ਸ਼ਰਾਬ ਦਾ ਕਹਿਰ- ਮਾਝਾ ਖੇਤਰ ‘ਚ ਮ੍ਰਿਤਕਾਂ ਦਾ ਅੰਕੜਾ 110 ਤੋਂ ਟੱਪਿਆ

252

ਮਾਝਾ ਖੇਤਰ ਦੇ ਤਿੰਨ ਜਿ਼ਲ੍ਹਿਆਂ ਤਰਨ ਤਾਰਨ , ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦਾ ਅੰਕੜਾ 112 ਤੱਕ ਪਹੁੰਚ ਗਿਆ ਹੈ। ਇਕੱਲੇ ਤਰਨ ਤਾਰਨ ਜਿਲ਼੍ਹੇ ‘ਚ 88 ਮੌਤਾਂ ਹੋ ਚੁੱਕੀਆਂ ਹਨ , ਜੰਡਿਆਲਾ ਗੁਰੂ ( ਅੰਮ੍ਰਿਤਸਰ ) ਵਿੱਚ ਹੁਣ ਤੱਕ 12 ਅਤੇ ਬਟਾਲਾ ਵਿੱਚ 12 ਮੌਤਾਂ ਹੋ ਚੁੱਕੀਆਂ ਹਨ।
ਮੌਤਾਂ ਤੋਂ ਇਲਾਵਾ ਹੁਣ ਇੱਕ ਹੋਰ ਵੱਡਾ ਦੁੱਖ ਵਾਰਿਸਾਂ ਨੂੰ ਝੱਲਣਾ ਪੈ ਰਿਹਾ ਉਹ ਹੈ ਪੋਸਟ ਮਾਰਟਮ ਕਰਵਾਉਣ ਲਈ ਲੰਬੀ ਉਡੀਕ ਹੈ। ਰਾਤ ਤੱਕ ਸਿਹਤ ਵਿਭਾਗ ਦੇ ਅਧਿਕਾਰੀ ਪੋਸਟ ਮਾਰਟਮ ਕਰਦੇ ਹਨ।
ਤਿੰਨ ਦਿਨਾਂ ਤੋਂ ਮ੍ਰਿਤਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸ਼੍ਰੋਮਣੀ ਦਲ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਨੇ ਵੱਖ-ਵੱਖ ਮ੍ਰਿਤਕਾਂ ਦੇ ਘਰਾਂ ਵਿੱਚ ਜਾ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਸ ਕਾਰੇ ਪਿੱਛੇ ਹਾਕਮ ਧਿਰ ਦੇ ਹੱਥ ਹੋਣ ਦਾ ਦੋਸ਼ ਲਾਉਂਦਿਆਂ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਲਈ ਐਲਾਨੀ ਗਈ ਦੋ ਲੱਖ ਰੁਪਏ ਮੁਆਵਜ਼ਾ ਰਾਸ਼ੀ ਵਧਾਉਣ ਅਤੇ ਹਰੇਕ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।
ਡਿੰਪਾ ਨੇ ਪੁੱਛਿਆ ਜ਼ੇਰੇ ਇਲਾਜ ਲੋਕਾਂ ਦਾ ਹਾਲ
ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐੱਸਪੀ ਧਰੁਮਨ ਨਿੰਬਾਲੇ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ਦਾ ਹਾਲ ਜਾਣਿਆ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮਾਮਲੇ ਪਿੱਛੇ ਹਾਕਮ ਧਿਰ ਦਾ ਹੱਥ ਹੋਣ ਸਬੰਧੀ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਇਕ ਸਮਾਜਿਕ ਬੁਰਾਈ ਦੱਸਿਆ। ਉਨ੍ਹਾਂ ਵਿਰੋਧੀ ਧਿਰਾਂ ਨੂੰ ਇਸ ਮਾਮਲੇ ’ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ।

Real Estate