ਕਨੈਡਾ ‘ਚ ਮਰੇ ਗੀਤਕਾਰ ਗੁਰਵਿੰਦਰ ਦਾ ਪਿੰਡ ਕੁਰੜ ਵਿਖੇ ਅੰਤਿਮ ਸਸਕਾਰ

203

ਮਹਿਲ ਕਲਾਂ, 22 ਅਗਸਤ (ਗੁਰਮੁੱਖ ਸਿੰਘ ਹਮੀਦੀ) : ਕੈਨੇਡਾ ‘ਚ ਮੌਤ ਦੇ ਮੂੰਹ ‘ਚ ਗਏ ਉੱਭਰਦੇ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਦੀ ਲਾਸ਼ ਕੈਨੇਡਾ ਤੋਂ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੁਰੜ ਪੁੱਜਣ ‘ਤੇ ਮਾਹੌਲ ਗਮਗੀਨ ਹੋ ਗਿਆ। ਪਰਿਵਾਰਕ ਮੈਂਬਰਾਂ, ਗ੍ਰਾਮ ਪੰਚਾਇਤ, ਸਮੂਹ ਪਿੰਡ ਵਾਸੀਆਂ ਤੇ ਸਿਆਸੀ ਆਗੂਆਂ ਦੀ ਮੌਜੂਦਗੀ ‘ਚ ਉਸ ਦਾ ਸਸਕਾਰ ਕਰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਗੀਤਕਾਰ ਦੀ ਮੌਤ ਕੈਨੇਡਾ ‘ਚ 29 ਜੁਲਾਈ ਨੂੰ ਹੋ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਪਿੰਡ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮਿਲ ਕੇ ਗੁਹਾਰ ਲਾਈ ਗਈ ਸੀ। ਵਿਧਾਇਕ ਪੰਡੋਰੀ ਨੇ ਮਾਮਲਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਧਿਆਨ ‘ਚ ਲਿਆਂਦਾ ਤਾਂ ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਤਕ ਪਹੁੰਚ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਗੁਰਵਿੰਦਰ ਸਿੰਘ ਦੀ ਲਾਸ਼ ਅੱਜ ਜੱਦੀ ਪਿੰਡ ਕੁਰੜ ਵਿਖੇ ਲਿਆਂਦੀ ਗਈ।ਇਸ ਸਮੇਂ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰਵਿੰਦਰ ਸਿੰਘ ਦੀ ਮੌਤ ‘ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਤੇ ਰਾਜ ਸਰਕਾਰਾਂ ਦੇਸ਼ ਤੇ ਰਾਜ ਅੰਦਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਤਾਂ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਰੁਜ਼ਗਾਰ ਲਈ ਜਾ ਕੇ ਆਪਣੀਆਂ ਕੀਮਤੀ ਜਾਨਾਂ ਨਾ ਗਵਾਉਣੀਆਂ ਪੈਣ। ਅੱਜ ਦੁੱਖ ਦੀ ਘੜੀ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪਰਿਵਾਰ ਨਾਲ ਖੜ੍ਹੀ ਹੈ। ਪੰਚਾਇਤ ਨੇ ਸਮੂਹ ਪਰਿਵਾਰ ਵੱਲੋਂ ਭਗਵੰਤ ਮਾਨ ਦਾ ਧੰਨਵਾਦ ਕੀਤਾ।

Real Estate