ਕੀ ਵੀਰਪਾਲ ਕੌਰ ਇੰਸਾ ਦੀ ਜੁਬਾਨ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ?

200

ਬਰਨਾਲਾ, 31 ਜੁਲਾਈ (ਜਗਸੀਰ ਸਿੰਘ ਸੰਧੂ) : ਕੀ ਗੁਰਮੀਤ ਰਾਮ ਰਹੀਮ ਵੱਲੋਂ ਸੁਨਾਰੀਆ ਜ਼ੇਲ ਵਿੱਚੋਂ ਲਿਖੀ ਗਈ ਚਿੱਠੀ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀਰਪਾਲ ਕੌਰ ਇੰਸਾ ਵਿਰੁੱਧ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਡੇਰਾ ਸਿਰਸਾ ਦੀਆਂ ਅੰਦਰਲੀਆਂ ਗੱਲਾਂ ਨੂੰ ਬਾਹਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਹੈ ? ਕਿਉਂਕਿ ਗੁਰਮੀਤ ਰਾਮ ਰਹੀਮ ਦੀ ਚਿੱਠੀ ਵਿੱਚ ਬਿਨਾਂ ਨਾਮ ਲਏ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੋ ਲੋਕ ਦਿਨ ਰਾਤ ਜਬਰਦਸਤ ਤਰੀਕੇ ਨਾਲ ਨਿੰਦਾ ਬੁਰਾਈ ਕਰਨ ਲੱਗੇ ਹੋਏ ਹਨ ਅਤੇ ਆਪਣੇ ਆਪ ਨੂੰ ਸਾਡੇ ਚੇਲੇ ਦੱਸ ਰਹੇ ਹਨ, ਉਹ ਗਲਤ ਹਨ ਅਤੇ ਉਹ ਸਾਡੇ ਚੇਲੇ ਨਹੀਂ ਹਨ। ਚਿੱਠੀ ਵਿੱਚ ਇਹ ਵੀ ਜਿਕਰ ਹੈ ਕਿ ਡੇਰਾ ਸਿਰਸਾ ਵਿੱਚ ਕੋਈ ਗੁੱਟਬੰਦੀ ਨਹੀਂ ਹੈ। ਇਸ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੇ ਆਪਣੀਆਂ ਪੁੱਤਰੀਆਂ ਦੇ ਨਾਲ ਹਨੀਪ੍ਰੀਤ ਦਾ ਨਾਮ ਲਿਖ ਕੇ ਇਹ ਦਰਸਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਉਸਦੇ ਪਰਵਾਰ ਅਤੇ ਹਨੀਪ੍ਰੀਤ ਵਿੱਚ ਕੋਈ ਕਸਮਕਸ਼ ਨਹੀਂ ਚੱਲ ਰਹੀ ਅਤੇ ਸੱਭ ਤੋਂ ਅਹਿਮ ਗੱਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਨੇ ਲਿਖਿਆ ਹੈ ਕਿ ਉਹ ਤਾਉਮਰ ਡੇਰਾ ਦਾ ਮੁੱਖੀ ਬਣਿਆ ਰਹੇਗਾ। ਇਸ ਸਭ ਦਾ ਮਤਲਬ ਇਹੀ ਨਿਕਲਦਾ ਹੈ ਕਿ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਵੀਰਪਾਲ ਕੌਰ ਇੰਸਾ ਵੱਲੋਂ ਡੇਰੇ ਦੇ ਅੰਦਰ ਚੱਲ ਰਹੀ ਧੜੇਬੰਦੀ, ਡੇਰੇ ਦੇ ਰਾਜਨੀਤਕ ਵਿੰਗ ਵੱਲੋਂ ਕੀਤੀ ਜਾਂਦੀ ਸੌਦੇਬਾਜੀ ਅਤੇ ਡੇਰੇ ਵੱਲੋਂ ਤਿੰਨ ਵਾਰ ਬਾਦਲ ਪਰਵਾਰ ਦੀ ਮੱਦਦ ਕਰਨ ਦੀਆਂ ਗੱਲਾਂ ਸਰੇਆਮ ਟੀ.ਵੀ ਚੈਨਲਾਂ ‘ਤੇ ਬੋਲੀਆਂ ਜਾ ਰਹੀਆਂ ਸਨ, ਉਸ ਨੂੰ ਦੇਖਦਿਆਂ ਜਿਥੇ ਗੁਰਮੀਤ ਰਾਮ ਰਹੀਮ ਵੱਲੋਂ ਚਿੱਠੀ ਲਿਖ ਕੇ ਇਸ ਪ੍ਰਚਾਰ ਨੂੰ ਬੰਦ ਕਰਨ ਦੀ ਕੋਸ਼ਿਸ ਕੀਤੀ ਗਈ ਹੈ, ਉਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਕਾਨੂੰਨੀ ਨੋਟਿਸ ਭੇਜ ਕੇ ਅਤੇ ਹੁਣ ਖੁਦ ਐਸ.ਐਸ.ਪੀ ਦਫਤਰ ਜਾ ਕੇ ਵੀਰਪਾਲ ਕੌਰ ਇੰਸਾ ਖਿਲਾਫ ਦਰਖਾਸਤ ਦੇ ਕੇ ਇਸ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਹੈ ਤਾਂ ਕਿ ਵੀਰਪਾਲ ਕੌਰ ਇੰਸਾ ਆਪਣੀ ਜੁਬਾਨ ਬੰਦ ਰੱਖੇ। ਜੋ ਗੁਰਮੀਤ ਰਾਮ ਰਹੀਮ ਵੱਲੋਂ ਲਿਖੀ ਚਿੱਠੀ ਅਤੇ ਸੁਖਬੀਰ ਬਾਦਲ ਵੱਲੋਂ ਦਿੱਤੀ ਦਰਖਾਸਤ ਦੀ ਇੱਕੋ ਹੀ ਮਤਲਬ ਨਿਕਲ ਰਿਹਾ ਹੈ ਕਿ ਵੀਰਪਾਲ ਕੌਰ ਇੰਸਾ ਦੀ ਜੁਬਾਨਬੰਦੀ ਕੀਤੀ ਜਾਵੇ।

Real Estate