ਕਾਂਗੜੀ ਬਿਨਾਂ ਜਿਨ੍ਹਾਂ ਦਾ ਜੀਵਨ ਅਧੂਰਾ

266
ਜਗਸੀਰ ਬੱਛੋਆਣਾ
ਦੁਨੀਆਂ ਦਾ ਸਵਰਗ ਮੰਨੇ ਜਾਂਦੇ ਜੰਨਤ -ਏ-ਕਸ਼ਮੀਰ ਵਿੱਚ ਸਰਦੀ ਸੁਰੂ ਹੁੰਦੇ ਦੋ ਚੀਜ਼ਾਂ ਤੁਹਾਨੂੰ ਆਮ ਨਜ਼ਰ ਆਉਣਗੀਆਂ। ਇੱਕ ਫੈਰਨ ( ਇੱਕ ਮੋਟੇ ਕੱਪੜੇ ਦਾ ਖੁੱਲ੍ਹਾ ਜਿਹਾ ਕੁੜਤਾ ਹੁੰਦਾ) ਤੇ ਕਾਂਗੜੀ। ਜਿਨ੍ਹਾਂ ਬਿਨਾਂ ਇੱਥੋਂ ਦਾ ਜੀਵਨ ਅਧੂਰਾ ਹੈਂ।
ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀ ਹੋਈ ਧਰਤੀ ਕਸ਼ਮੀਰ ਘਾਟੀ, ਲਦਾਖ਼, ਕੁਝ ਹਿੱਸਾ ਜੰਮੂ ਦਾ ਤੇ ਥੋੜ੍ਹਾ ਭਾਗ ਹਿਮਾਚਲ ਦਾ ਠੰਡ ਦੇ ਦਿਨਾਂ ਵਿੱਚ ਬੱਚੇ ਤੋਂ ਲ਼ੈ ਕੇ ਬੁੱਢੇ ਤੱਕ, ਘਰੇਲੂ ਔਰਤਾਂ ਤੋਂ ਦਫ਼ਤਰਾਂ ਤੱਕ, ਸਕੂਲ ਕਾਲਜਾਂ ਦੀਆਂ ਕੁੜੀਆਂ, ਪੁਲਿਸ, ਡਾਕਟਰ, ਮਾਸਟਰ, ਮੰਤਰੀ,ਸੰਤਰੀ ਇੱਥੋਂ ਤੱਕ ਕੀ ਖੇਤੀ ਕੰਮ ਕਰਨ ਵਾਲਾ ਕਿਸਾਨ ਮਜ਼ਦੂਰ ਹਰ ਕੋਈ ਕਾਂਗੜੀ ਦੇ ਬਿਨਾ‌ ਨਜ਼ਰ ਨਹੀਂ ਆਉਂਦਾ। ਨਸ਼ੇ ਦੀ ਤਰ੍ਹਾਂ ਹੱਡਾਂ ਵਿੱਚ ਬੈਠ ਗਈ ਇਹ ਕਾਂਗੜੀ। ਕਾਂਗੜੀ ਨੂੰ ਜੇ ਕਸ਼ਮੀਰੀਆਂ ਦੇ ਸਰੀਰ ਦਾ ਇੱਕ ਅੰਗ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗਾ।
ਕਿਤੇ ਆਉਂਦੇ ਜਾਂਦੇ ਹੋਣ,ਪੰਜ ਵੇਲੇ ਨਮਾਜ਼ ਅਦਾ ਕਰਦੇ ਹੋਣ,ਗੱਡੀ ਚਲਾਉਣ ਵੇਲੇ, ਹੋਟਲਾਂ ਤੇ ਕੰਮ ਕਰਦੇ, ਦੁਕਾਨਦਾਰਾਂ ਕੋਲ ਸਵੇਰੇ ਤੋਂ ਲ਼ੈ ਕੇ ਰਾਤ ਸੌਣ ਵੇਲੇ ਤੱਕ ਕਾਂਗੜੀ ਇਹਨਾਂ ਦੇ ਹੱਥ ਵਿੱਚ ਪੱਕਾ ਹੁੰਦੀ ਐਂ।ਅੱਗ ਦਾ ਇਹ ਕੁੱਜਾ ਫੌਜੀ ਦੀ ਬੰਦੂਕ ਵਾਂਗਰਾਂ ਹਮੇਸ਼ਾ ਨਾਲ ਹੀ ਰਹਿੰਦਾ। ਕਸ਼ਮੀਰੀ ਮਜ਼ਾਕ ਕਰਦੇ ਹੁੰਦੇ ਐਂ।
‘ਅਖੇ ਜੇ ਹੱਥ ਵਿੱਚ ਕਾਗਡੀ ਨਾ ਹੋਈ, ਫੇਰ ਉਹ ਕਾਹਦਾ ਕਸ਼ਮੀਰੀ’।
ਕਾਂਗੜੀ ਇੱਥੋਂ ਦੇ ਸਭਿਆਚਾਰ ਦਾ ਇੱਕ ਅੰਗ ਐਂ। ਅਨੇਕਾਂ ਗੀਤਾਂ, ਬੋਲੀਆਂ ਤੇ ਅਖਾਣਾਂ ਵਿੱਚ ਜ਼ਿਕਰ ਆਉਂਦਾ।ਆਮ ਜਿਹੀ ਭਾਸ਼ਾ ਕਹਿ ਦੇਈਏ ਤਾਂ ਇਹ ਹੱਥ ਸੇਕਣ ਲਈ ਦੇਸੀ ਤਰੀਕੇ ਨਾਲ ਤਿਆਰ ਕੀਤਾ ਦੇਸੀ ਹੀਟਰ, ਅੰਗੀਠੀ ਐਂ। ਜਿਸਨੂੰ ਸਮਾਜ ਦੇ ਕਲਾਕਾਰ ਆਪਣੀ ਕਲਾਕਾਰੀ ਦੇ ਨਾਲ ਇਸ ਦਾ ਤਾਣਾ ਪੇਟਾਂ ਬੁਣਦੇ ਹਨ।
ਘੁਮਿਆਰ ਦੁਆਰਾ ਬਣਾਇਆ ਮਿੱਟੀ ਦਾ ਬਰਤਨ ਸਟੀਲ ਦੇ ਕੌਲੇ ਵਰਗਾ ਗੋਲ ਅਕਾਰ ਦਾ ਹੁੰਦਾ।ਉਸ ਉੱਪਰ ਕਸ਼ਮੀਰ ਵਿਚ ਪਾਇਆ ਜਾਣ ਵਾਲਾ ਬਾਂਸ,ਲੱਕੜ ਦੀਆਂ ਪਤਲੀਆਂ ਪਤਲੀਆਂ ਛਟੀਆਂ ਜਾ ਤੂਤ ਦੀਆਂ ਛਟੀਆਂ ਦੁਆਰਾ ਸਵਾਟਰ ਦੀ ਤਰ੍ਹਾਂ ਬੁਣ ਕੇ ਮਿੱਟੀ ਦੇ ਬਰਤਨ ਨੂੰ ਚੰਗੀ ਤਰ੍ਹਾਂ ਫਿੱਟ ਕਰ ਦਿੱਤਾ ਜਾਂਦਾ। ਤਾਂ ਜ਼ੋ ਉਹ ਵਿੱਚੋਂ ਨਿਕਲ ਨਾ ਜਾਵੇ। ਜ਼ਮੀਨ ਤੇ ਰੱਖਣ ਲਈ ਗੋਲ ਅਕਾਰ ਦਾ ਥੱਲਾ ਬੁਣੀਆਂ ਜਾਂਦਾ। ਉੱਪਰ ਹੱਥ ਵਿੱਚ ਫੜ੍ਹਨ ਲਈ ਤਿੰਨ ਹੱਥੇ ਬਣਾ ਦਿੱਤੇ ਜਾਂਦੇ ਆ।ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹਨਾ ਨੂੰ ਕਾਰੀਗਰ ਬਣਾਉਂਦੇ ਐਂ। ਬਿੱਜੜੇ ਪੰਛੀ ਦੇ ਆਲ੍ਹਣੇ ਵਰਗਾ ਗੁੰਦ ਕੇ ਤਿਆਰ ਹੋ ਕੇ ਬਜ਼ਾਰ ਵਿੱਚ ਚਲਾ ਜਾਂਦਾ।
ਕਾਂਗੜੀ ਨੂੰ ਸੁੰਦਰ ਤੇ ਖਿੱਚ ਭਰਪੂਰ ਬਣਾਉਣ ਲਈ ਇਸ ਦੀ ਬੁਣਤੀ ਡਿਜ਼ਾਈਨਦਾਰ ਚਮਕਦਾਰ ਚੀਜ਼ਾਂ ਤੇ ਰੰਗਾਂ ਨਾਲ ਪੇਂਟ ਕੀਤਾ ਜਾਂਦਾ। ਕੋਲਿਆਂ ਦੀ ਅੱਗ ਖਰੋਲਣ ਲਈ ਇਸ ਨਾਲ ਇੱਕ ਲੋਹੇ ਦੀ ਛੋਟੀ ਜਿਹੀ ਚੈਨ ਬੰਨ੍ਹ ਦਿੱਤੀ ਜਾਂਦੀ ਐ।ਇਸ ਦੇ ਦੂਸਰੇ ਹਿੱਸੇ ਤੇ ਲੋਹੇ,ਸਟੀਲ,ਪਿੱਤਲ, ਤਾਂਬੇ ਤੇ ਚਾਂਦੀ ਦੀ ਛੋਟੀ ਜਿਹੀ ਚਮਚੀ,ਖੁੱਰਚਣੀ ਜਾਂ ਚਿਮਟੀ ਬੰਨ੍ਹ ਦਿੱਤੀ ਜਾਂਦੀ ਐ।
ਆਮ ਕਾਂਗੜੀ ਸੌਂ ਡੇਢ ਸੌ ਤੋਂ ਲ਼ੈ ਕੇ ਦੋ ਤਿੰਨ ਹਜ਼ਾਰ ਤੱਕ ਦੀਆਂ ਵਿਕਦੀਆਂ ਨੇ।ਹਰ ਕੋਈ ਆਪਣੀ ਹੈਸੀਅਤ ਤੇ ਜ਼ੇਬ ਦੇ ਹਿਸਾਬ ਨਾਲ ਖ਼ਰੀਦਦਾ। ਘੁੰਮਣ ਫਿਰਨ ਦੇ ਸ਼ੌਕੀਨ ਵੀ ਕਾਂਗੜੀ ਨੂੰ ਆਪਣੇ ਘਰਾਂ ਵਿੱਚ ਡਰਾਇੰਗ ਰੂਮ, ਸੋ ਕੇਸ, ਬੈਂਡ ਰੂਮ ਨੂੰ ਸ਼ਿੰਗਾਰਨ ਵਾਸਤੇ ਲ਼ੈ ਕੇ ਆਉਂਦੇ ਐਂ।
ਆਪਣੇ ਕੰਮ ਧੰਦੇ ਸ਼ੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਕਾਂਗੜੀ ਨੂੰ ਤਿਆਰ ਕੀਤਾ ਜਾਂਦਾ। ਕਾਂਗੜੀ ਵਿੱਚ ਪਹਿਲਾਂ ਚੁੱਲ੍ਹੇ ਦੀ ਗਰਮ ਰਾਖ ਫੇਰ ਕੋਲ਼ੇ ਉਸ ਉੱਪਰ ਫੇਰ ਰਾਖ ਦੀ ਮੋਟੀ ਤੈਹ ਵਿੱਛਾ ਦਿੱਤੀ ਜਾਂਦੀ ਐ। ਕਾਂਗੜੀ ਨੂੰ ਚਲਾਉਣ ਲਈ ਚਿਨਾਰ ਦੇ ਸੁੱਕੇ ਪੱਤੇ, ਅਖਰੋਟ ਦਾ ਸਿੱਲਕਾ ਤੇ ਛੋਟੀਆਂ ਛੋਟੀਆਂ ਲੱਕੜਾਂ ਰੱਖ ਕੇ ਅੱਗ ਲਾਈ ਜਾਂਦੀ ਐ। ਅਖਰੋਟ ਦੀ ਲੱਕੜ ਬਹੁਤ ਵਧੀਆ ਮੰਨੀਂ ਜਾਂਦੀ ਐਂ। ਵਧੀਆ ਤਰੀਕੇ ਨਾਲ ਭਰ ਕੇ ਬਣਾਈ ਕਾਂਗੜੀ ਚੌਵੀ ਘੰਟੇ ਗਰਮ ਰਹਿੰਦੀ ਐਂ। ਜਦੋ ਵੀ ਕਾਂਗੜੀ ਫੈਰਨ ਵਿੱਚ ਫੜ੍ਹੀ ਹੋਈ ਹੱਥਾਂ ਨੂੰ ਘੱਟ ਛੇਕ ਦੇਵੇ ਤਾਂ ਨਾਲ ਬੰਨ੍ਹੀ ਹੋਈ ਚਿਮਟੀ ਨਾਲ ਅੱਗ ਹਲਕੀ ਖਰੋਲ ਦਿੱਤੀ ਜਾਂਦੀ ਐ। ਕਾਂਗੜੀ ਦੀ ਅੱਗ ਹੱਥ ਲੱਤਾਂ ਤੇ ਢਿੱਡ ਨੂੰ ਨਿੱਘ ਦਿੰਦੀ ਐਂ।
ਕਸ਼ਮੀਰ ਵਿੱਚ ਲੋਕ ਆਪਣੇ ਘਰਾਂ ਵਿੱਚ ਸੌਂਣ ਵਾਲੇ ਕਮਰਿਆਂ ਦੇ ਫ਼ਰਸ਼ ਤੇ ਸੌਂਦੇ ਆ। ਚੰਗੀ ਕੁਆਲਿਟੀ ਦੇ ਮੈਟ ਵਿੱਛਾਏ ਹੁੰਂਦੇ ਐਂ। ਜਿਹੜੇ ਲੋਕ ਕਾਂਗੜੀ ਨੂੰ ਫੜ੍ਹਨ ਵਿੱਚ ਜ਼ਿਆਦਾ ਨਿਪੁੰਨ ਹੋ ਜਾਂਦੇ ਐਂ ਜਾ ਜੋ ਰਾਤ ਨੂੰ ਸੁੱਤੇ ਪਏ ਪਾਸਾ ਨੀ ਬਦਲਦੇ ਉਹ ਇਸ ਨਿੱਘ ਦੇ ਕੁੱਜੇ ਨੂੰ ਨੂੰ ਰਜਾਈ ਵਿੱਚ ਰੱਖ ਕੇ ਸੌਂ ਜਾਂਦੇ ਐਂ। ਬਹੁਤੇ ਆਪਣੇ ਢਿੱਡ ਉੱਤੇ ਰੱਖ ਲੈਂਦੇ ਐਂ।ਇਸ ਤਰ੍ਹਾਂ ਕਰਨ ਨਾਲ ਖਤਰਾ ਵੀ ਬਣਿਆ ਰਹਿੰਦਾ।ਕਈ ਵਾਰ ਜ਼ਿਆਦਾ ਨੀਂਦ ਵਿੱਚ ਕਾਂਗੜੀ ਹੱਥ ਵਿੱਚੋਂ ਰਜਾਈ ਵਿੱਚ ਡਿੱਗ ਗਈ ਤਾਂ ਸਮਝੋ ਮੱਚ ਕੇ ਪਕੌੜੇ ਬਣ ਜਾਂਦੇ ਐਂ। ਕਾਂਗੜੀ ਦਾ ਧੂੰਆਂ ਵੀ ਸ਼ਰੀਰ ਲਈ ਹਾਨੀਕਾਰਕ ਹੁੰਦਾ। ਕਾਂਗੜੀ ਨਾਲ ਚਮੜੀ ਦੇ ਰੋਗ ਵੀ ਹੋ ਜਾਂਦੇ ਐਂ। ਢਿੱਡ ਦਾ ਕੈਂਸਰ ਵੀ ਹੋ ਜਾਂਦਾ। ਜ਼ਿਆਦਾ ਤਰ ਕਸ਼ਮੀਰੀ ਲੋਕਾਂ ਦੇ ਹੱਥਾਂ ਦੀਆਂ ਉਂਗਲਾਂ ਤੇ ਢਿੱਡ ਮੱਚ ਜਾਂਦਾ।
ਟੈਕਨੋਲੋਜੀ ਦੇ ਦੌਰ ਵਿੱਚ ਜਿੱਥੇ ਅਨੇਕਾਂ ਪ੍ਰਕਾਰ ਦੇ ਯੰਤਰ,ਰੂਮ ਹੀਟਰ, ਬੁਖ਼ਾਰੀ, ਪੈਟਰੋਲ ਸਟੋਵ ਆਦਿ ਆ ਗਏ ਪਰ ਕਸ਼ਮੀਰੀ ਕਾਂਗੜੀ ਨੇ ਕਸ਼ਮੀਰ ਅੰਦਰ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੋਈ ਐਂ। ਐਨੇ ਸਾਧਨ ਹੋਣ ਦੇ ਬਾਵਜੂਦ ਵੀ ਕਾਂਗੜੀ ਹਰ ਘਰ ਦੇ ਹਰ ਮੈਂਬਰ ਕੋਲ ਆਪਣੀ ਆਪਣੀ ਐਂ। ਰਿਸ਼ਤੇਦਾਰਾਂ ਦੀ ਆਉ ਭਗਤੀ ਕਰਨ ਲਈ ਪਹਿਲਾਂ ਕਾਂਗੜੀ ਪੇਸ਼ ਕੀਤੀ ਜਾਂਦੀ ਐ।। ਇੱਥੋਂ ਤੱਕ ਕੀ ਕੁੜੀਆਂ ਦੇ ਦਾਜ ਵਿੱਚ ਕਾਂਗੜੀ ਦਿੱਤੀ ਜਾਂਦੀ ਐ? ਅੰਤ ਇਹੀ ਕਹਾਂਗੇ ਕਾਂਗੜੀ ਕਸ਼ਮੀਰੀਆਂ ਦਾ ਇੱਕ ਸਰੀਰ ਨੂੰ ਗਰਮ ਰੱਖਣ ਵਾਲਾ ਗਹਿਣਾ ਐਂ।
Real Estate