ਸਿੱਖ ਗੁਰੂ ਸਾਹਿਬਾਨ ਦੇ ਨਾਵਾਂ ਦੀ ਨਿੱਜੀ ਕਾਰੋਬਾਰ ਲਈ ਵਰਤੋ ਰੋਕਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

221

ਭਾਰਤ ਸਰਕਾਰ ਦੇ ਰਜਿਸਟਰਾਰ ਦਫਤਰ ‘ਚ ਚਾਰ ਗੁਰੂ ਸਾਹਿਬਾਨ ਦੇ ਨਾਮ ਵੀ ਗਲਤ ਦਰਜ ਕੀਤੇ 
ਚੰਡੀਗੜ, 10 ਅਗਸਤ (ਜਗਸੀਰ ਸਿੰਘ ਸੰਧੂ) : ਭਾਰਤ ਸਰਕਾਰ ਵੱਲੋਂ ਭਾਵੇਂ ਸਿੱਖ ਗੁਰੂ ਸਾਹਿਬਾਨ ਦੇ ਨਾਵਾਂ ਦੀ ਨਿੱਜੀ ਕਾਰੋਬਾਰ ਲਈ ਵਰਤੋਂ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਹੋਇਆ ਹੈ, ਪਰ ਖੁਦ ਸਿੱਖਾਂ ਵੱਲੋਂ ਹੀ ਇਸ ਦੀ ਖੁੱਲੇਆਮ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਭਾਰਤ ਸਰਕਾਰ ਦੇ ਰਜਿਸਟਰਾਰ ਦਫਤਰ ਵਿੱਚ ਚਾਰ ਸਿੱਖ ਗੁਰੂ ਸਾਹਿਬਾਨਾਂ ਦੇ ਨਾਮ ਗਲਤ ਦਰਜ ਹਨ, ਜਿਹਨਾਂ ਨੂੰ ਠੀਕ ਕਰਵਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੇ ਕਦੇ ਵੀ ਕੋਈ ਯਤਨ ਨਹੀਂ ਕੀਤਾ ਹੈ। ਦਿੱਲੀ ਨਿਵਾਸੀ ਇੱਕ ਜਾਗਰੂਕ ਸਿੱਖ ਕੁਲਦੀਪ ਸਿੰਘ ਨੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਰਾਹੀਂ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ ਜਾਰੀ ਐਕਟ 1856 ਮੁਤਾਬਿਕ 123 ਨਾਵਾਂ ਦੀ ਜਾਰੀ ਕੀਤੀ ਗਈ  ਲਿਸਟ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਨਾਵਾਂ ਉਪਰ ਕਿਸੇ ਵੀ ਫਰਮ, ਦੁਕਾਨ, ਕੰਪਨੀ, ਕਾਰੋਬਾਰ ਜਾਂ ਸੰਸਥਾ ਦਾ ਨਾਂ ਨਹੀਂ ਰੱਖਿਆ ਜਾ ਸਕਦਾ, ਉਥੇ ਭਾਰਤ ਸਰਕਾਰ ਜਾਰੀ ਇਸ ਲਿਸਟ ਵਿੱਚ ਕੁਝ ਗੁਰੂ ਸਾਹਿਬਾਨ ਦੇ ਨਾਮ ਵੀ ਗਲਤ ਦਰਜ ਕੀਤੇ ਹੋਏ ਹਨ, ਜੋ ਠੀਕ ਕਰਵਾਉਣ ਦੀ ਜਰੂਰਤ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਵਿੱਚ ਖਾਸ ਕਰਕੇ ਸਿੱਖਾਂ ਵੱਲੋਂ ਹੀ ਇਸ ਐਕਟ ਦੀ ਉਲੰਘਣਾ ਕਰਦਿਆਂ ਆਪਣੀਆਂ ਫਰਮਾਂ ਦੇ ਨਾਮ ਗੁਰੂ ਸਾਹਿਬਾਨ ਦੇ ਨਾਮ ਉਪਰ ਰੱਖੇ ਹੋਏ ਹਨ, ਜਿਹਨਾਂ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਰੰਤ ਨੋਟਿਸ ਲੈਣ ਦੀ ਜਰੂਰਤ ਹੈ। ਸ੍ਰ: ਕੁਲਦੀਪ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਦਿੱਲੀ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਮਨਜੀਤ ਸਿੰਘ ਬਟਾਲੀਆ ਨੇ ਇਸ ਸਬੰਧੀ ਇੱਕ ਮੰਗ ਪੱਤਰ ਕੰਟਰੋਲਰ ਜਨਰਲ ਆਫ਼ ਪੈਟਿੰਟਸ, ਡਿਜ਼ਾਇਨ ਐਂਡ ਟਰੇਡਮਾਰਕਜ਼ ਬੌਧਿਕ ਸੰਪਦਾ ਭਵਨ ਅਨਟੌਪ ਹਿੱਲ ਐਸ.ਐਮ ਰੋਡ ਮੁੰਬਈ ਅਤੇ ਰਜਿਸਟਰਾਰ ਅੰਡਰ ਟਰੇਡ ਮਾਰਕਜ਼ ਐਕਟ 1999 ਬੌਧਿਕ ਸੰਪਦਾ ਭਵਨ ਪਲਾਟ ਨੰਬਰ 32 ਸੈਕਟਰ 14 ਦੁਆਰਕਾ ਦਿੱਲੀ ਨੂੰ ਭੇਜਿਆ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ ਜਾਰੀ ਐਕਟ 1856 ਮੁਤਾਬਿਕ 123 ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਕਿ ਉਹਨਾਂ ਨਾਵਾਂ ਉਪਰ ਕੋਈ ਵੀ ਆਪਣੀ ਨਿੱਜੀ ਫਰਮ, ਦੁਕਾਨ, ਕੰਪਨੀ, ਕਾਰੋਬਾਰ ਜਾਂ ਸੰਸਥਾ ਦਾ ਨਾਮ ਨਹੀਂ ਰੱਖ ਸਕਦਾ। ਇਸ ਲਿਸਟ ਵਿੱਚ ਦਸ ਸਿੱਖ ਗੁਰੂ ਸਾਹਿਬਾਨ ਦੇ ਨਾਮ ਵੀ ਦਰਜ ਹਨ, ਪਰ ਇਹਨਾਂ ਵਿਚੋਂ ਕੁਝ ਨਾਮ ਗਲਤ ਦਰਜ ਕੀਤੇ ਗਏ ਹਨ, ਜਿਵੇਂ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਮ ਨੂੰ ਗੁਰੂ ਹਰਿਕ੍ਰਿਸ਼ਨਨ, ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਨੂੰ ਗੁਰੂ ਤੇਜ ਬਹਾਦਰ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਗੁਰੂ ਗੋਵਿੰਦਾ ਸਿੰਘ ਦਰਜ ਕੀਤਾ ਹੈ। ਇਸੇ ਤਰਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਸਪੈਲਿੰਗ ਵੀ ਗਲਤ ਦਰਜ ਕੀਤੇ ਹੋਏ ਹਨ। ਭਾਰਤ ਸਰਕਾਰ ਵੱਲੋਂ 2013 ਵਿੱਚ ਇਹਨਾਂ ਨਵਾਂ ਵਿੱਚ ਸੋਧ ਕੀਤੀ ਗਈ ਸੀ ਤਾਂ ਉਸ ਸਮੇਂ ਭਾਰਤ ਸਰਕਾਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਕੱਢਿਆ ਸੀ, ਪਰ ਸ੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਗਿਆ। ਕੁਲਦੀਪ ਸਿੰਘ ਨੇ ਕਿਹਾ ਹੈ ਰਜਿਸਟਰਾਰ ਦੇ ਦਫਤਰ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਨਾਵਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਲੋੜ ਹੈ ਨਹੀਂ ਤਾਂ ਭਵਿੱਖ ਵਿੱਚ ਇਸ ਨਾਲ ਵੱਡੇ ਮਸਲੇ ਖੜੇ ਹੋ ਸਕਦੇ ਹਨ, ਕਿਉਂਕਿ ਇੱਕ ਤਾਂ ਜਿਹਨਾਂ ਗੁਰੂ ਸਾਹਿਬਾਨਾਂ ਦੇ ਨਾਮ ਗਲਤ ਦਰਜ ਹਨ, ਉਹਨਾਂ ਗੁਰੂ ਸਾਹਿਬਾਨਾਂ ਦੇ ਅਸਲੀ ਨਾਵਾਂ ‘ਤੇ ਕਿਸੇ ਵੀ ਅਜਿਹੇ ਕਾਰੋਬਾਰ ਦੇ ਨਾਮ ਦੀ ਫਰਮ ਜਾਂ ਕੰਪਨੀ ਰਜਿਸਟਿਡ ਹੋ ਸਕਦੀ ਹੈ, ਜੋ ਸਿੱਖੀ ਮਰਿਯਾਦਾ ਦੇ ਅਨਕੂਲ ਨਾ ਹੋਵੇ, ਫਿਰ ਸਿੱਖਾਂ ਨੂੰ ਇਸ ਮਾਮਲੇ ਪ੍ਰਤੀ ਅਦਾਲਤਾਂ ਵਿੱਚ ਲੰਬੀ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ, ਦੂਸਰਾ ਜਿਸ ਤਰਾਂ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਕੁਝ ਹਿੰਦੂਤਵੀ ਤਾਕਤਾਂ ਵਿਸਨੂੰ ਦਾ ਮੰਦਰ ਕਹਿ ਰਹੀਆਂ ਹਨ, ਕੱਲ ਨੂੰ ਉਹੀ ਹਿੰਦੂਤਵੀ ਤਾਕਤਾਂ ਗੁਰੂ ਸਾਹਿਬਾਨ ਦੇ ਗਲਤ ਦਰਜ ਕੀਤੇ ਨਾਵਾਂ ਹਰਿਕ੍ਰਿਸ਼ਨਨ ਨੂੰ ਸ੍ਰੀ ਕ੍ਰਿਸ਼ਨ ਦਾ ਨਾਮ, ਗੋਵਿੰਦਾ ਨੂੰ ਵੀ ਕ੍ਰਿਸ਼ਨ ਦੇ ਨਾਮ ਨਾਲ ਜੋੜ ਲੈਣਗੀਆਂ, ਇਸੇ ਤਰਾਂ ਤੇਜ ਬਹਾਦਰ ਦੇ ਨਾਮ ਦੀ ਵੀ ਗਲਤ ਵਰਤੋਂ ਕਰਕੇ ਸਿੱਖ ਕੌਮ ਲਈ ਨਵੀਂ ਚਣੌਤੀ ਖੜੀ ਕਰ ਦੇਣਗੀਆਂ, ਇਸ ਲਈ ਰਜਿਸਟਰਾਰ ਦਫਤਰ ਵਿੱਚ ਵੀ ਗੁਰੂ ਸਾਹਿਬਨ ਦੇ ਨਾਮ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਲਦੀਪ ਸਿੰਘ ਨੇ ‘ਪਹਿਰੇਦਾਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਿਛਲੇ ਦਿਨੀ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ‘ਗੂਰੂ ਨਾਨਕ ਮੋਦੀਖਾਨਾ’ ਨਾਮ ਵੀ ਪੈਟਿੰਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਉਹਨਾਂ ਨੇ ਰਜਿਸਟਰਾਰ ਦਫਤਰ ਵਿੱਚ ਸਿਕਾਇਤ ਦਰਜ ਕੀਤੀ ਤਾਂ ‘ਗੁਰੂ ਨਾਨਕ ਮੋਦੀਖਾਨਾ’ ਨਾਮ ਪੈਟਿੰਟ ਨਹੀਂ ਹੋ ਸਕਿਆ। ਉਹਨਾਂ ਦੱਸਿਆ ਕਿ ਇਸ ਤਰ•ਾਂ ਅੱਜ ਕੋਈ ਸਸਤੇ ਰੇਟ ‘ਤੇ ਦਵਾਈਆਂ ਵੇਚਣ ਦਾ ਦਾਅਵਾ ਕਰਨ ਵਾਲਾ ਆਪਣੀ ਦੁਕਾਨ ਦਾ ਨਾਮ ‘ਗੁਰੂ ਨਾਨਕ ਮੋਦੀਖਾਨਾ’ ਰੱਖ ਲਵੇਗਾ, ਤਾਂ ਕੱਲ ਨੂੰ ਹੋਰ ਸਮਾਨ ਸਸਤੇ ਰੇਟ ‘ਤੇ ਵੇਚਣ ਦਾ ਦਾਅਵਾ ਕਰਨ ਵਾਲੇ ਲੋਕ ਵੀ ਇਸ ਤਰ•ਾਂ ਨਾਮ ਰੱਖ ਸਕਦੇ ਹਨ, ਚਾਹੇ ਉਹ ਸਮਾਨ ਜਾਂ ਕਾਰੋਬਾਰ ਸਿੱਖਾਂ ਰਹੁ ਰੀਤਾਂ ਦੇ ਵਿਰੁੱਧ ਕਿਉਂ ਨਾ ਹੋਵੇ। ਕੁਲਦੀਪ ਸਿੰਘ ਅਤੇ ਵਕੀਲ ਮਨਜੀਤ ਸਿੰਘ ਬਟਾਲੀਆ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਜੇਹੜੇ 123 ਨਾਮਾਂ ‘ਤੇ ਪਾਬੰਦੀ ਲਗਾਈ ਹੋਈ ਹੈ, ਜਿਹਨਾਂ ਵਿੱਚ 10 ਗੁਰੂ ਸਾਹਿਬਾਨ ਦੇ ਨਾਮ ਵੀ ਦਰਜ ਹੈ, ਜੇਕਰ ਉਹਨਾਂ ਨਾਵਾਂ ਉਪਰ ਕੋਈ ਆਪਣੀ ਫਰਮ, ਦੁਕਾਨ, ਕੰਪਨੀ, ਕਾਰੋਬਾਰ ਜਾਂ ਸੰਸਥਾ ਦਾ ਨਾਮ ਰੱਖਦਾ ਹੈ ਤਾਂ ਕਾਨੂੰਨ ਮੁਤਾਬਿਕ ਉਸ ਨੂੰ ਤੁਰੰਤ ਸੀਲ ਕੀਤਾ ਜਾ ਸਕਦਾ ਹੈ ਅਤੇ ਨਾਮ ਵਰਤਣ ਵਾਲੇ ਵਿਅਕਤੀ ਖਿਲਾਫ ਸਖਤ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਸਕਦਾ ਹੈ, ਜਿਸ ਤਹਿਤ 6 ਮਹੀਨੇ ਤੱਕ ਜਮਾਨਤ ਵੀ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਕਮਾਲ ਦੀ ਗੱਲ ਇਹ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਨਾਮ ਦੀ ਵਰਤੋਂ ਦਿੱਲੀ ਤੇ ਪੰਜਾਬ ਵਿੱਚ ਸਿੱਖਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਜਿਸ ਦੀ ਰੋਕਥਾਮ ਲਈ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਕਿ ਇਸ ਮਾਮਲੇ ‘ਤੇ ਤੁਰੰਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਰਜਿਸਟਰਾਰ ਦਫਤਰ ਵਿੱਚ ਗੁਰੂ ਸਾਹਿਬਾਨ ਦੇ ਨਾਮ ਵੀ ਸਹੀ ਕਰਵਾਏ ਜਾਣ ਤਾਂ ਕਿ ਗੁਰੂ ਸਾਹਿਬਾਨ ਦੇ ਨਾਮਾਂ ਦੀ ਕੋਈ ਗਲਤ ਵਰਤੋਂ ਨਾ ਕਰ ਸਕੇ।

Real Estate