ਸਿਪਾਹੀ ਸਤਵਿੰਦਰ ਸਿੰਘ ਕੁਤਬਾ ਸ਼ਹੀਦੀ ਬਾਰੇ ਬਰਨਾਲਾ ਜ਼ਿਲਾ ਪ੍ਰਸਾਸਨ ਦੂਸਰੇ ਦਿਨ ਵੀ ਬੇਖਬਰ

253

ਪੰਜਾਬ ਸਰਕਾਰ ਨੇ ਸ਼ਹੀਦ ਹੋਏ ਸਿਪਾਹੀ ਦੇ ਪਰਵਾਰ ਲਈ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਤਾਂ ਐਲਾਨ ਦਿੱਤੀ ਪਰ ਸ਼ਹੀਦੀ ਬਾਰੇ ਸਿਪਾਹੀ ਦੇ ਪਰਵਾਰ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਜਾਣਕਾਰੀ
ਚੰਡੀਗੜ, 28 ਜੁਲਾਈ (ਜਗਸੀਰ ਸਿੰਘ ਸੰਧੂ) : ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਦੋ ਸਿਪਾਹੀਆਂ ਸਤਵਿੰਦਰ ਸਿੰਘ ਵਾਸੀ ਕੁਤਬਾ ਜ਼ਿਲ•ਾ ਅਤੇ ਲਖਵੀਰ ਸਿੰਘ ਵਾਸੀ ਡੇਮਰੂ ਜ਼ਿਲਾ ਮੋਗਾ ਦੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕਰਦਿਆਂ ਇਨਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਦੇ ਹਵਾਲੇ ਨਾਲ ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਸਿਪਾਹੀ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਨੇੜੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਬੇਹਦ ਉਚਾਈ ਉੱਤੇ ਵਗਦੇ ਇੱਕ ਤੇਜ਼ ਰਫ਼ਤਾਰ ਨਾਲੇ ਉੱਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਪਏ ਅਤੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮਿਲਣ ਦੀ ਖੁਲਾਸਾ ਕਰਦਿਆਂ ਕਿਹਾ ਗਿਆ ਹੈ ਕਿ ਸਿਪਾਹੀ ਸਤਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਤਾ ਲਾਉਣ ਲਈ ਤਲਾਸ਼ ਅਜੇ ਜਾਰੀ ਹੈ, ਪਰ ਕਮਾਲ ਦੀ ਗੱਲ ਇਹ ਹੈ ਕਿ ਅਜੇ ਤੱਕ ਨਾ ਤਾਂ ਸਿਪਾਹੀ ਸਤਿੰਦਰ ਸਿੰਘ ਵਾਸੀ ਕੁਤਬਾ ਦੇ ਪਰਵਾਰਿਕ ਮੈਂਬਰਾਂ ਨੂੰ ਫੌਜ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਬਰਨਾਲਾ ਦੇ ਜ਼ਿਲ•ਾ ਪ੍ਰਸਾਸਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ। ਪਿੰਡ ਕੁਤਬਾ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਇਸ ਸਬੰਧੀ ਸਪੱਸਟ ਕੀਤਾ ਕਿ ਸਿਪਾਹੀ ਸਤਵਿੰਦਰ ਸਿੰਘ ਬਾਰੇ ਫੌਜ ਵੱਲੋਂ ਪਿਛਲੇ ਦਿਨੀਂ ਪਰਵਾਰ ਨੂੰ ਇਹ ਤਾਂ ਜਾਣਕਾਰੀ ਦਿੱਤੀ ਗਈ ਕਿ ਕਿ ਸਤਵਿੰਦਰ ਸਿੰਘ ਸਰਹੱਦ ‘ਤੇ ਲਾਪਤਾ ਹੋ ਗਿਆ ਹੈ, ਪਰ ਸਤਵਿੰਦਰ ਸਿੰਘ ਦੇ ਸਹੀਦ ਹੋਣ ਸਬੰਧੀ ਪਰਵਾਰ ਨੂੰ ਨਾ ਤਾਂ ਅਜੇ ਤੱਕ ਫੌਜ ਵੱਲੋਂ ਕੋਈ ਟੈਲੀਫੂਨ ਆਇਆ ਹੈ ਅਤੇ ਨਾ ਹੀ ਜ਼ਿਲ•ਾ ਪ੍ਰਸਾਸਨ ਵੱਲੋਂ ਕੋਈ ਅਜਿਹੀ ਜਾਣਕਾਰੀ ਦਿੱਤੀ ਗਈ ਕਿ ਤੁਹਾਡਾ ਲੜਕਾ ਸ਼ਹੀਦ ਹੋ ਗਿਆ ਹੈ।  ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਗਲਵਾਰ ਬਾਅਦ ਦੁਪਿਹਰ 3 ਵਜੇ ਵੀ ਇਹੀ ਕਹਿਣਾ ਸੀ ਕਿ ਉਹ ਇਸ ਸਬੰਧੀ ਪਤਾ ਕਰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਂ ਚੀਨ ਦੇ ਸਰਹੱਦ ‘ਤੇ ਸਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨਾਲ ਰਸਮੀ ਹਮਦਰਦੀ ਪ੍ਰਗਟ ਕਰਦਿਆਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਸਹਾਇਤਾ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ, ਪਰ ਸ਼ਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨੂੰ ਦੂਸਰੇ ਦਿਨ ਤੱਕ ਵੀ ਇਹ ਜਾਣਕਾਰੀ ਦੇਣ ਦੀ ਜਰੂਰਤ ਨਹੀਂ ਸਮਝੀ ਗਈ ਕਿ ਤੁਹਾਡਾ ਲੜਕਾ ਚੀਨ ਦੀ ਸਰਹੱਦ ‘ਤੇ ਸ਼ਹੀਦ ਹੋ ਗਿਆ ਹੈ। ਇਸ ਸ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਬਰਨਾਲਾ ਦੇ ਜ਼ਿਲਾ ਪ੍ਰਸਾਸਨ ਨੂੰ ਵੀ ਇਸ ਗੱਲ ਦਾ ਕੋਈ ਪਤਾ ਤੱਕ ਨਹੀਂ ਹੈ। ਇਸ ਨੂੰ ਸਰਕਾਰ ਅਤੇ ਫੌਜ ਦੇ ਤਾਲਮੇਲ ਦੀ ਘਾਟ ਕਹੀਏ ਜਾਂ ਸਰਕਾਰ ਦੇ ਪ੍ਰਸਾਸਨ ਦੀ ਨਾਲਾਇਕੀ ਕਿ ਸ਼ਹੀਦ ਦੇ ਪਰਵਾਰ ਤੱਕ ਦੂਸਰੇ ਦਿਨ ਤੱਕ ਵੀ ਕਿਸੇ ਨੇ ਪੁਹੰਚ ਨਹੀਂ ਕੀਤੀ।

Real Estate