ਕਰੋਨਾ ਖਿਲਾਫ਼ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਨੰਨਾ ਉਤਮੇਸ਼

260

ਬਠਿੰਡਾ/ 28 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ ਬਚਾਓ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਮਿਸ਼ਨ ਫਹਿਤ ਤਹਿਤ ਇੱਥੋਂ ਦੀ ਹਾਊਸਫੈੱਡ ਕਲੋਨੀ ਦਾ ਵਸਨੀਕ ਐਨ ਉਤਮੇਸ਼ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇੱਥੋਂ ਦੇ ਸੈਂਟ ਜੇਵੀਅਰ ਵਰਲਡ ਸਕੂਲ ਦੀ ਛੇਵੀਂ ਜਮਾਤ ਦੇ ਨੰਨੇ-ਮੁੰਨੇ ਵਿਦਿਆਰਥੀ ਵੱਲੋਂ ਜਿੱਥੇ ਕਰੋਨਾ ਖਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਖੁਦ ਵੀਡੀਓ ਬਣਾ ਕੇ ਸ਼ੋਸਲ ਮੀਡੀਆਂ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਇਸ ਵੱਲੋਂ ਕਰੋਨਾ ਤੋਂ ਬਚਾਅ ਲਈ ਘਰ ਤਿਆਰ ਕੀਤੀਆਂ ਸੇਫਟੀ ਕਿੱਟਾਂ ਦੀ ਵੰਡ ਵੀ ਲੋੜਵੰਦ ਲੋਕਾਂ ਨੂੰ ਕੀਤੀ ਜਾ ਰਹੀ ਹੈ।
ਇਸ 10 ਸਾਲਾਂ ਉਤਮੇਸ਼ ਦਾ ਕਹਿਣਾ ਹੈ ਕਿ ਉਹ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਹੁਣ ਤੱਕ 3 ਵੱਖ-ਵੱਖ ਵੀਡੀਓ ਬਣਾ ਕੇ ਸ਼ੋਸਲ ਮੀਡੀਆਂ ਤੇ ਸ਼ੇਅਰ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਆਮ ਲੋਕਾਂ ਨੂੰ ਮਾਸਕ ਪਹਿਨਣ, ਹੱਥਾਂ ਨੂੰ ਸ਼ੈਨੇਟਾਈਜ਼ਰ ਨਾਲ ਸਾਫ਼ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਹੋਰ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਬਾਰੇ ਵੀ ਜਾਣੂ ਕਰਵਾ ਰਿਹਾ ਹੈ।
ਉਤਮੇਸ਼ ਦਾ ਇਹ ਵੀ ਦੱਸਣਾ ਹੈ ਕਿ ਉਹ ਹੁਣ ਤੱਕ ਕਰੋਨਾ ਤੋਂ ਬਚਾਉਣ ਲਈ 30 ਸੇਫਟੀ ਕਿੱਟਾਂ ਜਿਸ ਵਿੱਚ ਮਾਸਕ, ਦਸਤਾਨੇ, ਸਾਬਣ ਅਤੇ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ 20 ਹਾਈਪੋਕਲੋਰਾਈਡ ਦੀਆਂ ਸ਼ੀਸੀਆਂ ਵੀ ਲੋੜਵੰਦ ਲੋਕਾਂ ਨੂੰ ਮੁਫਤ ਵੰਡ ਚੁੱਕਾ ਹੈ। ਉਸ ਵੱਲੋਂ ਇਹ ਸਮਾਨ ਹਾਊਸਫੈੱਡ ਕਲੋਨੀ ’ਚ ਕੰਮ ਕਰਨ ਵਾਲੇ ਮਾਲੀ, ਮਜ਼ਦੂਰ, ਸਫਾਈ ਸੇਵਕਾਂ ਅਤੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਅਤੇ ਕਲੋਨੀ ਵਿੱਚ ਸਬਜ਼ੀ ਆਦਿ ਵੇਚਣ ਆਉਣ ਵਾਲੇ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡਿਆਂ ਗਿਆ ਹੈ। ਉਸ ਦਾ ਇਹ ਵੀ ਦੱਸਣਾ ਹੈ ਕਿ ਸੇਫਟੀ ਕਿੱਟਾਂ ਅਤੇ ਹਾਈਪੋਕਲੋਰਾਈਡ ਦੀਆਂ ਸ਼ੀਸੀਆਂ ਤੇ ਜੋ ਖਰਚਾ ਆਇਆ ਹੈ, ਉਹ ਉਸ ਦੀ ਨਾਨੀ ਨੀਨਾ ਅਰੋੜਾ ਵੱਲੋਂ ਦਿੱਤਾ ਗਿਆ।
ਐਨ ਉਤਮੇਸ਼ ਨੇ ਇਹ ਵੀ ਦੱਸਿਆ ਕਿ ਉਸ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਇਹ ਜਾਗਰੂਕਤਾ ਮੁਹਿੰਮ ਚਲਾਈ ਹੈ। ਇਸ ਮੁਹਿੰਮ ਵਿੱਚ ਉਸ ਦੇ ਮਾਤਾ ਡਾ. ਮੀਨੂੰ ਅਤੇ ਉਸ ਦੇ ਪਿਤਾ ਡਾ. ਨਗਿੰਦਰ ਬਾਬੂ ਵੱਲੋਂ ਵੀ ਜਿੱਥੇ ਉਸ ਨੂੰ ਪੂਰਾ ਉਤਸ਼ਾਹਿਤ ਕੀਤਾ ਜਾਂਦਾ ਹੈ, ਉੱਥੇ ਉਸ ਨੂੰ ਪੂਰਨ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ।

Real Estate