ਅਕਾਲੀ ਦਲ ਹੁਣ ਦਲਿਤ ਵਿਹੜਿਆਂ ‘ਚ ਕੌਲੀਆਂ-ਚਮਚੇ ਖੜਕਾ ਆਪਣੇ ਰਾਜਕਾਲ ‘ਚ ਦਿੱਤੀਆਂ ਸਹੂਲਤਾਂ ਦਾ ਢਿੰਡੋਰਾ ਪਿਟੇਗਾ

280

ਬਰਨਾਲਾ, 14 ਅਗਸਤ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਦਲਿਤ ਵਿਹੜਿਆਂ ਅਤੇ ਦਲਿਤ ਕਾਲੋਨੀਆਂ ਵਿੱਚ ਪਿਛਲੀ ਬਾਦਲ ਸਰਕਾਰ ਵੇਲੇ ਚਲਦੀਆਂ ਸਕੀਮਾਂ ਨੂੰ ਯਾਦ ਕਰਵਾਉਣ ਲਈ ਥਾਲੀਆਂ ਚਮਚੇ ਖੜਕਾਏ ਜਾਣਗੇ। ਇਸ ਤਹਿਤ ਹਰ ਜ਼ਿਲੇ ਵਿੱਚ ਮੀਟਿੰਗਾਂ ਕਰਕੇ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਮੁਹਿੰਮ ਦੀ ਕਮਾਂਡ ਦਲਿਤ ਆਗੂਆਂ ਨੂੰ ਸੌਂਪੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਅਤੇ ਜਿਲਾ ਬਰਨਾਲਾ ਦੇ ਕੋਆਰਡੀਨੇਟਰ ਇਕਬਾਲ ਸਿੰਘ ਝੂੰਦਾ ਨੇ ਬਰਨਾਲਾ ਜ਼ਿਲੇ ‘ਚ ਪੈਂਦੇ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਚੋਣਵੇਂ ਆਗੂਆਂ ਨਾਲ ਸਥਾਨਿਕ ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਦੇ ਪਿੰਡਾਂ ਅਤੇ ਸਹਿਰਾਂ ਵਿੱੱਚ ਦਲਿਤ ਮੁਹੱਲਿਆਂ, ਦਲਿਤ ਵਿਹੜਿਆਂ ਅਤੇ ਦਲਿਤ ਕਾਲੋਨੀਆਂ ਵਿੱਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਕਿ ਅਕਾਲੀ ਸਰਕਾਰ ਸਮੇਂ ਤਾਂ ਕਾਲਜਾਂ ਅਤੇ ਯੂਨੀਵਰਸਟੀ ਵਿੱਚ ਪੜਦੇ 4 ਲੱਖ ਤੋਂ ਵੱਧ ਗਰੀਬ ਬੱਚਿਆਂ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾ ਰਹੀ ਸੀ, ਜੋ ਕੈਪਟਨ ਸਰਕਾਰ ਨੇ ਘਟਾ ਕੇ ਸਿਰਫ ਸਵਾ ਲੱਖ ਵਿਦਿਆਰਥੀਆਂ ਲਈ ਕਰ ਦਿੱਤੀ ਹੈ। ਅਕਾਲੀ ਸਰਕਾਰ ਸਮੇਂ ਦੇ ਗਰੀਬ ਵਿਦਿਆਰਥੀਆਂ ਲਈ ਜਾਰੀ ਹੋਏ 1500 ਕਰੋੜ ਦੀ ਰਕਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੱਬ ਲਈ ਹੈ। ਇਸ ਤੋਂ ਇਲਾਵਾ ਕੈਪਟਨ ਸਰਕਾਰ ਵੱਲੋਂ ਕੱਟੇ ਗਏ ਨੀਲੇ ਕਾਰਡਾਂ, ਕੱਟੀਆਂ ਗਈਆਂ ਪੈਨਸ਼ਨਾਂ ਅਤੇ ਮਹਿੰਗੀ ਬਿਜਲੀ ਦੇ ਮੁੱਦੇ ਵੀ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ। ਇਸ ਦੀ ਨਾਲ ਹੀ ਕੈਪਟਨ ਸਰਕਾਰ ਵੱਲੋਂ 2500 ਰੁਪਏ ਪੈਨਸ਼ਨ ਦਾ ਵਾਅਦਾ ਕਰਕੇ 750 ਰੁਪਏ ਪੈਨਸ਼ਨ ਦੇਣ, ਅਤੇ 51 ਹਜਾਰ ਰੁਪਏ ਸ਼ਗਨ ਸਕੀਮ ਦਾ ਵਾਅਦਾ ਕਰਕੇ 21 ਹਜਾਰ ਰੁਪਏ ਦੇਣ ਦਾ ਮੁੱਦਾ ਵੀ ਲੋਕਾਂ ਵਿੱਚ ਉਠਾਇਆ ਜਾਵੇਗਾ। ਇਸ ਮੌਕੇ ਦਰਬਾਰਾ ਸਿੰਘ ਗੁਰੁ ਨੇ ਅਕਾਲੀ ਦਲ ਦੇ ਇਸ ਸਾਰੇ ਪ੍ਰੋਗਰਾਮ ਦੀ ਡਿਟੇਲ ਦੱਸਦਿਆਂ ਬਾਦਲ ਪਰਵਾਰ ਤੋਂ ਬਾਗੀ ਹੋਏ ਢੀਂਡਸਾ ਪਰਵਾਰ ‘ਤੇ ਵੀ ਤਿੱਖੇ ਵਾਰ ਕੀਤੇ, ਜਦੋਂਕਿ ਇਕਬਾਲ ਸਿੰਘ ਝੂੰਦਾ ਨੇ ਹਾਜਰ ਆਗੂਆਂ ਨੂੰ ਕਿਹਾ ਕਿ ਅਕਾਲੀਆਂ ਦੇ ਕਿਰਦਾਰ ਵਿੱਚ ਗਿਰਾਵਟ ਆਈ ਹੈ, ਜਿਸ ਦਾ ਖਮਿਆਜਾ ਭੁਗਤਣਾ ਪਿਆ ਹੈ, ਇਸ ਲਈ ਕਿਰਦਾਰ ਉਚਾ ਕਰਨ ਦੀ ਲੋੜ ਹੈ ਹੈ। ਉਹਨਾਂ ਨੇ ਜ਼ਿਲਾ ਬਰਨਾਲਾ ਦੇ ਤਿੰਨੋਂ ਹਲਕਿਆਂ ਵਿੱਚ 18 ਅਗਸਤ ਨੂੰ ਸਾਰੇ ਪਿੰਡਾਂ ਅਤੇ ਸਹਿਰਾਂ ਦੇ ਪੈਂਦੇ ਦਲਿਤ ਵਿਹੜਿਆਂ, ਕਾਲੋਨੀਆਂ ਅਤੇ ਬਸਤੀਆਂ ਵਿੱਚ ਕੌਲੀਆਂ ਤੇ ਚਮਚੇ ਖੜਕਾ ਕੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਗਰੀਬ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਇਹਨਾਂ ਦਲਿਤਾਂ ਦੇ ਵਿਹੜਿਆਂ, ਕਾਲੋਨੀਆਂ ਅਤੇ ਬਸਤੀਆਂ ਵਿੱਚ ਜਾ ਕੇ ਪ੍ਰਚਾਰ ਦੀ ਲੋੜ ਹੈ ਅਤੇ ਇਸ ਦਾ ਸ਼ੋਸ਼ਲ ਮੀਡੀਆ ਪ੍ਰਚਾਰ ਕਰਨ ਦੀ ਜਰੂਰਤ ਹੈ। ਇਸ ਮੌਕੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਹਲਕਾ ਮਹਿਲ ਕਲਾਂ ਦੇ ਇੰਚਾਰਜ ਬਾਬਾ ਬਲਜੀਤ ਸਿੰਘ ਘੁੰਨਸ, ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਸ੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਚੂੰਘਾਂ, ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਸ਼ੋਰੀ, ਬਾਬਾ ਟੇਕ ਸਿੰਘ ਧਨੌਲਾ, ਦਵਿੰਦਰ ਸਿੰਘ ਬੀਹਲਾ, ਬੀਰਇੰਦਰ ਸਿੰਘ ਜੈਲਦਾਰ, ਤਰਨਜੀਤ ਸਿੰਘ ਦੱਗਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਮੱਖਣ ਸਿੰਘ ਧਨੌਲਾ, ਹਰਬੰਸ ਸਿੰਘ ਸ਼ੇਰਪੁਰ, ਅਮਨਦੀਪ ਸਿੰਘ ਕਾਂਝਲਾ, ਰਾਜ ਧੌਲਾ, ਸੋਨੀ ਜਾਗਲ, ਬੇਅੰਤ ਸਿੰਘ ਬਾਠ, ਅਨੰਦ ਭੋਤਨਾ, ਆਦਿ ਆਗੂ ਹਾਜਰ ਸਨ।

Real Estate