ਸੂਬੇ ਦੇ ਤਿੰਨ ਜ਼ਿਲਿਆਂ ਵਿੱਚ 1.33 ਲੱਖ ਲੀਟਰ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਫੜ ਕੇ ਨਸ਼ਟ ਕੀਤੀ

187
ਆਬਕਾਰੀ ਅਤੇ ਪੁਲੀਸ ਵਿਭਾਗ ਦੀਆਂ ਟੀਮਾਂ ਸੂਬੇ ਵਿੱਚ ਨਜਾਇਜ਼ ਸ਼ਰਾਬ ਦੀਆਂ ਗਤੀਵਿਧੀਆਂ ਖਿਲਾਫ਼ ਸਰਗਰਮ
ਚੰਡੀਗੜ, 10 ਅਗਸਤ (ਜਗਸੀਰ ਸਿੰਘ ਸੰਧੂ) : ਸੂਬੇ ਵਿੱਚ ਨਜਾਇਜ਼ ਸ਼ਰਾਬ ਦੇ ਧੰਦੇ ਖਿਲਾਫ਼ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕਰਦਿਆਂ ਆਬਕਾਰੀ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਅੱਜ ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਵਿਚ 1.33 ਲੱਖ ਲੀਟਰ ਲਾਹਣ ਦੀ ਵੱਡੀ ਖੇਪ ਨਸ਼ਟ ਕੀਤੀ ਗਈ। ਆਬਕਾਰੀ ਵਿਭਾਗ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਤਿੰਨ ਜ਼ਿਲਿਆਂ ਵਿਚ ਇਕ ਵੱਡੇ ਆਪਰੇਸ਼ਨ ਦੌਰਾਨ 1,33,500 ਲੀਟਰ ਲਾਹਨ ਨਸ਼ਟ ਕੀਤਾ ਗਿਆ। ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਤਕਰੀਬਨ 1,25,000 ਲੀਟਰ ਲਾਹਣ ਫੜਿਆ ਗਿਆ ਅਤੇ ਨਸ਼ਟ ਕੀਤਾ ਗਿਆ। ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਦੇ ਪਿੰਡ ਮਹਾਲਮ ਵਿੱਚ ਤਕਰੀਬਨ 6500 ਲੀਟਰ ਲਾਹਣ ਅਤੇ ਫਿਰੋਜ਼ਪੁਰ ਜ਼ਿਲੇ ਵਿੱਚ ਤਕਰੀਬਨ 2000 ਲੀਟਰ ਲਾਹਣ ਬਰਾਮਦ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਫਿਰੋਜ਼ਪੁਰ ਅਤੇ ਤਰਨ ਤਾਰਨ ਦੇ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਹਰੀਕੇ ਵਿਖੇ ਸਤਲੁਜ ਅਤੇ ਬਿਆਸ ਦਰਿਆਵਾਂ ਵਿਚਲੇ ਖੇਤਰ ਵਿੱਚ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਗਈ। ਛਾਪਮਾਰੀ ਦੌਰਾਨ ਲਗਭਗ 1.25 ਲੱਖ ਲੀਟਰ ਲਾਹਨ ਸਮੇਤ 26 ਪਲਾਸਟਿਕ ਦੀਆਂ ਤਰਪਾਲਾਂ ਅਤੇ 10 ਲੋਹੇ ਦੇ ਡਰੱਮ ਬਰਾਮਦ ਕੀਤੇ ਗਏ। ਟੀਮ ਨੇ ਲਾਹਣ ਨੂੰ ਨਸ਼ਟ ਕਰ ਦਿੱਤਾ ਅਤੇ ਥਾਣਾ ਹਰੀਕੇ ਵਿਖੇ ਐਫਆਈਆਰ ਦਰਜ ਕਰਵਾਈ। ਇਸੇ ਤਰਾਂ ਇਕ ਆਬਕਾਰੀ ਟੀਮ ਨੇ ਪੁਲਿਸ ਨਾਲ ਮਿਲ ਕੇ ਪਿੰਡ ਮਹਾਲਮ (ਜਲਾਲਾਬਾਦ) ਵਿਖੇ ਛਾਪੇਮਾਰੀ ਕੀਤੀ ਅਤੇ 70 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 6500 ਲੀਟਰ ਲਾਹਣ ਬਰਾਮਦ ਕੀਤਾ। ਤੁਰੰਤ ਕਾਰਵਾਈ ਕਰਦਿਆਂ ਟੀਮ ਨੇ ਪਿੰਡ ਦੇ ਇੱਕ ਖੇਤ ਵਿੱਚ ਲਾਹਣ ਨੂੰ ਨਸ਼ਟ ਕਰ ਦਿੱਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਆਬਕਾਰੀ ਅਤੇ ਪੁਲੀਸ ਵਿਭਾਗ ਵੱਲੋਂ ਫਿਰੋਜ਼ਪੁਰ ਵਿਖੇ ਸਾਂਝਾ ਆਪ੍ਰੇਸ਼ਨ ਵੀ ਕੀਤਾ ਗਿਆ। ਟੀਮ ਨੇ ਪਿੰਡ ਢਾਣੀ ਦਰੀਆ ਵਾਲੀ ਵਿਖੇ ਛਾਪੇਮਾਰੀ ਕੀਤੀ ਅਤੇ ਪਿੰਡ ਵਿਚੋਂ 2000 ਲੀਟਰ ਲਾਹਣ ਬਰਾਮਦ ਕੀਤਾ। ਇਸ ਤੋਂ ਬਾਅਦ ਟੀਮ ਨੇ ਖੇਤਾਂ ਵਿਚ ਲਾਹਣ ਨੂੰ ਨਸ਼ਟ ਕਰ ਦਿੱਤਾ ਅਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਬੁਲਾਰੇ ਨੇ ਅੱਗੇ ਕਿਹਾ, “ਜਦੋਂ ਤੱਕ ਸੂਬਾ ਇਸ ਸੰਕਟ ’ਚੋਂ ਬਾਹਰ ਨਹੀਂ ਨਿਕਲ ਜਾਂਦਾ ਨਾਜਾਇਜ਼ ਸ਼ਰਾਬ ਖਿਲਾਫ ਕਾਰਵਾਈ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ।”
Real Estate