ਨਹਿਲੇ ‘ਤੇ ਦਹਿਲਾ : ਪੁਲਸ ਨੇ ਕੁੱਟਿਆ ਜੇ.ਈ ਤਾਂ ਬਿਜਲੀ ਮਹਿਕਮੇ ਨੇ ਥਾਣੇ ‘ਤੇ ਮਾਰਿਆ ਛਾਪਾ

175

ਬਿਜਲੀ ਮਹਿਕਮੇ ਨੇ ਫੜਿਆ 12 ਕਿਲੋਵਾਟ ਵਾਧੂ ਲੋਡ ਤੇ ਥਾਣਾ ਕੋਤਵਾਲੀ ਬਰਨਾਲਾ ਨੂੰ ਠੋਕਿਆ 2 ਲੱਖ 40 ਰੁਪਏ ਜੁਰਮਾਨਾ
ਬਰਨਾਲਾ, 22 ਅਗਸਤ (ਜਗਸੀਰ ਸਿੰਘ ਸੰਧੂ) : ਬਿਜਲੀ ਬੋਰਡ ਦੇ ਜੇ.ਈ ਨੂੰ ਕੁੱਟਣਾ ਬਰਨਾਲਾ ਪੁਲਸ ਨੂੰ 2 ਲੱਖ 40 ਹਜ਼ਾਰ ਰੁਪਏ ਵਿੱਚ ਪੈ ਗਿਆ ਹੈ। ਹੋਇਆ ਇਹ ਕਿ ਬੀਤੀ 19 ਅਗਸਤ ਨੂੰ ਬਰਨਾਲਾ ਪੁਲਸ ਦੇ ਦੋ ਥਾਣੇਦਾਰ ਨੇ ਬਿਜਲੀ ਬੋਰਡ ਦਾ ਜੇ.ਈ ਕੁੱਟ ਧਰਿਆ ਤਾਂ ਬਿਜਲੀ ਬੋਰਡ ਵਾਲਿਆਂ ਨੇ ਥਾਣੇ ਸਿਟੀ-1 ਵਿੱਚ ਛਾਪਾਮਾਰੀ ਕਰਕੇ ਅਧਿਕਰਾਤ ਬਿਜਲੀ ਲੋਡ ਤੋਂ ਬਾਹਰੀ ਚਲਦੇ ਕਈ ਏ.ਸੀ ਫੜ ਲਏ ਅਤੇ 2 ਲੱਖ 40 ਹਜਾਰ ਰੁਪਏ ਜੁਰਮਾਨਾ ਕਰ ਠੋਕ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ 19 ਅਗਸਤ ਦੀ ਸਾਮ ਨੂੰ ਬਿਜਲੀ ਬੋਰਡ ਦਾ ਜੇ.ਈ ਜਗਦੀਪ ਸਿੰਘ ਜਦੋਂ ਆਪਣੀ ਡਿਊਟੀ ਖਤਮ ਕਰਕੇ ਆਪਣੀ ਗੱਡੀ ‘ਤੇ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਸਦਰ ਬਜਾਰ ਵਿੱਚ ਉਸਦੀ ਗੱਡੀ ਅੱਗੇ ਕਿਸੇ ਗੱਡੀ ਨੇ ਬਰੇਕ ਲਗਾ ਦਿੱਤੀ, ਜਿਸ ਕਾਰਨ ਉਸਨੇ ਵੀ ਆਪਣੀ ਗੱਡੀ ਰੋਕ ਲਈ, ਪਰ ਮਗਰੋਂ ਆ ਰਹੇ ਪੰਜਾਬ ਪੁਲਸ ਇੱਕ ਮੁਲਾਜਮ ਦਾ ਮੋਟਰਸਾਇਕਲ ਉਸਦੀ ਗੱਡੀ ਦੇ ਪਿਛੇ ਡਿੱਗ ਪਿਆ, ਜਿਸ ‘ਤੇ ਉਕਤ ਪੁਲਸ ਮੁਲਾਜਮ ਨੇ ਹੋਰ ਪੁਲਸ ਵਾਲੇ ਸੱਦ ਲਏ ਤਾਂ ਦੋ ਸਹਾਇਕ ਥਾਣੇਦਾਰਾਂ ਤੇ ਇੱਕ ਸਿਪਾਹੀ ਵੱਲੋਂ ਜੇ.ਈ ਜਗਦੀਪ ਸਿੰਘ ਨੂੰ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਗਈ, ਬੁਰਾ ਭਲਾ ਬੋਲਿਆ ਅਤੇ ਬਦਸਲੂਕੀ ਕੀਤੀ ਗਈ। ਜਦੋਂ ਕਿ ਜਗਦੀਪ ਸਿੰਘ ਨੇ ਵਾਰ ਵਾਰ ਦੱਸਿਆ ਵੀ ਕਿ ਉਹ ਪਾਵਰਕਾਮ ਬਰਨਾਲਾ ਵਿਖੇ ਜੇ.ਈ ਹੈ, ਪਰ ਪੁਲਸ ਵਾਲਿਆਂ ਇੱਕ ਨਹੀਂ ਸੁਣੀ, ਸਗੋਂ ਜੇ.ਈ ਦੇ ਪਰਵਾਰ ਸਾਹਮਣੇ ਵੀ ਉਸਦੀ ਬੇਇੱਜਤੀ ਕੀਤੀ ਗਈ। ਪਾਵਰਕਾਮ ਦੇ ਐਸ.ਡੀ.ਓ ਵੱਲੋਂ ਇਸ ਘਟਨਾ ਸਬੰਧੀ ਐਸ.ਐਸ.ਪੀ ਬਰਨਾਲਾ ਨੂੰ ਲਿਖਤੀ ਸਕਾਇਤ ਵੀ ਕੀਤੀ ਗਈ ਹੈ, ਜਿਸ ਵਿੱਚ ਜੇ.ਈ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਨਾਲ 5 ਹਜਾਰ ਰੁਪਏ ਰਿਸਵਤ ਲੈਣ ਦੇ ਵੀ ਦੋਸ਼ ਲਾਏ ਹਨ। ਉਧਰ ਅੱਜ ਪਾਵਰਕਾਮ ਦੇ ਐਸ.ਡੀ.ਓ ਬਰਨਾਲਾ ਸਹਿਰੀ ਦੀ ਅਗਵਾਈ ਵਿੱਚ ਬਿਜਲੀ ਮੁਲਾਜਮਾਂ ਨੇ ਥਾਣਾ ਸਿਟੀ-1 ‘ਤੇ ਛਾਪਾ ਮਾਰਿਆ, ਜਿਸ ਵਿੱਚ ਵੱਡੀ ਪੱਧਰ ‘ਤੇ ਬਿਜਲੀ ਚੋਰੀ ਫੜੀ ਗਈ। ਪਾਵਰਕਾਮ ਦੇ ਈ.ਆਰ ਆਰ ਪੀ ਸਿੰਘ ਮੁਤਾਬਿਕ ਥਾਣਾ ਸਿਟੀ ਦਾ ਰਿਕਾਰਡ ਲੋਡ 18 ਕਿਲੋਵਾਟ ਹੈ, ਜਦਕਿ 30 ਕਿਲੋਵਾਟ ਤੋਂ ਵੱਧ ਲੋਡ ਚੱਲ ਰਿਹਾ ਸੀ, ਜੋ ਮੀਟਰ ਤੋਂ ਬਾਹਰੀ ਸੀ। ਇਸ ਲਈ ਬਿਜਲੀ ਦੀ ਵਰਤੋਂ ਦਾ ਸਾਰਾ ਹਿਸਾਬ ਕਿਤਾਬ ਲਗਾ ਕੇ ਥਾਣਾ ਸਿਟੀ-1 ਕੋਤਵਾਲੀ ਨੂੰ 2 ਲੱਖ 40 ਰੁਪਏ ਜੁਰਮਾਨਾ ਕੀਤਾ ਗਿਆ ਹੈ।

Real Estate