ਅਫਗਾਨਿਸਤਾਨ ਤੋਂ ਆਏ ਸਿੱਖਾਂ ਦੇ ਪਹਿਲੇ ਜੱਥੇ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

169

ਅਗਸਤ ਮਹੀਨੇ ਦੇ ਅਖੀਰ ਤੱਕ ਸਾਰੇ ਸਿੱਖਾਂ ਨੂੰ ਲਿਆਉਣ ਦਾ ਯਤਨ ਕਰਾਂਗੇ : ਸਿਰਸਾ/ਕਾਲਕਾ
ਚੰਡੀਗੜ, 26 ਜੁਲਾਈ (ਜਗਸੀਰ ਸਿੰਘ ਸੰਧੂ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਫਗਾਨਿਸਤਾਨ ਤੋਂ ਇਥੇ ਦਿੱਲੀ ਹਵਾਈ ਅੱਡੇ ਪੁੱਜਣ ‘ਤੇ ਸਿੱਖਾਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ। ਤਾਲਿਬਾਨ ਹੱਥੋਂ ਨਰਕ ਵਰਗੀ ਜ਼ਿੰਦਗੀ ਸਹਿਣ ਤੋਂ ਬਾਅਦ ਇਹ ਸਿੱਖ ਇਥੇ ਸਥਾਈ ਤੌਰ ‘ਤੇ ਰਹਿਣ ਵਾਸਤੇ ਆਏ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹਨਾਂ ਸਿੱਖਾਂ ਨੂੰ ਰਹਿਣ ਲਈ ਥਾਂ ਤੇ ਹੋਰ ਸਹੂਲਤਾਂ ਪ੍ਰਦਾਨ ਕਰੇਗੀ। ਉਹਨਾਂ ਦੱਸਿਆ ਕਿ ਅਗਲੇ ਜੱਥੇ ਵਿਚ 70 ਅਤੇ ਉਸ ਤੋਂ ਅਗਲੇ ਵਿਚ 125 ਸਿੱਖ ਇਥੇ ਪਹੁੰਚਣਗੇ। ਉਹਨਾਂ ਦੱਸਿਆ ਕਿ 600 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਕੋਸ਼ਿਸ਼ ਇਹ ਹੈ ਕਿ ਅਗਸਤ ਦੇ ਅਖੀਰ ਤੱਕ ਸਾਰੇ ਸਿੱਖਾਂ ਨੂੰ ਇਥੇ ਲਿਆਂਦਾ ਜਾਵੇ।  ਉਹਨਾਂ ਕਿਹਾ ਕਿ ਉਹਨਾਂ ਨੇ ਇਹਨਾਂ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਦੇ ਭਾਰਤ ਵਿਚ ਵਸਣ ਵਿਚ ਮਦਦ ਕਰੇਗੀ।
ਦੋਹਾਂ ਸਿੱਖ ਆਗੂਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਅਣਥੱਕ ਯਤਨਾਂ ਸਦਕਾ ਇਹ ਸਿੱਖ ਭਾਰਤ ਪੁੱਜੇ ਹਨ।  ਜੋ ਅੱਜ ਆਏ ਹਨ ਉਹਨਾਂ ਵਿਚ ਨਿਧਾਨ ਸਿੰਘ, ਚਰਨ ਕੌਰ ਸਿੰਘ, ਬਲਵਾਨ ਕੌਰ ਸਿੰਘ, ਗੁਰਜੀਤ ਸਿੰਘ, ਮਲਮੀਤ  ਕੌਰ, ਮਨਦੀਪ ਸਿੰਘ, ਪੂਨਮ ਕੌਰ ਤੇ ਪਰਵੀਨ ਸਿੰਘ ਸ਼ਾਮਲ ਹਨ। ਇਹਨਾਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ ਜੋ ਪਿਛਲੇ ਦਿਨੀਂ ਅਗਵਾ ਅਗਵਾ ਕਰ ਲਿਆ ਗਿਆ ਸੀ ਤੇ ਸਿੱਖਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਇਹ ਮਾਮਲਾ ਚੁੱਕਣ ਮਗਰੋਂ ਵਾਪਸ ਭੇਜ ਦਿੱਤੀ ਗਈ ਸੀ।
ਅਫਗਾਨਿਸਤਾਨ ਵਿਚ ਆਪਣੀ ਜ਼ਿੰਦਗੀ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਤਾਲਿਬਾਨ ਤੇ ਹੋਰ ਕੱਟੜ ਜਥੇਬੰਦੀਆਂ ਵੱਲੋਂ ਸਰੀਰਕ ਤੇ ਮਾਨਸਿਕ ਤਸ਼ੱਦਦ ਦਿੱਤਾ ਜਾਂਦਾ ਸੀ ਤੇ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।  ਉਹਨਾਂ ਕਿਹਾ ਕਿ ਮੰਦਿਰਾਂ ਦੇ ਸਾਹਮਣੇ ਗਾਂ ਦਾ ਮੀਟ ਵੇਚਿਆ ਜਾਂਦਾ ਸ ਤੇ ਉਹਨਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਸੀ। ਉਹਨਾਂ ਕਿਹਾ ਕਿ ਉਹ ਭਾਰਤ ਸਰਕਾਰ ਤੇ ਖਾਸ ਤੌਰ ‘ਤੇ ਸ੍ਰੀ ਸਿਰਸਾ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਦੇ ਭਾਰਤ ਵਿਚ ਆਉਣ ਤੇ ਇਥੇ ਵੱਸ ਜਾਣ ਵਿਚ ਮਦਦ ਕੀਤੀ।

Real Estate