ਕੇਂਦਰ ਸਰਕਾਰ ਦੇ ਖੇਤੀ ਆਰਡੀਨੈਸਾਂ ਦੇ ਖਿਲਾਫ ਕਿਸਾਨਾਂ ਨੇ 587 ਟਰੈਕਟਰਾਂ ਦੇ ਕਾਫਲੇ ਨਾਲ ਰੋਸ ਮਾਰਚ ਕੀਤਾ

241

ਕਾਲੇ ਝੰਡੇ ਤੇ ਬੈਨਰਾਂ ਨਾਲ ਕਈ ਕਿਲੋਮੀਟਰ ਲੰਬਾ ਰੋਸ ਮਾਰਚ ਕਰਕੇ ਕਿਸਾਨਾਂ ਨੇ ਹਾਕਮਾਂ ਦੀ ਦਿੱਤੀ ਚੁਣੌਤੀ ਕਬੂਲੀ : ਧਨੇਰ
ਬਰਨਾਲਾ, 27 ਜੁਲਾਈ (ਜਗਸੀਰ ਸਿੰਘ ਸੰਧੂ) : ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਚੈਪਟਰ ਵਿਚ ਸ਼ਾਮਲ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਕੜਿਆਂ ਦੀ ਗਿਣਤੀ ‘ਚ ਜੋਸ਼ ਖਰੋਸ਼ ਨਾਲ ਪੁੱਜੇ ਕਾਲੇ ਝੰਡੇ, ਬੈਨਰਾਂ ਨਾਲ ਸਜੇ ਟਰੈਕਟਰਾਂ ਨੇ ਹਾਕਮਾਂ ਨੂੰ ਦਿੱਤੀ ਵੱਡੀ ਚੁਣੌਤੀ ਪੇਸ਼ ਕੀਤੀ। ਕਈ ਕਿਲੋਮੀਟਰ ਲੰਬਾ 587 ਟਰੈਕਟਰਾਂ ਦਾ ਕਾਫਲਾ ਜਦ ਬਰਨਾਲਾ ਸ਼ਹਿਰ ਵਿੱਚ ਅਕਾਲੀ ਦਲ ਬਾਦਲ ਦੇ ਜਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ਼ ਵੱਲ ਸੇਖਾ ਕੈਂਚੀਆਂ ਰਾਹੀਂ ਦਾਖਲ ਹੋਇਆ ਤਾਂ ਕੇਂਦਰੀ ਹਕੂਮਤ ਵੱਲੋਂ ਪਾਸ ਕੀਤੇ ਤਿੰਨੇ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਕਿਸਾਨਾਂ ਦਾ ਗੁੱਸਾ ਅਕਾਸ਼ ਗੁੰਜਾਊ ਨਾਹਰਿਆਂ ਰਾਹੀਂ ਹਾਕਮਾਂ ਦੇ ਢਿੱਡੀ ਹੌਲ ਪਾ ਰਿਹਾ ਸੀ। ਇਸ ਸਮੇਂ ਕਿਸਾਨ ਆਗੂਆਂ ਮਨਜੀਤ ਧਨੇਰ, ਬਲਵੰਤ ਉੱਪਲੀ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਮੋਹਣ ਸਿੰਘ ਰੂੜੇਕੇ, ਜੱਗਾ ਸਿੰਘ ਬਦਰਾ, ਯਸ਼ਪਾਲ ਸਿੰਘ ਮਹਿਲਕਲਾਂ, ਅਮਰਜੀਤ ਸਿੰਘ ਕੁੱਕੂ, ਪਵਿੱਤਰ ਸਿੰਘ ਲਾਲੀ ਕਾਲਸਾਂ, ਵਰਿੰਦਰ ਸਿੰਘ ਅਜਾਦ ਆਦਿ ਕਿਸਾਨ ਆਗੂਆਂ ਨੇ ਕਈ ਕਿਲੋਮੀਟਰ ਲੰਬੇ ਕਾਫਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕੇਂਦਰੀ ਹਕੂਮਤ ਨੇ ਡੀਜਲ-ਪਟਰੋਲ ਦੀਆਂ ਕੀਮਤਾਂ ‘ਚ ਵਾਧਾ ਕੀਤਾ, ਜਦੋਂ ਕਿ ਇਸੇ ਸਮੇਂ ਕੌਮਾਂਤਰੀ ਪੱਧਰ ‘ਤੇ ਡੀਜਲ ਤੇ ਪੈਟਰੌਲ ਦੀਆਂ ਕੀਮਤਾਂ ਬਹੁਤ ਹੀ ਥੱਲੇ ਗਿਰ ਚੁੱਕੀਆਂ ਹਨ। ਕਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦੇ ਉਜਾੜੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਐਮ.ਐਸ.ਪੀ ਖਤਮ ਨਹੀਂ ਕੀਤੀ ਜਾ ਰਹੀ ਜਦੋਂਕਿ ਅਸਲ ਸਚਾਈ ਇਹ ਹੈ ਕਿ ਜੇ ਕਰ ਖੁੱਲੀ ਮੰਡੀ ਦਾ ਸਿਧਾਂਤ ਲਾਗੂ ਕੀਤਾ ਗਿਆ ਤਾਂ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਜਿਸ ਨਾਲ ਘੱਟੋ ਘੱਟ ਸਮਰੱਥਨ ਮੁੱਲ ਆਪਣੇ ਆਪ ਖਤਮ ਹੋ ਜਾਵੇਗਾ। ਇਕ ਦੇਸ਼ ਇਕ ਮੰਡੀ ਦਾ ਕਾਨੂੰਨ ਲਾਗੂ ਹੋਣ ਨਾਲ ਇਹੀ ਹਾਲ ਕਣਕ ‘ਤੇ ਝੋਨੇ ਦਾ ਹੋਵੇਗਾ । ਆਰਡੀਨੈਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਆਪਣੀ  ਜਿਨਸ ਨੂੰ ਭਾਰਤ ਵਿੱਚ ਕਿਤੇ ਵੀ ਵੇਚ ਸਕਦਾ ਹੈ ਅਤੇ ਕਿਸਾਨ ਸਟੋਰ ਵੀ ਕਰ ਸਕਦਾ ਹੈ ਕਿਉਂਕਿ ਅਨਾਜ, ਦਾਲਾਂ ‘ਤੇ ਤੇਲ ਬੀਜਾਂ ਨੂੰ ਜ਼ਰੂਰੀ ਵਸਤਾਂ ਵਿੱਚੋਂ ਬਾਹਰ ਕਰ ਦਿੱਤਾ ਹੈ। ਇੱਥੇ ਕਿਸਾਨਾਂ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿਸਾਨਾਂ ਦੇ ਨਾਂ ਥੱਲੇ ਵਪਾਰੀਆਂ ਨੂੰ ਖੁੱਲੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਰਹੀਆਂ ਹਨ । ਕਿਸਾਨ ਪਹਿਲਾਂ ਹੀ ਆਰਥਿਕ ਪੱਖ ਤੋਂ ਕਮਜੋਰ ਹੋਣ ਕਾਰਨ ਕਰਜ਼ੇ ਦੀ ਮਾਰ ਨਾ ਝੱਲਦਾ ਹੋਇਆ ਖੁਦਕੁਸ਼ੀਆਂ ਕਰਨ ਲਈ  ਮਜ਼ਬੂਰ ਹੈ।ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ ਸਿੱਧੇ ਕਿਸਾਨਾਂ ਨੂੰ ਆਪਣੀ ਮੌਤ ਦੇ ਵਰੰਟ ਦਿਸ ਰਹੇ ਹਨ । ਜਿਸ ਦੀ ਕੜੀ ਵਜੋਂ ਬਿਜਲੀ ਸੋਧ ਬਿੱਲ-2020 ਲਿਆਂਦਾ ਜਾ ਰਿਹਾ ਹੈ। ਹੁਣ ਕਿਸਾਨ ਮੌਤ ਨੂੰ ਗਲੇ ਲਾਉਣ ਨਾਲੋਂ ਸਾਂਝੇ ਸੰਘਰਸ਼ ਦੇ ਰਸਤਾ ਅਖਤਿਆਰ ਕਰਨਗੇ। ਪੰਜਾਬ ਦਾ ਕੈਪਟਨ ਸਰਕਾਰ ਇਕ ਪਾਸੇ ਕਿਸਾਨ ਪੱਖੀ ਹੋਣ ਦਾ ਪਖੰਡ ਕਰ ਰਹੀ ਹੈ ਅਤੇ ਦੂਜੇ ਪਾਸੇ ਟਰੈਕਟਰ ਮਾਰਚ ‘ਤੇ ਰੋਕਾਂ ਲਾਕੇ ਬਾਦਲਾਂ ਦਾ ਪੱਖ ਪੂਰ ਰਹੀ ਹੈ।

Real Estate