ਯੂਨੀਵਰਸਿਟੀ ਕਾਲਜ ਜੈਤੋ ਦੀ ਵਿਦਿਆਰਥਣ ਆਸਮਾ ਗਰਗ ਦੀ ਆਈ. ਏ. ਐਸ. ਅਫ਼ਸਰ ਵਜੋਂ ਚੋਣ

204

ਜੈਤੋ, 4 ਅਗਸਤ
ਫ਼ਰੀਦਕੋਟ ਜ਼ਿਲੇ ਅਤੇ ਯੂਨੀਵਰਸਿਟੀ ਕਾਲਜ ਜੈਤੋ ਲਈ ਮਾਣ ਵਾਲੀ ਖ਼ਬਰ ਹੈ ਕਿ ਇਸ ਕਾਲਜ ਵਿਚੋਂ ਗ੍ਰੈਜੂਏਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਆਸਮਾ ਗਰਗ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਿੱਲੀ (ਯੂ.ਪੀ.ਐਸ.ਸੀ.) ਵੱਲੋਂ ਲਈ 2019 ਦੀ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਅੱਜ ਐਲਾਨੇ ਗਏ ਨਤੀਜੇ ਤਹਿਤ ਸਫ਼ਲ ਰਹੀ ਹੈ। ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਜੈਤੋ ਵਿਖੇ ਮੈਡੀਕਲ ਸਟੋਰ ਚਲਾ ਰਹੇ ਪਰਦੀਪ ਕੁਮਾਰ ਗਰਗ ਅਤੇ ਸੁਮਨ ਗਰਗ ਦੀ ਲਾਡਲੀ ਬੇਟੀ ਅਤੇ ਆਸ਼ੂਤੋਸ਼ ਗਰਗ ਇੰਸਪੈਕਟਰ ਕੋਆਪਰੇਟਿਵ ਵਿਭਾਗ ਦੀ ਪਿਆਰੀ ਭੈਣ ਆਸਮਾ ਗਰਗ ਨੇ 2016 ਵਿਚ ਯੂਨੀਵਰਸਿਟੀ ਕਾਲਜ ਜੈਤੋ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਬੀ. ਏ. ਦੇ ਫ਼ਾਈਨਲ ਇਮਤਿਹਾਨ ਦੇ ਨਤੀਜੇ ਵਿਚ 80 ਫ਼ੀਸਦੀ ਅੰਕਾਂ ਨਾਲ ਪ੍ਰਥਮ ਸਥਾਨ ਹਾਸਲ ਕੀਤਾ। ਉਨਾਂ ਦੱਸਿਆ ਕਿ ਆਸਮਾ ਦੇ ਪਿਤਾ ਪਰਦੀਪ ਗਰਗ ਬਹੁਤ ਖੁੱਲੇ ਅਤੇ ਉਸਾਰੂ ਵਿਚਾਰਾਂ ਦੇ ਹੋਣ ਕਾਰਨ ਉਨਾਂ ਨੇ ਆਸਮਾ ਨੂੰ ਖੁੱਲੇ ਅਸਮਾਨ ਵਿਚ ਉੱਡਣ ਦਾ ਮੌਕਾ ਦਿੱਤਾ ਅਤੇ ਦਿੱਲੀ ਵਿਚ ਆਈ. ਏ. ਐਸ. ਦੀ ਕੋਚਿੰਗ ਲਈ ਛੱਡ ਦਿੱਤਾ। ਜਿਸ ਦੇ ਨਤੀਜੇ ਵਜੋਂ ਆਸਮਾ ਅੱਜ ਆਈ. ਏ. ਐਸ. ਦੇ ਰੁਤਬੇ ਲਈ ਚੁਣੀ ਜਾ ਚੁੱਕੀ ਹੈ। ਆਸਮਾ ਗਰਗ ਦੇ ਪਿਤਾ ਪਰਦੀਪ ਗਰਗ ਨੇ ਖ਼ੁਸ਼ੀ ਵਿਚ ਖੀਵੇ ਹੁੰਦਿਆਂ ਕਿਹਾ ਕਿ ਉਨਾਂ ਦੀ ਬੇਟੀ ਹੁਣ ਕੇਵਲ ਉਨਾਂ ਦੀ ਹੀ ਬੇਟੀ ਤੱਕ ਸੀਮਤ ਨਾ ਹੋ ਕੇ ਪੂਰੇ ਜੈਤੋ ਸ਼ਹਿਰ ਦੀ ਧੀ ਬਣ ਗਈ ਹੈ ਜਿਸ ਨੇ ਜੈਤੋ ਵਰਗੇ ਇਤਿਹਾਸਕ ਸ਼ਹਿਰ ਨੂੰ ਇਹ ਵੱਕਾਰੀ ਮਾਣ ਦਿਵਾਇਆ ਹੈ। ਡਾ. ਤੱਗੜ ਨੇ ਦੱਸਿਆ ਕਿ ਆਸਮਾ ਗਰਗ ਪੜਾਈ ਵਿਚ ਅੱਵਲ ਆਉਣ ਦੇ ਨਾਲ-ਨਾਲ ਭਾਸ਼ਨ ਪ੍ਰਤੀਯੋਗਤਾ, ਵਾਦ-ਵਿਵਾਦ ਮੁਕਾਬਲਿਆਂ ਤੋਂ ਇਲਾਵਾ ਕਾਲਜ ਦੇ ਸਮਾਗਮਾਂ ਵਿਚ ਵਧੀਆ ਸਟੇਜ ਸਕੱਤਰ ਵਜੋਂ ਫ਼ਰਜ਼ ਨਿਭਾਉਂਦੀ ਰਹੀ ਹੈ। ਆਸਮਾ ਅਤੇ ਉਸ ਦੇ ਮਾਪਿਆਂ ਨੂੰ ਡਾ. ਤੱਗੜ ਤੋਂ ਇਲਾਵਾ ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ, ਡਾ. ਸਮਰਾਟ ਖੰਨਾ, ਡਾ. ਦਿਵਿਯਾ ਜਯੋਤੀ ਚਾਵਲਾ, ਪ੍ਰੋ. ਰੁਚਿਕਾ ਸੇਠ, ਸਮੂਹ ਨਾਨ-ਟੀਚਿੰਗ ਅਮਲਾ, ਯੂਨੀਵਰਸਿਟੀ ਕਾਲਜ ਘਨੌਰ ਤੋਂ ਡਾ. ਰਿਤੂ ਸੋਨੀ ਅਤੇ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਤੋਂ ਡਾ. ਊਸ਼ਾ ਜੈਨ, ਡਾ. ਸੁਭਾਸ਼ ਚੰਦਰ ਅਤੇ ਡਾ. ਕਰਮਜੀਤ ਸਿੰਘ ਬਡਰੁੱਖਾਂ ਨੇ ਦਿਲੀ ਮੁਬਾਰਕਬਾਦ ਸਾਂਝੀ ਕੀਤੀ।

Real Estate