ਹੋਣਹਾਰ ਨੌਜਵਾਨ ਕਵਿੱਤਰੀ ਗੁਰਪ੍ਰੀਤ ਗੀਤ ਕੈਂਸਰ ਕਾਰਨ ਸੁਰਗਵਾਸ

312

ਲੁਧਿਆਣਾ, 20 ਜੁਲਾਈ (ਸੁਖਨੈਬ ਸਿੱਧੂ) : ਛੋਟੀ ਉਮਰ ਵਿਚ ਬੜੇ ਡੂੰਘੇ ਅਰਥਾਂ ਵਾਲੀ ਕਵਿਤਾ ਰਚਣ ਵਾਲੀ ਆਦਮਪੁਰ ਦੀ ਜਾਈ ਕਵਿੱਤਰੀ ਗੁਰਪ੍ਰੀਤ ਗੀਤ ਨਹੀਂ ਰਹੀ। ਉਹ ਕੈਂਸਰ ਨਾਲ ਜੂਝ ਰਹੀ ਸੀ ਤੇ ਪਿਛਲੇ ਕੁਝ ਸਮੇਂ ਤੋਂ ਆਦਮਪੁਰ ਹਸਪਤਾਲ ਵਿਚ ਹੀ ਉਸਦਾ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਸੋਮਵਾਰ ਸਵੇਰੇ ਉਸ ਦਾ ਦੇਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਦੀ ਪਹਿਲੀ ਕਿਤਾਬ ਸੁਪਨਿਆਂ ਦੇ ਦਸਤਖ਼ਤ ਅੱਜ ਹੀ ਸੂਰਜਾਂ ਦੇ ਵਾਰਿਸ ਪਬਲਿਸ਼ਿੰਗ ਹਾਊਸ ਵੱਲੋ ਛਪ ਕੇ ਆਈ ਸੀ ਤੇ ਜਲਦੀ ਹੀ ਰਿਲੀਜ਼ ਹੋਣੀ ਸੀ। ਪੁਸਤਕ ਦੇ ਪ੍ਰਕਾਸ਼ਕ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਕਿਤਾਬ ਪੁੱਜਣ ਤੋਂ ਪਹਿਲਾਂ ਹੀ ਉਹ ਸਦੀਵੀ ਅਲਵਿਦਾ ਕਹਿ ਗਈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਰਾਜਦੀਪ ਸਿੰਘ ਤੂਰ ਤੇ ਮਨਜਿੰਦਰ ਧਨੋਆ ਨੇ ਗੁਰਪ੍ਰੀਤ ਗੀਤ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਹੋਣਹਾਰ ਕਵਿੱਤਰੀ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ।

Real Estate