ਨੌਜਵਾਨਾਂ ਨੂੰ ਭੜਕਾਊਣ ਵਾਲਾ ਗੁਰਪਤਵੰਤ ਪੰਨੂੰ ਖੁਦ ਆ ਕੇ ਝੰਡਾ ਕਿਉਂ ਨਹੀਂ ਚੜਾ ਲੈਂਦਾ : ਕੈਪਟਨ

166

ਚੰਡੀਗੜ, 14 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਡੀਸੀ ਦਫਤਰ ‘ਤੇ ਖਾਲਿਸਤਾਨ ਪੱਖੀ ਝੰਡਾ ਲਹਿਰਾਏ ਜਾਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬੀਆਂ ਨੂੰ ਖਾਲੀਸਤਾਨੀ ਪੱਖੀ ਝੰਡੇ ਚੜ੍ਹਾਉਣ ਦਾ ਫਰਮਾਨ ਦੇਣ ਵਾਲਾ ਸਿੱਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਖੁਦ ਆ ਕੇ ਝੰਡਾ ਕਿਉਂ ਨਹੀਂ ਚੜ੍ਹਾ ਲੈਂਦਾ।ਉਨ੍ਹਾਂ ਕਿਹਾ ਕਿ ਪੰਨੂ ਪੰਜਾਬ ਆ ਕੇ ਦਿਖਾਵੇ, ਫਿਰ ਮੈਂ ਦੇਖਦਾ ਹਾਂ ਕਿ ਉਹ ਕੀ ਕਰ ਸਕਦਾ ਹੈ। ਅੱਜ ਸ਼ਾਮ ਨੂੰ ਸ਼ੋਸ਼ਲ ਮੀਡੀਆ ਉੱਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਅਮਨ ਤੇ ਸ਼ਾਂਤੀ ਨਾਲ ਵਸੇ ਹੋਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਜਿਹੇ ਮਾੜੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਪੈਸੇ ਬਣਾਉਣ ਲਈ ਅਜਿਹੀਆਂ ਗੱਲਾਂ ਕਰਦਾ ਹੈ । ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਰਤਾ ਨੂੰ ਹੁਕਮ ਦਿੱਤੇ ਕਿ ਮੋਗਾ ਵਿੱਚ ਵਾਪਰੀ ਘਟਨਾ ਵਿੱਚ ਪਛਾਣੇ ਗਏ ਦੋ ਸ਼ਰਾਰਤੀ ਤੱਤਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਇਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪੁਲਿਸ ਨੇ ਦੋਵਾਂ ਲਈ 50,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਿਆਂ ਦੋਵਾਂ ਨੌਜਵਾਨਾਂ ਦੀ ਡੀ਼ਸੀ ਕੰਪਲੈਕਸ ਵਿੱਚ ਦਾਖਲ ਹੁੰਦਿਆਂ ਦੀਆਂ ਸੀ.ਸੀ.ਟੀ.ਵੀ ਤਸਵੀਰਾਂ ਦੀ ਜਨਤਕ ਕੀਤੀਆਂ ਹਨ। ਜਿਹਨਾਂ ਵਿੱਚ ਇੱਕ ਨੌਜਵਾਨ ਨੇ ਪੱਗ ਬੰਨੀ ਹੋਈ ਹੈ, ਜਦਕਿ ਦੂਸਰਾ ਨੌਜਵਾਨ ਮੋਨਾ ਹੈ।

Real Estate