ਰਾਜ ਭਵਨ ਦੇ ਅੱਗੇ ਰੋਸ ਪ੍ਰਦਰਸ਼ਨ ਕਰਦੇ ਅਕਾਲੀ ਆਗੂ ਮਜੀਠੀਆ ਤੇ ਭੂੰਦੜ ਗ੍ਰਿਫਤਾਰ ਕੀਤੇ

 ਚੰਡੀਗੜ, 7 ਅਗਸਤ (ਜਗਸੀਰ ਸਿੰਘ ਸੰਧੂ) : ਅਕਾਲੀ ਦਲ ਵੱਲੋਂ ਅੱਜ ਰਾਜ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਚੰਡੀਗੜ੍ਹ ਪੁਲਿਸ ਵੱਲੋਂ ਬਿਕਰਮ ਮਜੀਠੀਆ ਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਅਨੇਕਾਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਹਿਰੀਲੀ ਸ਼ਰਾਬ ਨਾਲ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹੋਈਆਂ ਮੌਤਾਂ ਦੇ ਰੋਸ ਵੱਜੋਂ ਅਕਾਲੀ ਦਲ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਕਾਲੀ ਵਰਕਰਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖ ਚੰਡੀਗੜ੍ਹ ਪੁਲਿਸ ਵੱਲੋਂ ਰਾਜ ਭਵਨ ਨੂੰ ਆਉਣ ਵਾਲੇ ਸਾਰੇ ਹੀ ਰਸਤੇ ਬਲਾਕ ਕਰਕੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ। ਅਕਾਲੀ ਦਲ ਦੇ ਵਰਕਰਾਂ ਨੂੰ 300 ਮੀਟਰ ਦੀ ਦੂਰੀ ‘ਤੇ ਹੀ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਲਗਾਤਾਰ ਵਧ ਰਹੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਵੱਲੋਂ ਸਾਰੇ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਬਿਕਰਮ ਮਜੀਠੀਆ ਨੇ ਕੈਪਟਨ ਦੀ ਤਰਨ ਤਾਰਨ ਫੇਰੀ ਨੂੰ ਮਹਿਜ਼ ਫ਼ੋਟੋ ਸੈਕਸ਼ਨ ਦੱਸਿਆ ਤੇ ਕਿਹਾ ਕਿ ਕੈਪਟਨ ਨੇ ਤਰਨ ਤਾਰਨ ਜਾ ਕੇ ਸਿਰਫ ਖਾਨਾਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਦੋਸ਼ੀਆਂ ਨੂੰ ਤਰਨ ਤਾਰਨ ਆਪਣੇ ਨਾਲ ਹੀ ਘੁਮਾਉਂਦੇ ਰਹੇ। ਅਕਾਲੀ ਦਲ ਨੇ ਇਸ ਪੂਰੇ ਕਾਂਡ ਲਈ ਸੀਬੀਆਈ ਦੀ ਜਾਂਚ ਮੰਗੀ ਤੇ ਈਡੀ ਨੂੰ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਦੁਖਾਂਤ ਦੇ ਪੀੜਤਾਂ ਨਾਲ 10 ਮਿੰਟ ਦੀ ਮਿਲਣੀ, ਇਹ ਸਪੱਸ਼ਟ ਕਰਦੀ ਹੈ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਕਾਂਗਰਸ ਚਾਹੇ ਲੋਕਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਤੋੰ ਪਿੱਛੇ ਹੱਟਦੀ ਰਹੇ, ਪਰ ਸ਼੍ਰੋਮਣੀ ਅਕਾਲੀ ਦਲ ‘ਜਾਅਲੀ ਸ਼ਰਾਬ ਘਟਨਾਕ੍ਰਮ’ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਅਖ਼ੀਰ ਤੱਕ ਲੜਦਾ ਰਹੇਗਾ।

Real Estate