“ਕਾਰਪੋਰੇਟੋ ! ਭਾਰਤ ਦਾ ਖੇਤੀ ਖੇਤਰ ਛੱਡੋ” ਦੇ ਨਾਅਰੇ ਤਹਿਤ ਦਸ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਸਾਰੇ ਐਮ.ਪੀ ਤੇ ਵਿਧਾਇਕਾਂ ਨੂੰ ਦਿੱਤੇ ਚਿਤਾਵਨੀ ਪੱਤਰ

201

ਚੰਡੀਗੜ, 10 ਅਗਸਤ (ਜਗਸੀਰ ਸਿੰਘ ਸੰਧੂ) : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉਤੇ ਦਿੱਤੇ ਗਏ ਨਾਅਰੇ “ਕਾਰਪੋਰੇਟੋ ! ਭਾਰਤ ਦਾ ਖੇਤੀ ਖੇਤਰ ਛੱਡੋ” ਦੇ ਅਧੀਨ ਅੱਜ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀ ਵਿਧਾਨ ਸਭਾ ਵਿਚ ਚੁਣੇ ਹੋਏ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਅਤੇ ਦਫ਼ਤਰਾਂ ਸਾਹਮਣੇ ਜਾ ਕੇ ਉਨ੍ਹਾਂ ਨੂੰ ਚਿਤਾਵਨੀ ਪੱਤਰ ਦਿੱਤੇ ਗਏ।
ਇਹਨਾਂ ਦਸ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਨੇ ਜੋ ਕਿਸਾਨਾਂ ਵਿਰੋਧੀ ਤਿੰਨ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਲਿਆਂਦਾ ਹੈ, ਉਸਦੇ ਵਿਰੋਧ ਵਿੱਚ ਪਹਿਲਾਂ ਟਰੈਕਟਰਾਂ ਉੱਪਰ ਮਾਰਚ ਕਰਦੇ ਹੋਏ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਗਈ ਸੀ, ਪਰ ਅੱਜ ਕਿਸਾਨਾਂ ਵੱਲੋਂ ਮੋਟਰਸਾਈਕਲਾਂ ਉੱਤੇ ਮਾਰਚ ਕਰਦੇ ਹੋਏ ਪੰਜਾਬ ਦੇ ਚੁਣੇ ਹੋਏ ਐਮਐਲਏ ਅਤੇ ਮੈਂਬਰ ਪਾਰਲੀਮੈਂਟਾਂ ਨੂੰ ਚਿਤਾਵਨੀ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਮਤਾ ਪਾ ਕੇ ਇਸ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਪੱਖ ਵਿੱਚ ਸਟੈਂਡ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਤੇ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਇਨ੍ਹਾਂ ਲੀਡਰਾਂ ਦਾ ਵੜਨਾ ਬੰਦ ਕੀਤਾ ਜਾਵੇਗਾ ਅਤੇ ਜਗ੍ਹਾ ਜਗ੍ਹਾ ਘੇਰ ਕੇ ਲੋਕ ਵਿਰੋਧੀ ਕਿਰਦਾਰ ਨਿਭਾਉਣ ਦੇ ਸਵਾਲ ਕੀਤੇ ਜਾਣਗੇ ।ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸ ਲੈ ਕੇ ਆਈ ਹੈ ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਜਿਸ਼ ਭਰੇ ਢੰਗ ਨਾਲ ਚੁੱਪ ਸਾਧ ਲੈਣਾ ਵੀ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ । ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਮਤਾ ਲਿਆ ਕੇ ਆਰਡੀਨੈੰਸਾਂ ਨੂੰ ਰੱਦ ਕਰੇ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਪੰਜਾਬ ਦੇ ਪਿੰਡਾਂ ਤੇ ਸਹਿਰਾਂ ਵਿੱਚੋਂ ਦੀ ਮਾਰਚ ਕਰਦਿਆਂ ਹੋਇਆਂ ਅਗਲਾ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਇਹਨਾਂ ਆਰਡੀਨੈੰਸਾ ਨੂੰ ਰੱਦ ਨਹੀਂ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਨ੍ਹਾਂ ਮਾਰਚਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਕਰਮਜੀਤ ਸਿੰਘ ਤਲਵੰਡੀ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਨੇ ਕੀਤੀ।

Real Estate