ਵਿਸ਼ਵ ਆਲਸੀ ਦਿਹਾੜਾ – ਭੁਪਾਲ ‘ਚ 88 ਸਾਲ ਪਹਿਲਾਂ ਬਣਾਇਆ ਸੀ ਆਲਸੀਆਂ ਦਾ ਕਲੱਬ

582

ਵਿਕਾਸ ਸ਼ਰਮਾ

10 ਅਗਸਤ ਨੂੰ ‘ਵਰਲਡ ਲੇਜ਼ੀਨਸ ਡੇ’ ਯਾਨੀ ਸੰਸਾਰ ਸੁਸਤੀ ਦਿਨ ਹੁੰਦਾ ਹੈ, ਇਸ ਦਿਨ ਕੰਲੋਬੀਆ ਦੇ ਲੋਕ ਗੱਦੇ ਅਤੇ ਬਿਸਤਰ ਲੈ ਕੇ ਆਉਂਦੇ ਹਨ ਅਤੇ ਸੜਕ ਉੱਤੇ ਸੌਂਦੇ ਹੋਏ ਸਮਾਂ ਟਪਾਉਂਦੇ ਹਨ । ਹਰ ਸਾਲ ਇਸ ਦਿਨ ਕੋਲੰਬੀਆ ਦਾ ੲਟੈਗਯੂਈ ਸ਼ਹਿਰ ਆਲਸੀਆਂ ਨਾਲ ਭਰ ਜਾਂਦਾ ਹੈ। ਇੱਥੋ ਦੇ ਲੋਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਨ ਤਾਂ ਕਿ ਉਹ ਆਪਣੀਆਂ ਪ੍ਰੇਸ਼ਾਨੀਆਂ ਤੋਂ ਬਾਹਰ ਆ ਕੇ ਸਕੂਨ ਨਾਲ ਸਮਾਂ ਬਿਤਾ ਸਕਣ । ਇਹ ਰਵਾਇਤ 1985 ਵਿੱਚ ਸੁਰੂ ਹੋਈ ਸੀ ਜਦੋਂ ੲਟੈਗਯੂਈ ਦੇ ਮਾਰੀਓ ਮੌਟੋਆ ਨੂੰ ਇਹ ਵਿਚਾਰ ਆਇਆ ਕਿ ਲੋਕਾਂ ਕੋਲ ਸਿਰਫ ਆਰਾਮ ਲਈ ਵੀ ਇਕ ਦਿਨ ਹੋਣਾ ਚਾਹੀਦਾ ।
ਇਸ ਦਿਨ ਅਜਬ- ਗਜਬ ਮੁਕਾਬਲੇ ਵੀ ਹੁੰਦੇ ਹਨ।
ਸੁਸਤੀ ਸਬੰਧੀ ਇਹ ਗੱਲ ਤਾਂ ਆਲਮੀ ਵਰਤਾਰੇ ਦੀ ਹੈ, ਆਜੋ ਫਿਰ ਭਾਰਤ ਵੱਲ ਝਾਕੀਏ ।
ਭਾਰਤ ਵਿੱਚ ਸਭ ਤੋਂ ਪਹਿਲੇ ‘ਆਲਸੀਆਂ ਦੇ ਕਲੱਬ’ ਦੇ ਬਾਰੇ ਗੱਲ ਕਰੀਏ। 1932- 33 ਵਿੱਚ ਜਦੋਂ ਨਵਾਬਾਂ ਦਾ ਦੌਰ ਸੀ , ਉਦੋਂ ਭੁਪਾਲ ਦੀ ਆਬਾਦੀ 50 ਹਜ਼ਾਰ ਤੋਂ ਵੀ ਘੱਟ ਸੀ । ਇੱਥੋਂ ਦੇ ਲੋਕ ਹਮੇਸਾ ਬੇਫਿਕਰ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਸਨ । ਇੱਥੇ ਸ਼ੇਅਰੋ –ਸ਼ਾਇਰੀ ਦੀਆਂ ਮਹਿਫਿਲਾਂ ਹੋਇਆ ਕਰਦੀਆਂ ਸਨ ।

ਸ਼ਾਇਰ ਜਿਗਰ ਮੁਰਾਦਾਬਾਦੀ

ਮਸ਼ਹੂਰ ਸ਼ਾਇਰ ਜਿਗਰ ਮੁਰਾਦਾਬਾਦੀ ਦਾ ਭੁਪਾਲ ‘ਚ ਆਉਣ-ਜਾਣ ਰਹਿੰਦਾ ਹੀ ਸੀ । ਇੱਥੋਂ ਦੀਆਂ ਬੇਫਿਕਰ-ਬੇਪਰਵਾਹ ਮਹਿਫਿਲਾਂ ਦੇਖ ਇਕ ਦਿਨ ਜਿਗਰ ਸਾਹਿਬ ਨੂੰ ਸ਼ਰਾਰਤ ਸੁੱਝੀ । ਉਹਨਾਂ ਨੇ ਰਾਇ ਦਿੱਤੀ ਕਿ ਕਿਉਂ ਨਾ ‘ ਕਾਹਿਲੋਂ ਕੀ ਅੰਜੂਮਨ ( ਆਲਸੀਆ ਦੀ ਸੰਸਥਾ ) ਬਣਾਈ ਜਾਵੇ। ਮਹਿਫਿਲ ‘ਚ ਮੌਜੂਦ ਸਾਰੇ ਲੋਕਾਂ ਨੇ ਸਹਿਮਤੀ ਦੇ ਦਿੱਤੀ । ਮਹਿਫਿ਼ਲ ਵਿੱਚ ਸ਼ਾਮਿਲ ਜਨਾਬ ਜੌਹਰ ਕੂਰੈਸ਼ੀ ਨੇ ਆਪਣੇ ਮਕਾਨ ਦਾ ਇੱਕ ਹਿੱਸਾ ਇਸ ਲਈ ਖੁੱਲ੍ਹਵਾ ਦਿੱਤਾ। ਫਿਰ ਇਸਦਾ ਨਾਂਮ ਤਹਿ ਹੋਇਆ ‘ਦਾਰ-ਉਲ- ਕੋਹਿਲਾ’ ਯਾਨੀ ਆਲਸੀਆਂ ਦਾ ਕਲੱਬ ( ਅਰਬੀ ਵਿੱਚ ‘ਦਾਰ-ਉਲ’ ਸਕੂਲ ਨੂੰ ਆਖਿਆ ਜਾਂਦਾ ਹੈ ਅਤੇ ‘ਕੋਹਲਾ’ ਆਲਸੀ ਨੂੰ ਕਿਹਾ ਜਾਂਦਾ ਹੈ ।’ ਐਨਾ ਹੀ ਨਹੀਂ , ਇਸ ਕਲੱਬ ਦੇ ਕਾਇਦੇ –ਕਾਨੂੰਨ ਵੀ ਤਹਿ ਹੋਏ ।
ਦਾਰ –ਉਲ-ਕੋਹਲਾ ਦੇ ਨਿਯਮ ਸਨ ।
1 ਮੈਂਬਰਸਿ਼ਪ ਫੀਸ ਸਿਰਫ਼ ਇੱਕ ਤਕੀਆ ਸੀ ।
2 ਦਾਰ –ਉਲ- ਕੋਹਲਾ ਦੀ ਸਭਾ ਸਮਾਂ ਰਾਤ 9 ਵਜੇ ਤੋ ਸਵੇਰੇ ਤਿੰਨ ਵਜੇ ਤੱਕ ਸੀ
3 ਹਰੇਕ ਮੈਂਬਰ ਨੂੰ ਰੋਜ਼ਾਨਾ ਹਾਜ਼ਰੀ ਦੇਣੀ ਸੀ , ਚਾਹੇ ਮੀਂਹ ਪਵੇ ਜਾਂ ਹਨੇਰੀ , ਤੂਫਾਨ ਆਵੇ ।
4 ਦਾਰ – ਉਲ –ਕੋਹਲਾ ‘ਚ ਸੌਣ ‘ਤੇ ਪਾਬੰਦੀ ਸੀ।
5 ਲੇਟਿਆ ਹੋਇਆ ਮੈਂਬਰ ਬੈਠੇ ਹੋਏ ਮੈਂਬਰ ਨੂੰ ਹੁਕਮ ਦੇ ਸਕਦਾ ਸੀ , ਅਤੇ ਬੈਠਿਆ ਹੋਇਆ ਮੈਂਬਰ ਖੜ੍ਹੇ ਮੈਂਬਰ ਨੂੰ । ਜਿਵੇਂ ਹੁੱਕਾ ਭਰ ਦਿਓ , ਚਾਹ ਲਿਆ ਕੇ ਦਿਓ ਜਾਂ ਪਾਨ ਬਣਾ ਕੇ ਦਿਓ ।
ਇਸਦੇ ਮੈਂਬਰ ਕਈ ਐਸੇ ਵੈਸੇ ਲੋਕ ਹੀ ਨਹੀਂ ਬਲਕਿ ਸ਼ਹਿਰ ਦੇ ਮਸ਼ਹੂਰ ਅਫਸਰ ਅਤੇ ਰਿਆਸਤ ਵਿੱਚ ਉੱਚਾ ਅਹੁਦਾ ਰੱਖਣ ਵਾਲੇ ਲੋਕ ਸਨ । ਸਾਹਿਤਕਾਰ ਸਿ਼ਆਮ ਮੁਨਸ਼ੀ ਦੱਸਦੇ ਹਨ ਕਿ ਇਸ ਕਲੱਬ ਦੇ ਪ੍ਰਧਾਨ ਖੁਦ ਜਿਗਰ ਮੁਰਾਦਾਬਾਦੀ ਸਨ । ਮਹਿਮੂਦ ਅਲੀ ਖਾਂ ਇਸਦੇ ਸਕੱਤਰ ਸਨ। ਖਾਨ ਸ਼ਾਕਿਰ ਅਲੀ ਖਾਂ ਸ਼ੇਰ-ਏ- ਭੋਪਾਲ , ਮੁਹੰਮਦ ਅਸਗਰ ਸ਼ੇਰੀ ਭੋਪਾਲੀ , ਬਾਸਿਤ ਭੁਪਾਲੀ ਵਰਗੇ ਸ਼ਹਿਰ ਦੇ ਆਲ੍ਹਾ ਤਾਲੀਮਯਾਫਤਾ ਲੋਕ ਇਸਦੇ ਮੈਂਬਰ ਸਨ। ਸਿ਼ਆਮ ਮੁਨਸ਼ੀ ਨੇ ਆਪਣੀ ਕਿਤਾਬ ‘ ਸਿਰਫ਼ ਨਕਸ਼ੇ ਕਦਮ ਰਹਿ ਗਏ’ ਵਿੱਚ ਵੀ ਇਸਦੇ ਬਾਰੇ ਲਿਖਿਆ ਹੈ।
ਸਿ਼ਆਮ ਮੁਨਸ਼ੀ ਦੱਸਦੇ ਹਨ ਕਿ ਇਸ ਕਲੱਬ ਵਿੱਚ ਆਲਸ ਦਾ ਆਲਮ ਇਹ ਸੀ ਕਿ ਇੱਕ ਵਾਰ ਮੌਲਵੀ ਲੇਟੇ ਹੋਏ ਹੁੱਕਾ ਪੀ ਰਹੇ ਸਨ । ਅਚਾਨਕ , ਮਘਦੇ ਹੋਏ ਕੋਲਿਆਂ ਨਾਲ ਭਰੀ ਹੁੱਕੇ ਦੀ ਚਿਲਮ ਉਹਦੇ ‘ਤੇ ਡਿੱਗ ਪਈ । ਦਰੀ –ਚਾਦਰ ਅਤੇ ਸਿਰਹਾਣੇ ਮੱਚਣ ਲੱਗੇ ਪਰ ਮੈਂਬਰਾਂ ਵਿੱਚੋਂ ਕਿਸੇ ਨੇ ਉੱਠਣ ਦੀ ਜਹਿਮਤ ਨਹੀਂ ਕੀਤੀ । ਬਾਅਦ ਵਿੱਚ ਕਿਸੇ ਤਰ੍ਹਾਂ ਅੱਗ ਨੂੰ ਬੁਝਾਇਆ ।
ਸਿ਼ਆਮ ਮੁਨਸ਼ੀ ਦੱਸਦੇ ਹਨ ਕਿ ਮਜਾ ਤਾਂ ਉਦੋਂ ਆਉਂਦਾ ਸੀ , ਜਦੋਂ ਜ਼ਬਰਦਸਤ ਮੀਂਹ ਹੋਵੇ ਅਤੇ ਭਿੱਜੇ ਹੋਏ ਮੈਂਬਰ ਦਾਰ- ਉਲ-ਕੋਹਲਾ ‘ਚ ਹਾਜ਼ਰੀ ਦੇਣ ਪਹੁੰਚਦੇ ਸਨ ਅਤੇ ਇੱਕ ਹੋਰ ਖਾਸ ਗੱਲ ਕੇ ਕਿ ਕੋਈ ਲੇਟਿਆ ਮੈਂਬਰ ਹੁਕਮ ਨਾ ਦੇ ਦੇਵੇ , ਇਸ ਡਰ ਤੋਂ ਦੇਰੀ ਨਾਲ ਆਉਣ ਵਾਲੇ ਮੈਂਬਰ ਰੀਂਗਦੇ ਹੋਏ ਦਾਖਿਲ ਹੁੰਦੇ ਸਨ। ਇੱਥੇ ਸਾਰੇ ਕੰਮ ਪਏ-ਪਏ ਹੀ ਹੁੰਦੇ ਸਨ। ਸ਼ੇਅਰੋ –ਸ਼ਾਇਰੀ ਜਾਂ ਕਿੱਸਾ ਬਿਆਨੀ ਅਤੇ ਦਾਦ ਦੇਣਾ ਵਗੈਰਾ ਸਭ ਲੇਟ ਕੇ ਹੁੰਦਾ ਸੀ ।
ਚਾਹ ਪੀਂਦੇ ਸਮੇਂ ਜਾਂ ਖਾਣਾ ਖਾਂਦੇ ਸਮੇਂ ਪ੍ਰਧਾਨ ਦੇ ਹੁਕਮ ਨਾਲ ਕੁਝ ਦੇਰ ਬੈਠਿਆ ਜਾ ਸਕਦਾ ਸੀ ।
ਸਿ਼ਆਮ ਮੁਨਸ਼ੀ ਦੱਸਦੇ ਹਨ ਕਿ ਅਜਿਹੇ ਲੋਕਾਂ ਦੀ ਵਜਾਹ ਨਾਲ ਦਾਰ-ਉਲ –ਕੋਹਲਾ ਦੀ ਸ਼ੋਹਰਤ ਬਹੁਤ ਥੋੜੇ ਸਮੇਂ ‘ਚ ਪੂਰੀ ਹਿੰਦੋਸਤਾਨ ‘ਚ ਫੈਲ ਗਈ । ਪਰ ਅਫ਼ਸੋਸ ਦੀ ਗੱਲ ਕਿ ਜਿਗਰ ਸਾਹਿਬ ਦੇ ਜਾਣ ਮਗਰੋਂ ਇਹ ਅਜੀਬੋ ਗਰੀਬ ਕਲੱਬ ਖਤਮ ਹੋ ਗਿਆ ਅਤੇ ਇਸਦੇ ਮੈਂਬਰਾਨ ਵਿੱਚੋਂ ਕੋਈ ਵੀ ਜਿੰਦਾ ਨਹੀਂ ਹੈ। ਮੁਨਸ਼ੀ ਦੇ ਮੁਤਾਬਿਕ, ਇਹ ਕੋਈ ਕਿੱਸਾ ਨਹੀਂ ਬਲਕਿ ਵਾਕਿਆ ਹੈ , ਜੋ ਉਸਦੇ ਪਿਤਾ ਜੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਬਚਪਨ ਵਿੱਚ ਉਸਨੂੰ ਸੁਣਾਇਆ ਸੀ । ਜਿਗਰ ਸਾਹਿਬ ਵੈਸੇ ਤਾਂ ਸਾਰੇ ਹਿੰਦੋਸਤਾਨ ‘ਚ ਘੁੰਮਦੇ ਰਹੇ ਪਰ ਉਹਨਾਂ ਨੂੰ ਦਾਰ-ਉਲ –ਕੋਹਲਾ ਕਾਇਮ ਕਰਨ ਲਈ ਭੁਪਾਲ ਹੀ ਸਭ ਤੋਂ ਵਧੀਆ ਥਾਂ ਲੱਗੀ। ਮੇਰੇ ਖਿਆਲ ‘ਚ ਜਿਗਰ ਸਾਹਿਬ ਭੁਪਾਲ ਵਾਲਿਆਂ ਦੀ ਕਾਬਲੀਅਤ, ਜਹਾਨਤ , ਹਾਜਿ਼ਰ ਜਵਾਬੀ ਅਤੇ ਸੈਂਸ ਆਫ ਹਿਊਮਰ ਤੋਂ ਬਹੁਤ ਪ੍ਰਭਾਵਿਤ ਸਨ ਪਰ ਉਹਨਾਂ ਦੀ ਕਾਹਿਲੀ (ਆਲਸ ) ਨੂੰ ਦਾਰ-ਉਲ-ਕੋਹਲਾ ਬਣਾ ਕੇ ਇੱਕ ਤੋਹਫਾ ਦਿੱਤਾ ਸੀ । ਭੁਪਾਲ ਵਾਲਿਆਂ ਨੇ ਵੀ ਜਿਗਰ ਸਾਹਿਬ ਦੇ ਜਾਂਦੇ ਹੀ ਦਾਰ –ਉਲ-ਕੋਹਲਾ ਨੂੰ ਖ਼ਤਮ ਕਰਕੇ ਕਾਹਿਲੀ ਦਾ ਇੱਕ ਹੋਰ ਸਬੂਤ ਪੇਸ਼ ਦਿੱਤਾ।

Real Estate