ਸਿੰਧ (Indus) – ਸਿੰਧ ਜਾਂ ਸਿੰਧੂ ਦਰਿਆ

269

ਨਿਰਮਲ ਸਿੰਘ

9872098021

ਸਿੰਧ (Indus) – ਸਿੰਧ ਜਾਂ ਸਿੰਧੂ ਦਰਿਆ ਭਾਂਵੇ ਪੰਜਾਬ ਦੇ ਪੰਜ ਪਾਣੀਆਂ ਵਿੱਚ ਸ਼ੁਮਾਰ ਨਹੀਂ ਹੁੰਦਾ ਪਰ ਇਸਦੇ ਜਿਕਰ ਬਿਨਾਂ ਬਾਕੀ ਪੰਜ ਦਰਿਆਵਾਂ ਦਾ ਜਿਕਰ ਅਧੂਰਾ ਰਹਿ ਜਾਂਦਾ ਹੈ। ਸਿੰਧ ਹੀ ਪੰਜਾਬ ਦੇ ਪੰਜ ਪਾਣੀਆਂ ਦੀ ਆਖਰੀ ਮੰਜਿਲ ਹੈ ਤੇ ਅੱਗੋਂ ਸਿੰਧ ਇਹਨਾਂ ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰਕੇ ਅਰਬ ਸਾਗਰ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਸਿੰਧ ਦਾ ਸਬੰਧ ਪੰਜਾਬ ਦੇ ਨਾਲ ਨਾਲ ਹਿੰਦੁਸਤਾਨ ਦੀ ਹੋਣੀ ਨਾਲ ਵੀ ਡਾਹਢਾ ਰਿਹਾ ਹੈ। ਸਿੰਧ ਸਦਕਾ ਹੀ ਇਹ ਦੇਸ਼ ਹਿੰਦੁਸਤਾਨ ਅਖਵਾਇਆ। ਪਰਸ਼ੀਅਨ ਲੋਕ ਸਿੰਧ ਨੂੰ ਹਿੰਦ ਅਤੇ ਸਿੰਧ ਦਰਿਆ ਦੇ ਚੜ੍ਹਦੇ ਪਾਸੇ ਦੀ ਧਰਤੀ ਨੂੰ ਅਲ ਹਿੰਦ ਕਹਿ ਕੇ ਸੱਦਦੇ ਸਨ। ਇਸ ਅਲ ਹਿੰਦ ਦੇ ਵਾਸੀਆਂ ਨੂੰ ਹਿੰਦੂ ਅਤੇ ਇਸ ਉੱਪ ਮਹਾਂਦੀਪ ਨੂੰ ਹਿੰਦੁਸਤਾਨ ਨਾਮ ਇਥੋਂ ਹੀ ਮਿਲਿਆ ਸੀ। ਯੂਨਾਨੀ ਵਿਦਵਾਨਾਂ ਨੇ ਸਿੰਧ ਨੂੰ ਇੰਡਸ (Indus) ਨਾਮ ਨਾਲ ਸੰਬੋਧਨ ਕੀਤਾ ਤੇ ਇਸ ਤੋਂ ਪਾਰਲੀ ( ਚੜ੍ਹਦੇ ਵੱਲ ਦੀ) ਧਰਤੀ ਨੂੰ ਇੰਡੀਆ ਨਾਮ ਦਿੱਤਾ। ਅਫਗਾਨਿਸਤਾਨ ਤੇ ਈਰਾਨ ਵੱਲੋਂ ਆਉਂਦੇ ਹਮਲਾਵਰਾਂ ਲਈ ਸਿੰਧ ਇੱਕ ਵੱਡਾ ਅੜਿੱਕਾ ਹੁੰਦਾ ਸੀ ਤੇ ਇਸ ਨੂੰ ਪਾਰ ਕਰਕੇ ਅਸੀਮ ਦੌਲਤ ਲੁੱਟਣ ਦੀ ਲਾਲਸਾ ਹਮੇਸ਼ਾ ਉਹਨਾਂ ਨੂੰ ਉਕਸਾਉਂਦੀ ਰਹੀ। ਸਿੰਧ ਤਿੱਬਤ ਦੀ ਧਰਤੀ ਤੋਂ ਜਨਮ ਲੈਣ ਵਾਲੇ ਉਹਨਾਂ ਚਾਰ ਦਰਿਆਵਾਂ ਵਿੱਚ ਸ਼ੁਮਾਰ ਹੈ ਜੋ ਹਿਮਾਲਿਆ ਦੇ ਉੱਗਣ ਤੋਂ ਪਹਿਲਾਂ ਦੇ ਵਗ ਰਹੇ ਮੰਨੇ ਜਾਂਦੇ ਹਨ। ਇਸਦਾ ਜਨਮ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਨੇੜੇ ਤੋਂ ਨਿਕਲਣ ਵਾਲੀਆਂ ਦੋ ਨਦੀਆਂ ਸੈਂਗੇ ਯੰਗਬੋ ਅਤੇ ਗਾਰ ਤਸੰਗਪੋ ਦੇ ਮੇਲ ਨਾਲ ਤਿੱਬਤ ਵਿੱਚ ਹੁੰਦਾ ਹੈ। ਨੁਬਰਾ ਅਤੇ ਸ਼ਯੋਕ ਕਾਰਾਕੋਰਮ ਪਰਬਤ ਮਾਲਾ ਵੱਲੋਂ ਸਿੰਧ ਵਿੱਚ ਰਲਦੀਆ ਹਨ। ਲਦਾਖ ਵਿੱਚ ਨਿੰਮੂ ਪਿੰਡ ਦੇ ਨੇੜੇ ਜੰਸਕਾਰ ਨਦੀ ਤੇ ਕਾਰਗਿਲ ਨੇੜੇ ਸੁਰੂ ਨਦੀ ਇਸ ਵਿੱਚ ਸ਼ਾਮਿਲ ਹੋ ਜਾਂਦੀਆਂ ਹਨ। ਹੁੰਜਾ ਅਤੇ ਗਿਲਗਿਤ ਨਦੀਆਂ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਵਿੱਚ ਸਿੰਧ ਨਾਲ ਮਿਲਦੀਆਂ ਹਨ। ਹਿੰਦੂਕੁਸ਼ ਪਰਬਤ ਮਾਲਾ ਵਿੱਚੋਂ ਖੈਬਰ ਪਖਤੂਨਵਾ ਖੇਤਰ ਤੋਂ ਨਿਕਲਦੀਆਂ ਸਵਾਤ ਅਤੇ ਕੁੰਨਰ ਨਦੀਆਂ ਅਫਗਾਨਿਸਤਾਨ ਤੋਂ ਆਉਂਦੇ ਕਾਬੁਲ ਦਰਿਆ ਨਾਲ ਮਿਲ ਕੇ ਪਾਕਿਸਤਾਨ ਵਿੱਚ ਅਟਕ ਦੇ ਨੇੜੇ ਸਿੰਧ ਨਾਲ ਰਲਦੇ ਹਨ । ਇੱਥੇ ਸਿੰਧ ਨੂੰ ਅਟਕ ਦਰਿਆ ਦੇ ਨਾਮ ਨਾਲ ਵੀ ਸੱਦਿਆ ਜਾਂਦਾ ਹੈ।ਇੱਥੇ ਹੀ ਅਟਕ ਨਾਮ ਦਾ ਪ੍ਰਸਿੱਧ ਇਤਿਹਾਸਕ ਕਿਲਾ ਸਥਿਤ ਹੈ। ਅਫਗਾਨ ਹਮਲਾਵਰਾਂ ਦੇ ਰਾਹ ਵਿੱਚ ਅੜਿੱਕਾ ਡਾਹੁਣ ਕਰਕੇ ਹੀ ਸ਼ਾਇਦ ਇਸਦਾ ਨਾਮ ਅਟਕ ਪਿਆ ਸੀ। ਇਸਲਾਮਾਬਾਦ ਦੇ ਨੇੜੇ ਤੋਂ ਲੰਘਦੀ ਸੋਨ ਚੜਦੇ ਪਾਸੇ ਤੋਂ ਅਤੇ ਫਿਰ ਪਾਕਿ-ਅਫ਼ਗਾਨ ਹੱਦ ਨੇੜਿਓਂ ਚੱਲਦੀਆਂ ਕੁਰਮ ਅਤੇ ਗੋਮਲ ਨਦੀਆਂ ਲਹਿੰਦੇ ਪਾਸੇ ਤੋਂ ਸਿੰਧ ਵਿੱਚ ਸ਼ਾਮਿਲ ਹੁੰਦੀਆਂ ਹਨ। ਇੱਧਰ ਪੰਜਾਬ ਦੇ ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਦੇ ਮੇਲ ਤੋਂ ਬਣਿਆ ਪੰਜਨਦ ਮਿੱਠਨਕੋਟ ਨੇੜੇ ਸਿੰਧ ਵਿੱਚ ਸ਼ਾਮਿਲ ਹੁੰਦਿਆਂ ਇਸ ਦੀ ਸ਼ਾਨ ਵਧਾਉਂਦਾ ਹੈ। ਤੇ ਇਸ ਤਰ੍ਹਾਂ ਸਿੰਧ ਇੱਕ ਮਹਾਂ ਦਰਿਆ ਦੇ ਰੂਪ ਵਿੱਚ ਪਾਕਿਸਤਾਨੀ ਸ਼ਹਿਰ ਕਰਾਚੀ ਨੇੜੇ ਅਰਬ ਸਾਗਰ ਵਿੱਚ ਸਮਾ ਜਾਂਦਾ ਹੈ। ਪਹਿਲਾਂ ਸਿੰਧ ਕੱਛ ਦੇ ਨਾਲ ਦੀ ਲੰਘਦਿਆਂ ਲਖਪਤ ਨੇੜੇ ਕੱਛ ਦੀ ਖਾੜੀ ਵਿੱਚ ਡਿਗਦਾ ਸੀ ਜਿਸ ਸਦਕਾ ਲਖਪਤ ਇੱਕ ਵੱਡੀ ਬੰਦਰਗਾਹ ਸੀ। ਗੁਰੂ ਨਾਨਕ ਦੇਵ ਜੀ ਮੱਕੇ ਦੀ ਯਾਤਰਾ ਲਈ ਜਾਂਦਿਆਂ ਇੱਥੇ ਠਹਿਰੇ ਸਨ। ਪਰ 1819 ਦੇ ਭੂਚਾਲ ਕਾਰਨ ਸਿੰਧ ਨੇ ਰਸਤਾ ਬਦਲ ਲਿਆ ਤੇ ਲਖਪਤ ਵੀ ਉੱਜੜ ਗਿਆ। ਸਿੰਧ ਦੇ ਕੰਢਿਆਂ ਦੀ ਜ਼ਰਖੇਜ਼ ਧਰਤੀ ਤੇ ਵਿਸ਼ਵ ਦੀ ਦੂਜੀ ਸਭ ਤੋਂ ਪੁਰਾਣੀ ਸ਼ਹਿਰੀ ਸੱਭਿਅਤਾ ਨੇ ਜਨਮ ਲਿਆ ਜੋ ਸਿੰਧੂ ਘਾਟੀ ਸੱਭਿਅਤਾ ਕਰਕੇ ਜਾਣੀ ਜਾਂਦੀ ਹੈ। 711 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਵੱਲੋਂ ਸਿੰਧ ਦੇ ਰਾਜਾ ਦਾਹਿਰ ਨੂੰ ਹਰਾ ਦੇਣ ਨਾਲ ਭਾਰਤੀ ਉੱਪ ਮਹਾਂਦੀਪ ਵਿੱਚ ਪਹਿਲਾ ਇਸਲਾਮਿਕ ਰਾਜ ਸਥਾਪਿਤ ਹੋ ਗਿਆ। ਸਿੰਧ ਤੇ ਰਾਜਸੀ ਅਧਿਕਾਰ ਨੂੰ ਲੈ ਕੇ ਮਹਾਂਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਲਗਾਤਾਰ ਕਸ਼ਮਕਸ਼ ਚੱਲਦੀ ਰਹੀ ਤੇ ਆਪਸੀ ਵਿਗਾੜ ਦਾ ਕਾਰਨ ਵੀ ਬਣੀ। ਅੱਜ ਪਾਕਿਸਤਾਨ ਦੇ ਚਾਰ ਪ੍ਰਾਂਤਾਂ ਵਿੱਚੋਂ ਇੱਕ ਸਿੰਧ ਹੈ ਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਜੋ ਸਿੰਧ ਦਰਿਆ ਦੇ ਕੰਢੇ ਤੇ ਹੈ ਸਿੰਧ ਪ੍ਰਾਂਤ ਦੀ ਰਾਜਧਾਨੀ ਹੈ। ਕਰਾਚੀ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਵੱਡੀ ਬੰਦਰਗਾਹ ਹੈ।……. …………. ……… #ਸਿੰਧ# #ਪੰਜਾਬ #Punjab #Indus

Real Estate