ਲਗਤਾਰ ਵਧਦੇ ਤਾਪਮਾਨ, ਜੰਗਲੀ ਅੱਗ ਤੇ ਅਸਮਾਨੀ ਬਿਜਲੀ ਦੇ ਕਹਿਰ ਨੇ ਕੈਲੀਫੋਰਨੀਆ ਨੂੰ ਧੂੰਏਂ ਦੇ ਗ਼ੁਬਾਰ ਵਿੱਚ ਜਕੜਿਆ

187

ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਅਮਰੀਕਾ (ਕੈਲੀਫੋਰਨੀਆ) 21 ਅਗਸਤ 2020
ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਇਸ ਸਮੇਂ ਜੰਗਲੀ ਅੱਗ ਨੇ ਜਨ-ਜੀਵਨ ਨੂੰ ਬੁਰੀ ਤਰਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ। ਕੈਲੀਫੋਰਨੀਆ ਸਟੇਟ ਦੀਆਂ ਕਈ ਕਾਉਂਟੀਆਂ ਅੰਦਰ ਇਸ ਸਮੇਂ ਜੰਗਲੀ ਅੱਗ ਕਾਰਨ ਜਿੱਥੇ ਲੱਖਾਂ ਏਕੜ ਜੰਗਲ਼ ਸੜਕੇ ਸਵਾਹ ਹੋ ਗਿਆ, ਉੱਥੇ ਇਸ ਅੱਗ ਕਾਰਨ ਕਈ ਸਾਰੇ ਘਰ ਤੇ ਟ੍ਰੇਲਰ ਹੋਮਜ਼ ਵੀ ਅਗਨ ਭੇਂਟ ਹੋ ਗਏ। ਇਸ ਅੱਗ ਕਾਰਨ ਇੱਕ ਪਾਸੇ ਧੂੰਏਂ ਕਾਰਨ ਪ੍ਰਦੂਸ਼ਨ ਦਾ ਲੈਵਲ ਐਨਾਂ ਵੱਧ ਚੁੱਕਿਆ ਹੈ ਕਿ ਦਮੇਂ ਦੇ ਮਰੀਜ਼ਾ ਨੂੰ ਸ਼ਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ, ‘ਤੇ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਮਾੜੀ ਸਿਹਤ ਵਾਲੇ ਲੋਕ ਘਰਾਂ ਅੰਦਰ ਹੀ ਰਹਿਣ। ਪਿਛਲੇ ਪੰਦਰਾਂ ਦਿਨ ਤੋਂ ਗਰਮੀ ਨੇ ਲੋਕਾਂ ਦਾ ਜਿਉਣਾਂ ਦੁੱਭਰ ਕੀਤਾ ਪਿਆ ਹੈ, ਪਾਰਾ 100 ਤੋਂ ਲੈਕੇ 109 ਦਰਜੇ ਤੱਕ ਚੱਲ ਰਿਹਾ ਹੈ। ਇਸ ਸਭ ਦੇ ਨਾਲ ਨਾਲ ਆਸਮਾਨੀ ਬਿਜਲੀ ਵੀ ਇਕ ਵੱਡੀ ਆਫਤ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਿਕ ਇੱਥੇ ਪਿਛਲੇ 72 ਘੰਟੇ ਵਿਚ 11,000 ਤੋਂ ਜ਼ਿਆਦਾ ਵਾਰ ਬਿਜਲੀ ਕੜਕੀ।ਇਸ ਕਾਰਨ ਲੱਗੀ ਅੱਗ ਨੇ ਅਥਾਰਿਟੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕੈਲੀਫੋਰਨੀਆ ਵਿੱਚ ਅਸਮਾਨੀ ਬਿਜਲੀ ਦੇ ਕਹਿਰ ਕਾਰਨ 300 ਤੋਂ ਵਧੇਰੇ ਥਾਂਵਾਂ ਤੇ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ ਹਨ। ਅੱਗ ਦੇ ਡਰ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਗਵਰਨਰ ਗਾਵਿਨ ਨਿਊਸੋਮ ਨੇ ਰਾਜ ਵਿਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੋਈ ਹੈ। ਫਾਇਰ ਫਾਈਟਰਜ਼ ਜ਼ਮੀਨ ਅਤੇ ਅਸਮਾਨ ਤੋਂ ਪਾਣੀ ਅਤੇ ਕੈਮੀਕਲ ਵਰਸਾਕੇ ਅੱਗ ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

Real Estate