ਪਿੰਡ ਕੁਤਬਾ ਦੇ ਲਾਪਤਾ ਫ਼ੌਜੀ ਸਤਵਿੰਦਰ ਦੇ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ

233

ਇਹ ਸਵਾਰਥੀ ਸਿਆਸਤ ਅਤੇ ਮਾੜੀ ਅਫ਼ਸਰਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ ਹੈ
ਕਿਸੇ ਨੂੰ ਕੀ ਪਤਾ ਅਸੀਂ ਕਿਵੇਂ ਦਿਨ-ਰਾਤ ਕੱਟਦੇ ਹਾਂ : ਪਿਤਾ ਅਮਰ ਸਿੰਘ 
ਬਰਨਾਲਾ, 6 ਅਗਸਤ (ਨਿਰਮਲ ਸਿੰਘ ਪੰਡੋਰੀ) : “ਨਜ਼ਰਾਂ ਹਰ ਵਕਤ ਬੂਹੇ ‘ਤੇ ਹੀ ਟਿਕੀਆਂ ਰਹਿੰਦੀਆਂ ਨੇ ਅਤੇ ਕੱੰਨ ਹਰ ਵਕਤ ਫੋਨ ਦੀ ਘੰਟੀ ਵੱਲ ਨੂੰ ਜੁੜੇ ਰਹਿੰਦੇ ਨੇ ਕਿ ਕਦ ਮੇਰੇ ਪੁੱਤ ਸਤਵਿੰਦਰ ਦਾ ਕੋਈ ਸੁੱਖ ਸੁਨੇਹਾ ਆਵੇ ਤੇ ਮੇਰੇ ਕਾਲਜੇ ਠੰਢ ਪੈ ਜਾਵੇ” ਇਹ ਸ਼ਬਦ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕੁਤਬਾ ਦੇ ਲਾਪਤਾ ਫੌਜੀ ਨੌਜਵਾਨ ਸਤਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ ਦੇ ਹਨ। ਸਤਵਿੰਦਰ ਸਿੰਘ 17 ਜੁਲਾਈ ਤੋਂ 22 ਜੁਲਾਈ ਦੇ ਵਿਚਕਾਰ ਚੀਨ ਦੀ ਸਰਹੱਦ ‘ਤੇ ਪੈਟਰੋਲਿੰਗ ਦੌਰਾਨ ਪੈਰ ਫਿਸਲਣ ਕਰਕੇ ਆਪਣੇ ਇੱਕ ਫ਼ੌਜੀ ਸਾਥੀ ਲਖਵੀਰ ਸਿੰਘ ਸਮੇਤ ਇੱਕ ਛੋਟੀ ਨਦੀ ਵਿੱਚ ਡਿੱਗ ਪਿਆ ਸੀ।ਲਖਵੀਰ ਸਿੰਘ ਦੀ ਮ੍ਰਿਤਕ ਦੇਹ ਤਾਂ ਫ਼ੌਜ ਨੇ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤੀ ਸੀ ਪ੍ਰੰਤੂ 17 ਦਿਨ ਬੀਤਣ ‘ਤੇ ਵੀ ਸਤਵਿੰਦਰ ਸਿੰਘ ਦੀ ਕੋਈ ਉੱਘ ਸੁੱਘ ਨਹੀਂ ਹੈ। ਇਸ ਪ੍ਰਤੀਨਿਧ ਨਾਲ ਗੱਲ ਕਰਦੇ ਹੋਏ ਸਤਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ ਅਤੇ ਵੱਡੇ ਭਰਾ ਮਨਜਿੰਦਰ ਸਿੰਘ ਨੇ ਦੱਸਿਆ ਕਿ 17 ਜੁਲਾਈ ਨੂੰ ਸਤਵਿੰਦਰ ਨੇ ਫੋਨ ‘ਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਸੀ ਅਤੇ 22 ਜੁਲਾਈ ਨੂੰ ਫ਼ੌਜ ਵਿੱਚੋਂ ਫੋਨ ਆਇਆ ਕਿ “ਤੁਹਾਡਾ ਸਤਵਿੰਦਰ ਕੁਝ ਦਿਨਾਂ ਤੋ ਲਾਪਤਾ ਹੈ”। ਪਿਤਾ ਅਮਰ ਸਿੰਘ ਨੇ ਰੋਂਦੇ ਹੋਏ ਕਿਹਾ “ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉੱਡ ਗਿਆ। ਰਾਤ ਨੂੰ ਉੱਭੜਵਾਹੇ ਉੱਠ ਕੇ ਬੈਠ ਜਾਂਦੇ ਹਾਂ। ਨੌਜਵਾਨ ਪੁੱਤਰ ਦੀ ਪੈੜ ਚਾਲ ਦੇ ਭੁਲੇਖੇ ਪੈਂਦੇ ਹਨ”। ਆਪਣੇ ਜਿਗਰ ਦੇ ਟੋਟੇ ਸਤਵਿੰਦਰ ਸਿੰਘ ਦੀ ਉਡੀਕ ਵਿੱਚ ਅੱਖਾਂ ਸੁੁਜਾਈ ਬੈਠੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ “ਹਰ ਦਿਨ ਸਤਵਿੰਦਰ ਦੀ ਉਡੀਕ ਵਿੱਚ ਲੰਘ ਜਾਂਦਾ ਹੈ।ਜਦ ਕਦੇ ਮੋਬਾਈਲ ਦੀ ਘੰਟੀ ਵੱਜਦੀ ਹੈ,ਮਨ ਨੂੰ ਹੌਸਲਾ ਜਿਹਾ ਮਿਲਦਾ ਹੈ। ਫਿਰ ਫੌਜ ਵਾਲੇ ਆਖ ਦਿੰਦੇ ਨੇ ਕਿ ਅਜੇ ਲੱਭ ਰਹੇ ਹਾਂ…ਮੈਂ ਮਾਂ ਹਾਂ। ਮੇਰੇ ਕਾਲਜੇ ਦੀਆਂ ਆਂਦਰਾਂ ਰਿੱਝ ਰਹੀਆਂ ਨੇ। ਛੇਤੀ ਕੋਈ ਮੇਰੇ ਪੁੱਤਰ ਦਾ ਸੁੱਖ ਸੁਨੇਹਾ ਆਵੇ”। ਬਿਪਤਾ ਦੀ ਇਸ ਘੜੀ ਵਿੱਚ ਸਤਵਿੰਦਰ ਸਿੰਘ ਦਾ ਵੱਡਾ ਭਰਾ ਮਨਜਿੰਦਰ ਸਿੰਘ ਆਪਣੇ ਬੁੱਢੇ ਮਾਂ ਬਾਪ ਦਾ ਆਸਰਾ ਬਣਿਆ । ਮਨਜਿੰਦਰ ਨੂੰ ਪੂਰੀ ਉਮੀਦ ਹੈ ਕਿ ਸਤਵਿੰਦਰ ਹੱਸਦਾ ਖੇਡਦਾ ਘਰ ਵਾਪਸ ਆਵੇਗਾ। ਮਨਜਿੰਦਰ ਨੇ ਦੱਸਿਆ ਰੋਜ਼ਾਨਾ ਫੌਜ ਵਾਲਿਆਂ ਨਾਲ ਗੱਲਬਾਤ ਹੋ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਤਵਿੰਦਰ ਦਾ “ਪਿੱਠੂ ਬੈਗ” ਲੱਭ ਗਿਆ ਹੈ ਅਤੇ ਸਤਵਿੰਦਰ ਦੀ ਭਾਲ ਅਜੇ ਜਾਰੀ ਹੈ।
ਕਿਸੇ ਰਾਜਨੀਤਿਕ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ
ਪਿੰਡ ਕੁਤਬਾ ਪੰਜਾਬ ਦਾ ਇਤਿਹਾਸਕ ਪਿੰਡ ਹੈ। ਸੰਨ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਸਿੰਘਾਂ ਦੀਆਂ ਫ਼ੌਜਾਂ ਵਿਚਕਾਰ ਹੋਏ ਅਤਿ ਵੱਡਾ ਘੱਲੂਘਾਰਾ ਯੁੱਧ ਦੌਰਾਨ ਇਹ ਧਰਤੀ ਲੱਗਭੱਗ 35000 ਸ਼ਹੀਦ ਸਿੰਘਾਂ ਦੇ ਖ਼ੂਨ ਨਾਲ ਸਿੰਜੀ ਹੋਈ ਹੈ।ਪਿੰਡ ਕੁਤਬਾ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ। ਇਸ ਇਤਿਹਾਸਕ ਪਿੰਡ ਕੁਤਬਾ ਦੇ ਫ਼ੌਜੀ ਸਤਵਿੰਦਰ ਸਿੰਘ ਦੇ ਲਾਪਤਾ ਹੋਣ ਦੀਆਂ ਖਬਰਾਂ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ ਪ੍ਰੰਤੂ ਫਿਰ ਵੀ ਕਿਸੇ ਵੀ ਸਿਆਸੀ ਪਾਰਟੀ ਦੇ ਰਾਜਨੀਤਿਕ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਨੌਜਵਾਨ ਫ਼ੌਜੀ ਪੁੱਤਰ ਦੀ ਉਡੀਕ ਵਿੱਚ ਤੜਫ਼ਦੇ ਪਰਿਵਾਰ ਦੀ ਸਾਰ ਨਹੀਂ ਲਈ। ਸੱਤਾਧਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਦੇ ਆਗੂਆਂ ਨੂੰ ਤਾਂ ਨਕਲੀ ਸ਼ਰਾਬ ਦੇ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਤੋਂ ਵਿਹਲ ਨਹੀਂ ਹੈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕਿਸੇ ਵੱਡੇ ਛੋਟੇ ਅਧਿਕਾਰੀ ਨੇ ਪਰਿਵਾਰ ਨੂੰ ਹੌਂਸਲਾ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਵੀ ਤਰੀਕੇ ਨਾਲ ਪਰਿਵਾਰ ਦੀ ਕੋਈ ਮਦਦ ਕੀਤੀ ਹੈ। ਪਿੰਡ ਕੁਤਬਾ ਬਰਨਾਲਾ ਤੋਂ ਲਗਭਗ 30 ਕੁ ਕਿਲੋਮੀਟਰ ਦੂਰੀ ‘ਤੇ ਹੈ, ਇਸ ਦੇ ਬਾਵਜੂਦ ਵੀ ਡਿਪਟੀ ਕਮਿਸ਼ਨਰ ਬਰਨਾਲਾ ਕੋਲ ਲਾਪਤਾ ਫੌਜੀ ਜਵਾਨ ਸਤਵਿੰਦਰ ਸਿੰਘ ਦੇ ਮਾਪਿਆਂ ਨੂੰ ਮਿਲਣ ਦਾ ਸਮਾਂ ਨਹੀਂ ਹੈ। ਕਰੋਨਾ ਵਾਇਰਸ ਦੀ ਆੜ ਹੇਠ ਸਾਰੀ ਅਫ਼ਸਰਸ਼ਾਹੀ ਏਸੀ ਕਮਰਿਆਂ ਵਿੱਚ ਬੰਦ ਹੋਈ ਬੈਠੀ ਹੈ, ਪ੍ਰੰਤੂ ਦੂਜੇ ਪਾਸੇ ਆਪਣੇ ਨੌਜਵਾਨ ਫੌਜੀ ਲਾਪਤਾ ਪੁੱਤਰ ਦੀ ਉਡੀਕ ਵਿੱਚ ਇੱਕ ਪਰਿਵਾਰ ਤੜਫ ਰਿਹਾ ਹੈ। 17 ਦਿਨ ਬੀਤਣ ਦੇ ਬਾਵਜੂਦ ਵੀ ਕਿਸੇ ਸਿਆਸੀ ਪਾਰਟੀ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਲਾਪਤਾ ਫੌਜੀ ਜਵਾਨ ਸਤਵਿੰਦਰ ਸਿੰਘ ਦੇ ਘਰ ਪਹੁੰਚ ਕੇ ਮਾਪਿਆਂ ਦੇ ਮੋਢੇ ‘ਤੇ ਹੱਥ ਨਹੀਂ ਰੱਖਿਆ। ਸਵਾਰਥੀ ਸਿਆਸਤ ਅਤੇ ਮਾੜੀ ਅਫ਼ਸਰਸ਼ਾਹੀ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ।

Real Estate