ ਗਿਆ ਹੈ, ਜਦੋਂ ਕਿ ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ ਸੰਧੂ (ਫ਼ੁਟਬਾਲ) ਅਤੇ ਲੱਖਾ ਸਿੰਘ (ਮੁੱਕੇਬਾਜ਼ੀ) ਨੂੰ ਧਿਆਨ ਚੰਦ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਕਰਨਲ ਸਰਫ਼ਰਾਜ਼ ਸਿੰਘ ਪੁੱਤਰ ਕਰਨਲ ਬਲਬੀਰ ਸਿੰਘ ਹਾਕੀ ਓਲੰਪੀਅਨ ਨੂੰ ਚੁਣਿਆ ਗਿਆ ਹੈ, ਜਦੋਂ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਿਲੇਗੀ।
ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ, ਖੇਡਾਂ ਦੇ ਖੇਤਰ ਵਿੱਚ ਮੁੜ ਆਪਣੀ ਸ਼ਾਨ ਬਹਾਲ ਕਰਨ ਦੀ ਰਾਹ ਉਤੇ ਹੈ ਅਤੇ ਇਹ ਮਾਣਮੱਤੇ ਕੌਮੀ ਐਵਾਰਡ ਲਈ ਐਲਾਨੀ ਸੂਚੀ ਇਸ ਗੱਲ ਦੀ ਗਵਾਹੀ ਭਰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਅਤੇ ਖੇਡਾਂ ਲਈ ਅਪਣਾਈ ਸਰਗਰਮ ਭੂਮਿਕਾ ਨਾਲ ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣੇਗਾ। ਰਾਣਾ ਸੋਢੀ ਨੇ ਖੇਡਾਂ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤ ਕਰਨ ਵਾਲੇ ਸਾਰੇ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਹ ਜਿਹੜੀਆਂ ਵੀ ਅਗਲੀਆਂ ਖੇਡਾਂ ਵਿੱਚ ਭਾਗ ਲੈਣ ਦੀ ਯੋਜਨਾਵਾਂ ਬਣਾ ਰਹੇ ਹਨ, ਉਸ ਵਿੱਚ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ।

Real Estate