ਅਖੌਤੀ ਦਸਮ ਗ੍ਰੰਥ ਦਾ ਪਾਜ ਉਧੇੜਦੇ ਸਵਾਲ

289
Punjabi News Online
Punjabi News Online

ਅਵਤਾਰ ਸਿੰਘ ਮਿਸ਼ਨਰੀ (5104325827)

ਨੋਟ-ਹਰੇਕ ਵੱਖਰੀ ਕੌਮ ਲਈ ਇਕ ਗ੍ਰੰਥ, ਪੰਥ, ਸਵਿਧਾਨ, ਵਿਧਾਨ ਤੇ ਕੈਲੰਡਰ ਹੋਣਾ ਜਰੂਰੀ ਹੈ।

 1. ਕੀ ਕੋਈ ਵਿਅਕਤੀ ਸਰੀਰ ਕਰਕੇ ਖਤਮ ਹੋ ਜਾਣ ਤੋਂ ਬਾਅਦ ਗ੍ਰੰਥ ਲਿਖ ਸਕਦਾ ਹੈ?
 1. ਕੀ 18ਵੀਂ ਸਦੀ ਦਾ ਲਿਖਿਆ ਗ੍ਰੰਥ 17ਵੀਂ ਸਦੀ ‘ਚ ਜੋਤੀ ਜੋਤਿ ਸਮਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਜਾ ਸਕਦਾ ਹੈ?
 1. ਇਸ ਅਖੌਤੀ ਗ੍ਰੰਥ ਨੂੰ ਕਦੋਂ, ਕਿੱਥੇ ਅਤੇ ਕਿਹੜੇ ਗੁਰੂ ਸਾਹਿਬਾਨ ਨੇ ਗੁਰਗੱਦੀ ਦਿੱਤੀ ਸੀ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੁਰੂ ਗ੍ਰੰਥ ਸਾਹਿਬ ਜਾਂ ਅਖੌਤੀ ਦਸਮ ਗ੍ਰੰਥ ਨੂੰ ਦਿੱਤੀ?
 2. ਸ੍ਰ. ਜਸਬਿੰਦਰ ਸਿੰਘ ਡੁਬਈ ਵਾਲਿਆਂ ਨੇ ਪੰਜ ਕਰੋੜ ਰੁਪਏ ਦਾ ਇਨਾਮ ਰੱਖਿਐ, ਕੋਈ ਪਰੂਫਾਂ ਸਾਹਿਤ ਦੱਸੇ ਕਿ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ? ਪਰ ਅੱਜ ਤੱਕ ਕਿਸੇ ਨਹੀਂ ਦੱਸਿਆਂ ਕਿਉਂ?
 3. ਕੀ ਅਸ਼ਲੀਲ ਰਚਨਾਵਾਂ ਅਤੇ ਨਸ਼ਿਆਂ ਵਾਲੇ ਗ੍ਰੰਥ ਦੇ ਕਰਤਾ ਦਸ਼ਮੇਸ਼ ਜੀ ਸਨ? ਜੇ ਨਹੀਂ ਤਾਂ ਕਿਸ ਦੋਖੀ ਨੇ ਉਨ੍ਹਾਂ ਨੂੰ ਦਸਮ ਗ੍ਰੰਥ ਦਾ ਕਰਤਾ ਲਿਖਿਆ ਹੈ?
 4. ਜੇ ਭਾਈ ਰਣਧੀਰ ਸਿੰਘ ਜੀ ਅਨੁਸਾਰ ਰਾਗ ਮਾਲਾ ਜਿਸਦਾ ਕੋਈ ਲਿਖਾਰੀ ਨਹੀਂ, ਗੁਰਬਾਣੀ ਨਹੀਂ ਤਾਂ ਬਚਿਤ੍ਰ ਨਾਟਕ ਜਿਸਦੇ ਲਿਖਾਰੀ ਦਾ ਕੋਈ ਅਤਾ-ਪਤਾ ਨਹੀਂ ਗੁਰਬਾਣੀ ਕਿਵੇਂ ਹੋ ਸਕਦਾ ਹੈ?
 5. ਕੁਝਕੁ ਚੰਗੀਆਂ ਤੇ ਬਾਕੀ ਸਭ ਗੰਦੀਆਂ, ਮਨਮੱਤੀ ਅਤੇ ਮਨੁੱਖਤਾ ਵਿਰੋਧੀ ਰਚਨਾਵਾਂ ਨੂੰ ਰਲਗਡ ਕਿਸ ਨੇ ਕੀਤਾ?
 6. ਪੁਸਤਕ ਬਚਿਤ੍ਰ ਨਾਟਕ ਦਾ ਬਾਰ-ਬਾਰ ਨਾਂ ਬਦਲਨ ਦੀ ਇਜ਼ਾਜ਼ਤ ਕਿਸ ਨੇ ਤੇ ਕਿਉਂ ਦਿੱਤੀ? ਕੀ ਕਿਸੇ ਨੂੰ ਅਧਿਕਾਰ ਹੈ ਕਿ ਉਹ ਕਿਸੇ ਦੂਜੇ ਲਿਖਾਰੀ ਦੇ ਲਿਖੇ ਗ੍ਰੰਥ ਦਾ ਨਾਂ ਬਦਲ ਦੇਵੇ? ਜੇ ਨਹੀਂ ਤਾਂ ਬਚਿਤ੍ਰ ਨਾਟਕ ਦਾ ਨਾਂ ਕਿਉਂ ਅਤੇ ਕਿਸ ਨੇ ਬਦਲਿਆ?

ਅਖੌਤੀ ਦਸਮ ਗ੍ਰੰਥ ਦੇ ਵੱਖ ਵੱਖ ਨਾਮ ਕਿਉਂ ਰੱਖੇ ਗਏ? ਜਿਵੇਂ ਬਚਿਤ੍ਰ ਨਾਟਕ, ਦਸਵੇਂ ਪਾਤਸ਼ਾਹ ਕਾ ਗ੍ਰੰਥ, ਦਸਮ ਗਰੰਥ ਅਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ। ਵੱਖ ਵੱਖ ਬੀੜਾਂ ਵਿੱਚ, ਪਾਠ ਭੇਦ ਕਿਉਂ ਅਤੇ ਰਚਨਾਵਾਂ ਮੇਲ ਕਿਉਂ ਨਹੀਂ ਖਾਂਦੀਆਂ ਹਨ?

 1. ਕੀ ਗੁਰੂ ਗੋਬਿੰਦ ਸਿੰਘ ਜੀ ਦੇ ਤਖੱਲਸ ਦਸਮ ਪਾਤਸ਼ਾਹ, ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼, ਕਲਗੀਧਰ, ਸ਼ਾਹਿਨਸ਼ਾਹ, ਪੁੱਤਰਾਂ ਦੇ ਦਾਨੀ, ਕਲਮ ਦੇ ਧਨੀ, ਸੰਤ-ਸਿਪਾਹੀ, ਸ਼ਮਸ਼ੀਰੇ-ਬਹਾਦਰ, ਸ਼ਾਹ-ਸਵਾਰ, ਸਿੰਘ-ਸਾਹਿਬ ਅਤੇ ਖਾਲਸਾ ਆਦਕਿ ਜਾਂ ਰਾਮ, ਸ਼ਾਮ, ਕਾਲ ਅਤੇ ਮਹਾਂਕਾਲ ਆਦਿਕ ਸਨ?
 2. ਜਿਸ ਮਹਾਂਕਾਲ ਦਾ ਸਿੱਖ ਬਣਨ ਲਈ ਮਧੁਰਾ ਪੀਣੀ ਤੇ ਨਸ਼ੇ ਸੇਵਨ ਕਰਨੇ ਪੈਣ ਉਸ ਦਾ ਦਸਮੇਸ਼ ਨਾਲ ਕੀ ਸਬੰਧ ਹੋ ਸਕਦਾ ਹੈ?
 3. ਚੁਣ ਚੁਣ ਛਤੁਰ ਹਮਾਰੈ ਮਾਰੀਐ” (ਦਸਮ ਗ੍ਰੰਥ) ਕੀ ਇਹ ਗੁਰਮਤਿ ਹੈ? ਜਦ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾਂ ਕੇ ਸਾਜਨ” (ਗੁਰੂ ਗ੍ਰੰਥ) ਦਾ ਸਿਧਾਂਤ ਹੈ?
 4. ਦੱਸੋ ਇਸ ਅਖੌਤੀ ਦਸਮ ਗ੍ਰੰਥ ਤੋਂ ਪਹਿਲੇ ਨੌਂ ਗ੍ਰੰਥ ਕਿਹੜੇ ਅਤੇ ਕਿੱਥੇ ਕਿੱਥੇ ਪ੍ਰਕਾਸ਼ ਹਨ?
 5. ਕੀ “ਸ਼ਬਦ ਗੁਰੂ ਗ੍ਰੰਥ” ਤੋਂ ਇਲਾਵਾ ਬਾਹਰੀ ਕਿਸੇ ਵੀ ਗ੍ਰੰਥ ਦੀ ਅਸ਼ਲੀਲ ਰਚਨਾ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਜਾ ਸਕਦਾ ਹੈ?
 6. ਕੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਬਾਕੀ ਭਗਤਾਂ ਤੇ ਸਿੱਖ ਗੁਰੂਆਂ ਤੋਂ ਵੱਖਰਾ ਅਤੇ ਸਿੱਖਾਂ ਦੇ ਮੁਖੀ ਗੁਰੂ ਨਾਨਕ ਨਹੀਂ ਸਨ?
 7. ਕੀ ਅਕਾਲ ਪੁਰਖ ਨੇ ਉਨ੍ਹਾਂ ਨੂੰ ਆਪਣਾ ਪੁੱਤ੍ਰ ਨਿਵਾਜ ਕੇ ਕੋਈ ਨਵਾਂ ਪੰਥ (ਮੈ ਆਪਣਾ ਸੁਤ ਤੋਹਿ ਨਿਵਾਜਾ॥ਪੰਥ ਪ੍ਰਚੁਰ ਕਰਬੇ ਕਉ ਸਾਜਾ (ਦਸਮ ਗ੍ਰੰਥ) ਚਲਾਉਣ ਦਾ ਹੁਕਮ ਦਿੱਤਾ ਸੀ? ਕੀ ਬਾਕੀ ਭਗਤ ਅਤੇ ਸਿੱਖ ਗੁਰੂ ਸਾਹਿਬਾਂਨ ਰੱਬੀ ਪੁੱਤ੍ਰ ਨਹੀਂ ਸਨ?
 8. ੬ ਗੁਰੂਆਂ, ੧੫ ਭਗਤਾਂ, ੧੧ ਭੱਟਾਂ ਅਤੇ ੩ ਗੁਰਸਿੱਖਾਂ ਦੀ ਬਾਣੀ “ਸ਼ਬਦ ਗੁਰੂ ਗ੍ਰੰਥ” ਵਿਖੇ ਅੰਕਤ ਹੈ। ਉਨ੍ਹਾਂ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਬਦ ਗੁਰੂ ਗ੍ਰੰਥ ਵਿਖੇ ਚੜ੍ਹਾਈ ਜੇ ਆਪਣੀ ਹੁੰਦੀ ਤਾਂ ਕਿਉਂ ਨਾਂ ਚੜ੍ਹਾਉਂਦੇ?
 9. ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਅਤੇ ਖੰਡੇ ਦੀ ਪਾਹੁਲ ੧੬੯੯ ਤੱਕ ਸਿੱਖਾਂ ਦਾ ਨਿਤਨੇਮ ਕਿਹੜਾ ਸੀ?
 10. ਦਸ਼ਮੇਸ਼ ਨੇ ਬਾਕੀ ਗੁਰੂਆਂ ਵਾਂਗ ਆਪਣੀ ਰਚਨਾ ਵਿੱਚ ਮਹੱਲੇ ਦੀ ਥਾਂ ਪਾ: ੧੦ਵੀਂ ਕਿਉਂ ਵਰਤਿਆ? ਨਾਨਕ ਨਾਮ ਦੀ ਮੋਹਰ ਕਿਉਂ ਨਹੀਂ ਲਾਈ? ਕੀ ਦਸਵੇਂ ਗੁਰੂ ਵਿੱਚ ਜੋਤਿ ਬਾਕੀ ਗੁਰੂਆਂ ਤੋਂ ਵੱਖਰੀ ਸੀ?
 11. ਜੇ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਗੁਰਬਾਣੀ ਹੈ ਤਾਂ ਸਿੱਖ ਰਹਿਤ ਮਰਯਾਦਾ ਵਿਖੇ ਇਸ ਦਾ ਕੀਰਤਨ ਕਰਨ ਦਾ ਜਿਕਰ ਕਿਉਂ ਨਹੀਂ? ਇਹ ਕਿਉਂ ਲਿਖਿਆ ਹੈ ਕਿ “ਗੁਰੂ ਗ੍ਰੰਥ” ਤੁੱਲ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ?
 12. “ਸ਼ਬਦ ਗੁਰੂ ਗ੍ਰੰਥ” ਵਿੱਚ ਸ੍ਰਿਸ਼ਟੀ ਰਚਨਾ ਕਰਤਾਰ ਤੋਂ ਹੋਈ ਮੰਨੀ, ਦਸਮ ਗ੍ਰੰਥ ਕਿਸੇ ਦੈਂਤ ਦੇ ਕੰਨ ਦੀ ਮੈਲ ਤੋਂ ਮੰਨਦਾ ਹੈ?
 13. ਜਿਸ ਔਰਤ ਨੂੰ, ਗੁਰੂ ਨਾਨਕ ਸਾਹਿਬ ਵਡਿਆਈ ਦਿੰਦੇ ਹੋਣ, ਕੀ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਉਸ ਨੂੰ ਨੀਵਾਂ ਅਤੇ ਮੰਦਾ ਲਿਖ ਸਕਦੇ ਸਨ? ਮਰਦ ਆਪਣੀ ਪਤਨੀ ਨੂੰ ਦਿਲ ਦਾ ਭੇਦ ਨਾਂ ਦੱਸੇ (ਦਸਮ ਗ੍ਰੰਥ) ਕੀ ਇਹ ਗੁਰਮਤਿ ਹੈ?
 14. ਕੀ ਤ੍ਰਿਆ ਚ੍ਰਿਤਰ ਵਰਗੀ ਕਾਮ ਉਕਸਾਊ ਅਤੇ ਨਸ਼ਾ ਗ੍ਰਸਤ ਗੰਦੀ ਰਚਨਾਂ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋ ਸਕਦੀ ਹੈ?
 15. ਕੀ ਸਿੱਖ ਨੂੰ ਕਿਸੇ ਵੀ ਪ੍ਰਕਾਰ ਦਾ ਮਾਰੂ ਨਸ਼ਾ ਅਤੇ ਸੱਤ ਵਾਰ ਕੱਢੀ ਸ਼ਰਾਬ ਸੇਵਨ ਕਰਨੀ ਚਾਹੀਦੀ ਹੈ?
 16. ਕੀ ਸੈਕਸ ਲਈ ਨਾਂ ਮੰਨਣ ਵਾਸਤੇ ਔਰਤ ਨੂੰ ਮਰਦ ਦਾ ਗੁਪਤ ਅੰਗ ਕੱਟ ਦੇਣਾ ਅਤੇ ਲੜਕੇ ਦੀ ਗੁਦਾ ਵਿੱਚ ਭੱਖੜੇ ਦਾ ਕੰਡਾ ਖਬੋਣਾ ਚਾਹੀਦਾ ਹੈ?ਜੇ ਨਹੀਂ ਤਾਂ ਅਜਿਹੀ ਰਚਨਾ ਗੁਰੂ ਗੋਬਿੰਦ ਸਿੰਘ ਦੇ ਨਾਂ ਕਿਉਂ ਤੇ ਕਿਸ ਨੇ ਮੜ੍ਹੀ?
 17. ਕੀ ਦਸਮ ਗ੍ਰੰਥ ਅਨੁਸਾਰ ਤੀਰਥ ਯਾਤਰਾ, ਯੱਗ ਹਵਨ ਕਰਨੇ ਅਤੇ ਜਾਨਵਰਾਂ ਦੀਆਂ ਬਲੀਆਂ ਦੇਣੀਆਂ ਗੁਰਮਤਿ ਕਰਮ ਹਨ?
 18. ਕੀ ਜਾਤਿ, ਬਰਾਦਰੀ ਤੇ ਊਚ-ਨੀਚ ਕੁਲਾਂ ਨੂੰ ਗੁਰਮਤਿ ਮਾਨਤਾ ਦਿੰਦੀ ਹੈ? ਜੇ ਨਹੀਂ ਤਾਂ ਅਖੌਤੀ ਦਸਮ ਗ੍ਰੰਥ ਵਿਖੇ ਐਸਾ ਕਿਉਂ ਹੈ? ਕਿ-ਛਤਰੀ ਕਉ ਪੂਤ ਹਉਂ ਬਾਮਣ ਕਉ ਨਾਹਿ॥ (ਦਸਮ ਗ੍ਰੰਥ)
 19. ਕੀ ਕੇਵਲ ਬਾਮਣਾਂ ਨੂੰ ਦਾਨ ਦੇਣਾ ਤੇ ਦੂਜਿਆਂ ਨੂੰ ਘੂਰਨਾ ਗੁਰਮਤਿ ਹੈ? ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸ਼ਟਿ ਦਿਖੈਯਹੁ॥
 20. ਕੀ ੨੧ ਤੇ ੨੩ ਵਾਲੇ ਚਰਿਤ੍ਰਾਂ ਅਨੁਸਾਰ ਭੇਸ ਬਦਲ ਕੇ ਪਰਾਈ ਔਰਤ ਕੋਲ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਹੋ ਸਕਦੇ ਹਨ?
 21. ਕੀ ਕੋਈ ਇੱਕ ਹੇਮ (ਬਰਫ) ਦਾ ਕੁੰਡ ਸਿੱਖਾਂ ਦਾ ਧਰਮ ਅਸਥਾਨ ਹੋ ਸਕਦੈ ਜਿਸ ਦੀ ਕਥਾ ਪਿਛਲੇ ਜਨਮ ਨਾਲ ਜੋੜੀ ਗਈ ਹੈ? ਜਦ ਕਿ ਦੁਨੀਆਂ ਵਿੱਚ ਅਨੇਕਾਂ ਹੀ ਹੇਮਕੁੰਡ (ਬਰਫ ਦੇ ਕੁੰਡ) ਹਨ।
 22. ਕੀ ਗੁਰਮਤਿ ਪਿਛਲੇ ਜਨਮ ਜਾਂ ਪਹਿਲੀ ਉਮਰ ਦੇ ਕਰਮਾਂ ਨੂੰ ਮਾਨਤਾ ਦਿੰਦੀ ਹੈ? ਜੇ ਹਾਂ ਤਾਂ ਬਾਬਾ ਲਹਿਣਾ ਪਹਿਲੇ ਦੇਵੀ ਭਗਤ ਅਤੇ ਬਾਬਾ ਅਮਰਦਾਸ ਤੀਰਥ ਸੇਵੀ ਸਨ। ਕੀ ਫਿਰ ਅੱਜ ਸਿੱਖਾਂ ਨੂੰ ਵੀ ਦੇਵੀ ਭਗਤ ਅਤੇ ਤੀਰਥ ਸੇਵੀ ਹੋਣਾ ਚਾਹੀਦਾ ਹੈ?
 23. ਕੀ ਸਿੱਖਾਂ ਦਾ ਗੁਰੂ, ਸ਼ਬਦ ਜਾਂ ਵੱਖ-ਵੱਖ ਸ਼ਸ਼ਤਰ ਹਨ? …ਜਹੀ ਹਮਾਰੈ ਪੀਰ॥(ਦਸਮ ਗ੍ਰੰਥ)
 24. ਕੀ ਗੁਰੂ ਗੋਬਿੰਦ ਸਿੰਘ ਚੰਡੀ ਦੇ ਪੁਜਾਰੀ ਸਨ? ਜੇ ਨਹੀਂ ਤਾਂ ਇਹ ਕਿਉਂ ਲਿਖਿਆ? ਦੁਰਗਾ ਪਾਠ ਬਣਾਇਆ ਸਭੇ ਪਾਉੜੀਆਂ॥ ਫੇਰਿ ਨ ਜੂਨੀ ਆਇਆ ਜਿਨਿ ਇਹੁ ਗਾਇਆ॥(ਦਸਮ ਗ੍ਰੰਥ)
 25. ਕੀ ਗੁਰੂ ਗੋਬਿੰਦ ਸਿੰਘ ਜੀ ਭੁਲੱਕੜ ਸਨ? ਭੂਲ ਹੋਇ ਤਉ ਲਿਓ ਸਧਾਰੋ॥ ਅਤੇ ਗਇਉ ਯਾਦ ਤੇ ਭੂਲ (ਦਸਮ ਗ੍ਰੰਥ) ਜਦ ਕਿ ਗੁਰੂ  ਕਰਤਾਰ ਕਦੇ ਭੁੱਲਦੇ ਨਹੀਂ-ਭੁਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰੁ॥(ਸ਼ਬਦ ਗੁਰੂ ਗ੍ਰੰਥ)
 26. ਕੀ ਗੁਰੂ ਗੋਬਿੰਦ ਸਿੰਘ ਕਪਾਲ ਮੋਚਨ ਤੀਰਥ ‘ਤੇ ਯਾਤਰੂਆਂ ਦੀਆਂ ਧੋਖੇ ਅਤੇ ਧੱਕੇ ਨਾਲ ਪੱਗਾਂ ਲਾਹ ਕੇ, ਸਿੱਖਾਂ ਨੂੰ ਸਿਰਪਾਓ ਦੇ ਸਕਦੇ ਸਨ? ਜੋ ਇਸ ਗ੍ਰੰਥ ਵਿੱਚ ਲਿਖਿਆ ਹੈ।
 27. ਕੀ ਅਯਾਸ਼ੀ, ਵਰ-ਸਰਾਪ ਦੇ ਕੇ ਡਰੌਨ ਅਤੇ ਮਨੁੱਖਤਾ ਦਾ ਖੂਨ ਪੀਣ ਵਾਲੇ ਮਨੋਕਲਪਿਤ ਦੇਵੀ-ਦੇਵਤਿਆਂ ਦੀਆਂ ਮਿਥਿਹਾਸਕ ਤੇ ਰੋਮਾਂਟਿਕ ਕਥਾ ਕਹਾਣੀਆਂ ਗੁਰੂ ਜੀ ਲਿਖ ਸਕਦੇ ਸਨ? ਤੇ ਇਨ੍ਹਾਂ ਦੀ ਹੱਦੋਂ ਵੱਧ ਉਸਤਤਿ ਕਰਨੀ, ਸਿੱਖਾਂ ਨੂੰ ਕੀ ਸਿਖਿਆ ਦਿੰਦੀ ਹੈ? ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ॥ (ਦ.ਗ-੨੫੫)
 28. ਜਿਹੜੇ ਗ੍ਰੰਥ ਜਾਂ ਪੁਸਤਕ ਦੀ ਰਚਨਾ ਘਰ-ਪ੍ਰਵਾਰ, ਸਭਾ-ਸੁਸਾਇਟੀ, ਪਿਉ-ਪੁੱਤ੍ਰ, ਪਤੀ-ਪਤਨੀ, ਮਾਂ-ਧੀ, ਸਕੂਲਾਂ, ਕਾਲਜਾਂ, ਰੇਡੀਓ, ਟੀ.ਵੀ. ਅਤੇ ਧਰਮ ਅਸਥਾਨਾਂ ਵਿੱਚ ਨਿਝੱਕ ਹੋ ਕੇ ਨਾਂ ਪੜ੍ਹੀ ਜਾ ਸੱਕੇ, ਕੀ ਉਹ ਗੁਰਬਾਣੀ ਹੋ ਸਕਦੀ ਹੈ?
 29. ਦਮਦਮੀ ਟਕਸਾਲ ਅਤੇ ਨਿਹੰਗ ਜਥੇਬੰਦੀਆਂ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਸਿੱਖ ਰਹਿਤ ਮਰਯਾਦਾ ਦੇ ਉਲਟ “ਸ਼ਬਦ ਗੁਰੂ ਗ੍ਰੰਥ” ਦੇ ਬਰਾਬਰ ਕਰਦੀਆਂ ਹਨ। ਕੀ ਅਜਿਹਾ ਕਰਨਾ “ਸ਼ਬਦ ਗੁਰੂ” ਦੀ ਤੌਹੀਨ ਨਹੀਂ? ਜੇ ਹੈ ਤਾਂ ਪੰਥ ਇਨ੍ਹਾਂ ਨੂੰ ਤਲਬ ਕਰਕੇ ਸਜਾ ਕਿਉਂ ਨਹੀਂ ਦਿੰਦਾ?
 30. ਕੀ ਜਹਾਂਗੀਰ ਵਰਗੇ ਮਹਾਂਸ਼ਰਾਬੀ, ਅਯਾਸ਼ੀ, ਬੇਗੁਨਾਹਾਂ ਦੇ ਕਾਤਲ ਅਤੇ ਬੇਇਨਸਾਫ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਅਦਲੀ (ਨਿਆਂਕਾਰੀ) ਲਿਖ ਸਕਦੇ ਸਨ? ਜਿਵੇਂ ਕਿ-ਜਹਾਂਗੀਰ ਅਦਲੀ ਮਰ ਗਯੋ॥(ਦਸਮ ਗ੍ਰੰਥ)
 31. ਜੇ ਅਖੌਤੀ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਹੈ ਤਾਂ ਉਨ੍ਹਾਂ ਨੇ ਇਸ ਵਿੱਚ “ਖੰਡੇ ਦੀ ਪਾਹੁਲ” ਦਾ ਜਿਕਰ ਕਿਉਂ ਨਹੀਂ ਕੀਤਾ? ਅਤੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜਿਕਰ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂ ਭੁਲਾ ਦਿੱਤਾ?
 32. ਜੇ ਅਖੌਤੀ ਦਸਮ ਗ੍ਰੰਥ ਤੋਂ ਹੀ ਬੀਰ ਰਸ ਮਿਲਦੈ ਤਾਂ ਫਿਰ ਦਸਵੇਂ ਗੁਰੂ ਤੋਂ ਪਹਿਲਾਂ ਦੇ ਬੀਰ ਰਸੀ ਰਾਜੇ, ਭਗਤ, ਗੁਰੂ ਅਤੇ ਸਿੱਖ ਕਿਥੋਂ ਬੀਰ ਰਸ ਲੈਂਦੇ ਸਨ?
 33. ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ ਗੁਣ ਭਰਪੂਰ, ਸਿੱਖਾਂ ਦਾ ਪਾਰਉਤਾਰਾ ਕਰਨ ਦੇ ਸਮਰੱਥ ਹੈ ਤਾਂ ਫਿਰ ਕਿਸੇ “ਵਿਵਾਦਿਤ ਗ੍ਰੰਥ” ਜੋ ਜਾਤ-ਪਾਤ, ਵਹਿਮ-ਭਰਮ, ਸੁੱਚ-ਭਿੱਟ, ਤੀਰਥ-ਇਸ਼ਨਾਨ, ਔਰਤ-ਨਿੰਦਾ, ਦੇਵੀ-ਦੇਵਤਾ, ਬ੍ਰਾਹਮਣ, ਥੋਥੇ-ਕਰਮਾਂ, ਊਚ-ਨੀਚ ਅਤੇ ਨਸ਼ਿਆਂ ਦਾ ਉਪਦੇਸ਼ਕ ਹੋਵੇ, ਦੀ ਸਿੱਖਾਂ ਨੂੰ ਕੀ ਲੋੜ ਹੈ?
 34. ਕੀ ਵਰ ਸਰਾਪ ਮੰਗਣੇ ਗੁਰਮਤਿ ਹਨ? ਜੇ ਨਹੀਂ ਤਾਂ ਗੁਰੂ ਜੀ ਸੱਪਾਂ ਦਾ ਜ਼ਹਿਰ, ਅੱਕ, ਧਤੂਰਾ ਆਦਿਕ ਨਸ਼ੇ ਪੀਣ ਵਾਲੇ ਕਲਪਿਤ ਸ਼ਿਵ ਦੀ ਪਤਨੀ ਸ਼ਿਵਾ ਤੋਂ ਵਰ ਮੰਗ ਸਕਦੇ ਸਨ? ਜਿਵੇਂ ਕਿ-ਦੇਹ ਸ਼ਿਵਾ ਬਰ ਮੋਹਿ ਇਹੈ–॥(ਦਸਮ ਗ੍ਰੰਥ)
 35. ਕੀ ਗੁਰੂ ਗੋਬਿੰਦ ਸਿੰਘ ਇੱਕ ਕਰਤਾਰ ਤੋਂ ਬਿਨਾਂ ਕਿਸੇ ਕਿਰਤਮ ਸੂਰਜ, ਚੰਦ ਅੱਗੇ ਬੇਨਤੀਆਂ, ਅਰਦਾਸਾਂ ਕਰਦੇ ਲਿਲਕੜੀਆਂ ਕੱਢ ਸਕਦੇ ਸਨ? ਕਿ-ਹੇ ਰਵਿ ਹੇ ਸਸਿ ਮੇਰੀ ਅਬੇ ਬੇਨਤੀ ਸੁਨਿ ਲੀਜੈ॥(ਦਸਮ ਗ੍ਰੰਥ)
 36. ਕੀ ਦਸਮ ਗ੍ਰੰਥ ਅਨੁਸਾਰ ਬਾਲ ਗੁਰੂ ਗੋਬਿੰਦ ਰਾਇ ਦਾ ਜਨਮ ਤ੍ਰਿਬੈਣੀ ਨਦੀ ਤੇ ਪੁੰਨ, ਦਾਨ ਕਰਨ ਅਤੇ ਪੰਡਤਾਂ ਤੋਂ ਵੇਦ ਪਾਠ ਕਰਾਉਣ ਨਾਲ ਹੋਇਆ ਸੀ?
 37. ਕੀ ਇਹ ਗ੍ਰੰਥ ਸਿੱਖਾਂ ਨੂੰ ਕਾਮੀ, ਕ੍ਰੋਧੀ, ਨਸ਼ਈ, ਧੋਖੇਬਾਜ, ਧਾੜਵੀ ਅਤੇ ਕਾਤਲ ਮੰਨੇ ਗਏ ਅਵਤਾਰਾਂ, ਦੇਵੀ-ਦੇਵਤਿਆਂ ਅਤੇ ਰਾਕਸ਼ ਦੈਂਤਾਂ ਦੇ ਪੁਜਾਰੀ ਨਹੀਂ ਬਣਾਉਂਦਾ?
 38. ਕੀ ਉੱਚੇ-ਸੁੱਚੇ ਕਿਰਦਾਰ ਵਾਲੇ ਬਹਾਦਰ ਯੋਧੇ ਨਿਹੰਗ ਸਿੰਘਾਂ ਨੂੰ ਅਖੌਤੀ ਦਸਮ ਗ੍ਰੰਥ ਨੇ ਅਫੀਮ ਖਾਣੇ, ਪੋਸਤ, ਭੰਗ ਅਤੇ ਸੋਮਰਸ (ਸ਼ਰਾਬ) ਪੀਣੇ ਨਹੀਂ ਬਣਾਇਆ ਅਤੇ ਬਹੁਤੇ ਨਿਹੰਗ ਸਿੰਘਾਂ ਵਿੱਚ ਪਰਾਈ ਔਰਤ ਅਤੇ ਮੁੰਡੇਬਾਜੀ ਦੀ ਆਦਿਤ, ਇਸ ਗ੍ਰੰਥ ਦੇ ਤ੍ਰਿਆ ਚ੍ਰਿਤ੍ਰਾਂ ਤੋਂ ਨਹੀਂ ਪਈ? ਦਸਮ ਗ੍ਰੰਥ ਦੇ ਪੁਜਾਰੀ ਨਿਹੰਗਾਂ ਦਾ ਨਸ਼ੇ ਪੀ ਕੇ ਗਰੀਬ ਕਿਸਾਨਾਂ ਦੀਆਂ ਫਸਲਾਂ ਉਜਾੜਨਾਂ ਅਤੇ ਧੱਕੇਸ਼ਾਹੀ ਨਾਲ ਉਗਰਾਹੀ ਕਰਨਾ ਕੀ ਇਸੇ ਕਰਕੇ ਨਹੀਂ?
 39. ਹਰ ਵੇਲੇ ਅਰਦਾਸਿ ਵਿੱਚ ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਪੜ੍ਹਨ ਵਾਲਾ ਸਿੱਖ, ਜੇ ਫਿਰ ਵੀ ਕਿਸੇ ਗੁਰਮਤਿ ਵਿਰੋਧੀ ਅਸ਼ਲੀਲ ਗ੍ਰੰਥ ਨੂੰ ਮੰਨਦੈ ਤਾਂ ਉਸ ਤੋਂ ਵੱਧ ਬੇਈਮਾਨ ਅਤੇ ਅਕ੍ਰਿਤਘਣ ਹੋਰ ਕੌਣ ਹੋ ਸਕਦਾ ਹੈ?
 40. ਕੀ “ਸ਼ਬਦ ਗੁਰੂ ਗ੍ਰੰਥ” ਤੋਂ ਇਲਾਵਾ ਬਾਹਰੀ ਕਿਸੇ ਵੀ ਰਚਨਾਂ ਨੂੰ ਗੁਰਬਾਣੀ ਜਾਂ ਗੁਰੂ ਦਾ ਦਰਜਾ ਦਿੱਤਾ ਜਾ ਸਕਦੈ? ਕੀ ਸ਼ਬਦ ਗੁਰੂ ਗ੍ਰੰਥ ਤੋਂ ਇਲਾਵਾ ਦੁਨੀਆਂ ਦੀਆਂ ਬਾਕੀ ਪੁਸਤਕਾਂ ਜਾਂ ਗ੍ਰੰਥ, ਵਧੇਰੇ ਜਾਣਕਾਰੀ ਅਤੇ ਕੰਪੈਰੇਟਿਵ ਸਟੱਡੀ ਵਾਸਤੇ ਜਾਂ ਸਿੱਖ ਗੁਰੂਆਂ ਦੀ ਬਾਣੀ ਮੰਨ ਕੇ ਪੜ੍ਹਨੇ ਚਾਹੀਦੇ ਹਨ?
 41. ਕੀ ਸ਼੍ਰੋਮਣੀ ਕਮੇਟੀ, ਸ੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਫੈਡਰੇਸ਼ਨਾਂ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਨਹੀਂ ਪਤਾ ਕਿ ਕਿੱਥੇ-ਕਿੱਥੇ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਅਸ਼ਲੀਲ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ?
 42. ਜਿਵੇਂ ਇਸਾਈਆਂ ਦਾ ਧਰਮ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਕੁਰਾਨ, ਯਹੂਦੀਆਂ ਦਾ ਤੌਰੇਤ ਫਿਰ ਕੀ ਸਿੱਖਾਂ ਦਾ ਵੀ ਆਪਣਾ ਧਰਮ ਗ੍ਰੰਥ ਸ਼ਬਦ ਗੁਰੂ ਗ੍ਰੰਥ” ਹੀ ਕਿਉਂ ਨਹੀਂ?
 43. 18ਵੀਂ ਸਦੀ ਦਾ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ?
 44. ਕੀ ਵੱਖ-ਵੱਖ ਆਪਾ ਵਿਰੋਧੀ ਰਹਿਤਨਾਮੇ ਅਤੇ ਮਿਥਿਹਾਸਕ ਗ੍ਰੰਥਾਂ ਵਾਲੇ ਭੰਬਲ ਭੂਸੇ ਕਾਂਸ਼ੀ ਤੋਂ ਪੜ੍ਹੇ, ਬ੍ਰਾਹਮਣੀ ਰੰਗਤ ਵਿੱਚ ਰੰਗੇ, ਨਿਰਮਲੇ ਅਤੇ ਉਦਾਸੀ ਵਿਦਵਾਨਾਂ ਨੇ ਨਹੀਂ ਪਾਏ?
 45. ਕੀ “ਸ਼ਬਦ ਗੁਰੂ ਗ੍ਰੰਥ” ਸਿੱਖਾਂ ਦੇ ਸੰਪੂਰਨ ਗੁਰੂ ਨਹੀਂ? ਜੇ ਹਨ ਤਾਂ ਫਿਰ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹ ਕੇ, ਅਸੀਂ ਗੁਰੂ ਨੂੰ ਅਧੂਰਾ ਸਾਬਤ ਕਰਨ ਦਾ ਅਪਰਾਧ ਕਿਉਂ ਕਰਦੇ ਹਾਂ?
 46. ਕੀ ਅਜਿਹੇ ਵਿਵਾਦਿਤ ਗ੍ਰੰਥ ਦਾ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ, ਕਦੇ ਨਿਰਪੱਖ ਅਤੇ ਗੰਭੀਰ ਹੋ ਕੇ ਸੋਚਣਗੀਆਂ ਕਿ ਅਖੌਤੀ ਦਸਮ ਗ੍ਰੰਥ ਕਿਵੇਂ ਪੰਥ ਵਿਰੋਧੀਆਂ ਨੇ, ਦਸਵੇਂ ਗੁਰੂ ਦੇ ਨਾਂ ‘ਤੇ “ਸ਼ਬਦ ਗੁਰੂ ਗ੍ਰੰਥ” ਦੇ ਬਰਾਬਰ ਖੜਾ ਕਰਕੇ, ਸਿੱਖ ਕੌਮ ਨੂੰ ਬੜੀ ਸ਼ਾਤਰਤਾ ਨਾਲ ਅੰਧਵਿਸ਼ਵਾਸ਼ੀ ਅਤੇ ਦੋਫਾੜ ਹੋਣ ਦੇ ਰਾਹੇ ਪਾਇਆ?
 47. ਕੀ ਗੁਰਬਾਣੀ, ਅਜਿਹੇ ਗੈਰ ਗੁਰੂ ਪਦਵੀ ਵਾਲੇ ਕਵੀਆਂ ਦੀਆਂ ਰਚਨਾਵਾਂ ਵਾਲੇ ਗ੍ਰੰਥ ਵਿੱਚ ਅੰਕਤ ਹੋ ਸਕਦੀ ਹੈ?
 48. ਜੇ “ਸ਼ਬਦ ਗੁਰੂ ਗ੍ਰੰਥ” ਦੀ ਬਾਣੀ ਸਿੱਖ ਦੀ ਅਗਵਾਈ ਕਰਦੀ ਹੈ ਫਿਰ ਕੁਝ ਡੇਰਾਵਾਦੀ ਸਿੱਖ ਹੋਰਨਾਂ ਗ੍ਰੰਥਾਂ ਤੇ ਟੇਕ ਕਿਉਂ ਰੱਖਦੇ ਹਨ?
 49. ਅਖੌਤੀ ਦਸਮ ਗ੍ਰੰਥ ਸਿੱਖਾਂ ਨੂੰ ਲਵ-ਕੁਛ ਦੀ ਔਲਾਦ ਦਸਦੈ ਫਿਰ ਕੀ ਸਿੱਖ ਹਿੰਦੂ ਹਨ?
 50. ਕੀ ਮੱਸੇ ਰੰਗੜ ਦਾ ਸਿਰ ਵੱਢਣ ਵਾਲਾ ਬਹਾਦਰੀ ਭਰਿਆ ਕਾਰਨਾਮਾਂ, ਦਸਮ ਗ੍ਰੰਥ ਦੀਆਂ ਗੰਦੀਆਂ ਰਚਨਾਵਾਂ ਨੂੰ ਮਾਨਤਾ ਦੇਣ ਦਾ ਪੈਮਾਨਾਂ ਹੋ ਸਕਦਾ ਹੈ? ਕੀ ਕਿਸੇ ਦੁਸਟ ਦਾ ਸਿਰ ਵੱਢਣ ਨਾਲ ਕੱਚੀ ਅਸ਼ਲੀਲ ਰਚਨਾ ਸੱਚੀ ਗੁਰਬਾਣੀ ਬਣ ਜਾਂਦੀ ਹੈ?
 51. ਜੇ ਦਸਮ ਗੁਰੂ ਨੇ ਕੰਪੈਰੇਟਿਵ ਸਟੱਟੀ ਵਾਸਤੇ ਹਿੰਦੂ ਗ੍ਰੰਥਾਂ ਦਾ ਉਲੱਥਾ ਕੀਤੈ ਤਾਂ ਫਿਰ ਹੋਰ ਧਰਮ ਗ੍ਰੰਥਾਂ ਦਾ ਕਿਉਂ ਨਹੀਂ? ਕੀ ਗੁਰੂ ਜੀ ਬਾਕੀ ਧਰਮਾਂ ਨਾਲ ਨਫਰਤ ਕਰਦੇ ਸਨ?
 52. ਕੀ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਨੂੰ ਬਾਕੀ ਗੁਰੂਆਂ ਤੋਂ ਅਲੱਗ ਕਰਨ ਦੀ ਸੋਚੀ-ਸਮਝੀ ਸ਼ਾਜਸ ਨਹੀਂ?
 53. ਕੀ ਗੁਰੂ ਗੋਬਿੰਦ ਸਿੰਘ ਜਾਂ ਉਨ੍ਹਾਂ ਦੇ ਨਿਕਟਵਰਤੀ ਸਿੱਖ ਵਿਦਵਾਨਾਂ ਨੇ ਜੋ ਇਤਿਹਾਸਕ ਜਾਂ ਸਾਹਿਤਕ ਰਚਨਾਵਾਂ ਲਿਖੀਆਂ ਜੋ ਬਹੁਤੀਆਂ ਵੈਰੀਆਂ ਦੇ ਹੱਥ ਆ ਗਈਆਂ, ਸਰਸਾ ਪਾਰ ਕਰਦੇ ਸਮੇਂ ਰੁੜ ਅਤੇ ਕੁਝ ਬਚ ਗਈਆਂ ਨੂੰ ਲੱਭ ਅਤੇ ਇਕੱਤਰ ਕਰਕੇ ਇੱਕ ਵੱਖਰੀ ਪੋਥੀ ਨਹੀਂ ਬਣਾਈ ਜਾ ਸਕਦੀ?
 54. ਕੀ ਰਾਮਾ ਅਵਤਾਰ ਤੇ ਕ੍ਰਿਸ਼ਨਾ ਅਵਤਾਰ ਰਚਨਾਵਾਂ ਜੋ ਸਿੱਖਾਂ ਨੂੰ ਹਿੰਦੂ ਸਾਬਤ ਕਰਨ,  ਗੁਰਬਾਣੀ ਹੋ ਸਕਦੀਆਂ ਹਨ?
 55. ਕੀ ਬਹੁਤੇ ਡੇਰੇ ਤੇ ਟਕਸਾਲੀ ਗੁਰਦੁਆਰਿਆਂ ਵਿਖੇ “ਰਾਮ ਕਥਾ ਜੁਗ ਜੁਗ ਅਟਲ ਸਭ ਕੋ ਭਾਖਤ ਨੇਤਿ॥ ਸੁਰਗਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥(ਇਤਿ ਰਾਮਾਇਣ ਸਮਾਪਤੰ) ਰਹਿਰਾਸ ਵਿਖੇ ਪੜ੍ਹਨਾ, ਰਾਮਾਇਣ ਨੂੰ ਮਾਣਤਾ ਦੇਣਾ ਨਹੀਂ? ਜਿਸ ਕਰਕੇ ਸ੍ਰੀ ਨਰਿੰਦਰਦਾਸ ਮੋਦੀ, ਇਕਬਾਲ ਸਿੰਘ ਪਟਨਾ ਸਿੱਖਾਂ ਰਾਮ ਚੰਦ ਦੀ ਬੰਸ ਨਾਲ ਜੋੜਦੇ ਹਨ।
 56. ਕੀ ਹਿੰਦੂ ਪੌਰਾਣਕ ਮਿੱਥ ਕਹਾਣੀਆਂ ਨੂੰ ਮਾਣਤਾ ਦੇਣ ਵਾਲਾ ਸਿੱਖਾਂ ਦਾ ਜਥੇਦਾਰ ਹੋ ਸਕਦਾ ਹੈ?
 57. ਅਜਿਹੇ ਅਸ਼ਲੀਲ ਸੰਤਾਂ ਤੇ ਗ੍ਰੰਥਾਂ ਦੇ ਕੂੜ ਪ੍ਰਚਾਰ ਪ੍ਰਤੀ ਸਿੱਖ ਵਿਦਵਾਨ ਤੇ ਲੀਡਰ ਕਦੋਂ ਜਾਗਣਗੇ?

ਇਨ੍ਹਾਂ ਉਪ੍ਰੋਕਤ ਸਵਾਲਾਂ ਨੂੰ ਵਿਚਾਰ-ਸਮਝ ਕੇ ਅਸੀਂ ਇਸ ਗੁਰਮਤਿ ਵਿਰੋਧੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਹੋ ਸਕਦੇ ਹਾਂ।

ਨੋਟ-ਅੱਜ ਪੰਥ ਦੋਖੀ ਅਤੇ ਦੋਗਲੇ ਲੋਕ ਸਿੱਖਾਂ ਦੇ ਕਈ ਗ੍ਰੰਥ, ਪੰਥ, ਮਰਯਾਦਾਵਾਂ ਅਤੇ ਕੈਲੰਡਰ ਲਿਖ ਪ੍ਰਚਾਰ ਕੇ, ਕੌਮ ਦੀ ਵਿਲੱਖਣਤਾ ਨੂੰ ਨੇਸਤੋ-ਨਬੂੰਦ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਟਕਸਾਲਾਂ, ਸੰਪ੍ਰਦਾਵਾਂ, ਡੇਰੇ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਜੋ ਬ੍ਰਾਹਮਣ ਦੇ ਕਾਸ਼ੀ ਵਾਲੇ ਤੋਤਾ ਰਟਨੀ ਪਾਠ ਪੜ੍ਹਾ ਰਹੇ ਹਨ। ਧਰਮ ਅਸਥਾਨਾਂ ਨੂੰ ਪੂਜਾ ਦੇ ਅੱਡੇ ਬਣਾ ਕੇ, ਪੁਜਾਰੀ ਥਾਪੇ ਜਾ ਰਹੇ ਹਨ। ਹੁਣ “ਸ਼ਬਦ ਗੁਰੂ ਗ੍ਰੰਥ” ਨੂੰ ਵੀ ਸੋਹਣੇ-ਸੋਹਣੇ ਰੁਮਾਲਿਆਂ ਵਿੱਚ ਵਲੇਟ ਅਤੇ ਸੁੰਦਰ ਪਾਲਕੀਆਂ ਵਿੱਚ ਸਜਾ, ਮੂਰਤੀਆਂ ਵਾਂਗ ਮੱਥੇ ਟੇਕ ਕੇ ਪੂਜਿਆ ਜਾ ਰਿਹੈ ਪਰ ਜੇ ਦੇਸ਼ੀ-ਵਿਦੇਸ਼ੀ ਸਾਰੇ ਗੁਰਦੁਆਰਿਆਂ ਵਿਖੇ, ਗੁਰਬਾਣੀ ਵਿਚਾਰ ਦੀਆਂ ਕਲਾਸਾਂ ਲਾ, ਸੰਗਤ ਨੂੰ ਗੁਰੂ ਗਿਆਨ ਦਿੱਤਾ ਜਾਵੇ ਤਾਂ ਸਿੱਖ ਕੌਮ ਦੇ ਸਿਰ ਥੋਪੇ ਗਏ ਅਖੌਤੀ ਗ੍ਰੰਥਾਂ ਅਤੇ ਸੰਤਾਂ ਤੋਂ ਖਹਿੜਾ ਛੁੱਟ ਸਕਦਾ ਹੈ।

Real Estate