ਹੁਣ ਆਟੇ ਦੇ ਘਪਲੇ ਨੂੰ ਲੈ ਕੇ ਦਿੱਲੀ ਕਮੇਟੀ ਚਰਚਾ ‘ਚ, ਜੀ.ਕੇ ਤੇ ਕਾਲਕਾ ਨੇ ਇੱਕ ਦੂਸਰੇ ‘ਤੇ ਲਾਏ ਦੋਸ਼

196

 ਜਗਸੀਰ ਸਿੰਘ ਸੰਧੂ
ਸਿੱਖਾਂ ਦੀ ਦੋ ਸਿਰਮੋਰ ਸੰਸਥਾਵਾਂ ਇਹਨੀਂ ਦਿਨੀਂ ਲੰਗਰ ਘਪਲਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜਿਥੇ ਸ੍ਰੋਮਣੀ ਕਮੇਟੀ ਪਿਛਲੇ ਦਿਨੀਂ ਤਖਤ ਸ੍ਰੀ ਆਨੰਦਪੁਰ ਸਾਹਿਬ ਦੇ ਲੰਗਰ ਵਿੱਚ ਹੋਏ ਘੁਟਾਲੇ ਕਾਰਨ ਚਰਚਾ ਦੀ ਵਿਸ਼ਾ ਬਣੀ ਰਹੀ, ਉਥੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਟੇ ਦੇ ਘਪਲੇ ਨੂੰ ਲੈ ਕੇ ਚਰਚਾ ਵਿੱਚ ਹੈ। ਆਟੇ ਦੇ ਇਸ ਗੋਲਮਾਲ ਨੂੰ ਲੈ ਕੇ ਜਿਥੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਜਾਗੋ ਪਾਰਟੀ ਮੌਜੂਦਾ ਮੈਨੇਜਮੈਂਟ ਉਪਰ ਤਰਾਂ ਤਰਾਂ ਦੇ ਦੋਸ਼ ਲਗਾ ਰਹੀ ਹੈ, ਉਥੇ ਦਿੱਲੀ ਕਮੇਟੀ ਦੇ ਆਹੁਦੇਦਾਰ ਮਨਜੀਤ ਸਿੰਘ ਜੀ.ਕੇ ‘ਤੇ ਦੋਸ਼ ਲਗਾ ਰਹੇ ਹਨ ਕਿ ਉਹ ਦਿੱਲੀ ਕਮੇਟੀ ਨੂੰ ਬਦਨਾਮ ਕਰ ਰਿਹਾ ਹੈ।
ਲੰਗਰ ਦੀ ਰਸਦ ਵਿੱਚ ਸੰਗਤਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਤੇ ਗਏ ਆਟੇ ਦੇ ਖੁੱਲੇ ਬਾਜ਼ਾਰ ਵਿੱਚ ਵਿਕਣ ਦੇ ਸਾਹਮਣੇ ਆਏ ਖ਼ੁਲਾਸੇ ਉੱਤੇ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਖ਼ਿਲਾਫ਼ ਥਾਨਾਂ ਸੰਸਦ ਮਾਰਗ ਵਿੱਚ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਵੱਲੋਂ ਸੋਮਵਾਰ ਨੂੰ ਸ਼ਿਕਾਇਤ ਦੇਣ ਦਾ ਐਲਾਨ ਕੀਤਾ ਹੈਂ। ਨਾਲ ਹੀ ਕਿਹਾ ਹੈ ਕਿ ਕਮੇਟੀ ਨੇ ਆਟਾ ਨਹੀਂ ਸਗੋਂ ਸੰਗਤਾਂ ਦੀ ਸ਼ਰਧਾ ਨੂੰ ਵੇਚੀਆਂ ਹੈਂ। ਜੇਕਰ ਤੁਹਾਡੇ ਕੋਲ ਫ਼ਾਲਤੂ ਆਟਾ ਸੀ ਤਾਂ ਗ਼ਰੀਬ ਸਿੱਖਾਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਸਹਾਇਤਾ ਦੇ ਤੌਰ ਉੱਤੇ ਆਟਾ ਦੇਣ ਦੀ ਬਜਾਏ ਖੁੱਲੇ ਬਾਜ਼ਾਰ ਵਿੱਚ ਆਟਾ ਵੇਚਣਾ ਗ਼ਲਤ ਹੈ। ਦਰਅਸਲ ਕਲ ਇੱਕ ਨਿੱਜੀ ਚੈਨਲ ਨੇ ਖ਼ੁਲਾਸਾ ਕੀਤਾ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ  ਤੋਂ ਆਟਾ ਭਰ ਕੇ ਚੱਲਿਆ ਟਰੱਕ ਨੰਬਰ DL1LY 7733, ਜਿਸ ਉੱਤੇ ਲੰਗਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਲਿਖਿਆ ਸੀ, ਵਿੱਚ ਕਈ ਟਨ ਆਟਾ ਲੋਡ ਸੀ। ਜਿਸ ਦਾ 2 ਸਿੱਖ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਕੈਮਰੇ ਵਿੱਚ ਕੈਦ ਹੋਈ ਤਸਵੀਰਾਂ ਵਿੱਚ ਉਸਮਾਨਪੁਰ ਦੇ ਪਵਨ ਸਟੋਰ ਉੱਤੇ ਇਹ ਟਰੱਕ ਪੁੱਜਦਾ ਹੈਂ। ਜਾਣਕਾਰੀ ਅਨੁਸਾਰ 8 ਰੁਪਏ ਕਿੱਲੋ ਆਟਾ ਕਮੇਟੀ ਨੇ ਵੇਚਿਆ ਸੀ। ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੀਕੇ ਨੇ ਇਹਨੂੰ ਸੰਗਤਾਂ ਦੀ ਸ਼ਰਧਾ ਦੇ ਨਾਲ ਖਿਲਵਾੜ ਦੱਸਿਆ। ਇਸ ਮੌਕੇ ਜੀਕੇ  ਦੇ ਨਾਲ ਆਟਾ ਵਿੱਕਰੀ ਦਾ ਸਟਿੰਗ ਕਰਨ ਵਾਲੇ ਦੋਨੋਂ ਸਿੱਖ ਨੌਜਵਾਨ ਦਲਜੀਤ ਸਿੰਘ ਅਤੇ ਹਰਨਾਮ ਸਿੰਘ  ਮੌਜੂਦ ਸਨ। ਜੀਕੇ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਆਟਾ ਵੇਚਣ ਦੀ ਗੱਲ ਸਵੀਕਾਰ ਕਰਨ ਦੇ ਬਾਵਜੂਦ ਖ਼ਰਾਬ ਆਟਾ ਵੇਚਣ ਦੇ ਕੀਤੇ ਗਏ ਦਾਅਵੇ ਨੂੰ ਝੂਠ ਦਾ ਪੁਲੰਦਾ ਦੱਸਿਆ। ਜੀਕੇ ਨੇ ਕਾਲਕਾ ਲਈ ਸਵਾਲਾਂ ਦੀ ਝੜੀ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਆਟੇ ਵਿੱਚ ਸੁੰਡੀ ਪੈਣ ਦਾ ਦਾਅਵਾ ਵਿਸ਼ਵਾਸ ਲਾਇਕ ਨਾ ਹੋਕੇ ਕਮੇਟੀ ਵੱਲੋਂ ਆਪਣੀ ਚੋਰੀ ਫੜੇ ਜਾਣ ਉੱਤੇ ਖਿਸਿਆਉਂਦੇ ਹੋਏ ਨਕਲੀ ਦਸਤਾਵੇਜ਼ ਬਣਾਉਣ ਦਾ ਮਾਮਲਾ ਜ਼ਿਆਦਾ ਲੱਗਦਾ ਹੈ। ਜੋ ਕਿ ਪੁਲਿਸ ਦੇ ਵੱਲੋਂ ਕਾਗ਼ਜ਼ਾਂ ਦੀ ਕੀਤੀ ਜਾਣ ਵਾਲੀ ਫੋਰੈਂਸਿਕ ਜਾਂਚ ਵਿੱਚ ਸਾਬਤ ਹੋ ਜਾਵੇਗਾ। ਇੱਕ ਤਰਫ਼ ਕਮੇਟੀ ਨੇ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਇਲਾਕੇ ਵਿੱਚ ਵੰਡਣ ਲਈ ਰਾਸ਼ਨ ਨਹੀਂ ਦਿੱਤਾ, ਸਿਰਫ਼ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੂੰ ਰਾਸ਼ਨ ਦੇ ਕੇ, ਰਸਦ ਦਾ ਸਿਆਸੀਕਰਨ ਕਰਨ ਦੇ ਨਾਲ ਮੈਂਬਰਾਂ ਦਾ ਮੈਂਬਰ ਫੰੜ ਵੀ ਬੰਦ ਕਰ ਦਿੱਤਾ ਗਿਆ ਹੈਂ। ਜਦੋਂ ਕਿ ਜ਼ਰੂਰਤਮੰਦ ਸਿੱਖਾਂ ਤੱਕ ਰਸਦ ਅਤੇ ਆਰਥਕ ਸਹਾਇਤਾ ਨਹੀਂ ਪਹੁੰਚੀ, ਪਰ ਆਟਾ ਖ਼ਰਾਬ ਹੋ ਗਿਆ। ਇਸ ਤੋਂ ਜ਼ਿਆਦਾ ਨਾਲਾਇਕ ਪ੍ਰਬੰਧ ਕੀ ਹੋਵੇਗਾ ?
ਜੀਕੇ ਨੇ ਸਵਾਲ ਪੁੱਛਿਆ ਕਿ ਕਾਲਕਾ ਦੇ ਕੋਲ ਅਜਿਹਾ ਕਿਹੜਾ ਤੰਤਰ ਹੈਂ, ਜਿਸ ਦੇ ਨਾਲ 50 ਕਿੱਲੋ ਦੇ ਆਟੇ  ਦੇ ਬੰਦ ਬੋਰੇ ਵਿੱਚ ਸੁੰਡੀ ਹੋਣ ਦਾ ਪਤਾ ਚੱਲ ਜਾਂਦਾ ਹੈ ?  ਜੇਕਰ ਆਟਾ ਖ਼ਰਾਬ ਸੀ ਤਾਂ ਕਿਰਿਆਨਾ ਸਟੋਰ ਨੇ ਕਿਉਂ ਖ਼ਰੀਦਿਆਂ ? ਜੇਕਰ ਆਟੇ ਨੂੰ ਕਬਾੜੀ ਜਾਂ ਚੋਕਰ ਖ਼ਰੀਦਣ ਵਾਲੇ ਨੇ ਖ਼ਰੀਦਿਆਂ ਸੀ, ਤਾਂ ਉਹ ਆਪਣੇ ਆਪ ਆਪਣੀ ਗੱਡੀ ਰਾਹੀ ਚੁੱਕ ਕੇ ਕਿਉਂ ਨਹੀਂ ਲੈ ਗਿਆ ? ਕਮੇਟੀ ਵੱਲੋਂ ਕਿਰਾਏ ਉੱਤੇ ਲਈ ਗਈ ਗੱਡੀ ਆਟੇ ਦੀ ਹੋਮ ਡਿਲਿਵਰੀ ਕਰਨ ਕਿਉਂ ਗਈ ? ਜਦੋਂ ਮੁੰਡਿਆਂ ਨੇ ਉਸਮਾਨਪੁਰ ਵਿਖੇ ਡਰਾਈਵਰ ਤੋਂ ਆਟੇ ਦੇ ਬਾਰੇ  ਪੁੱਛਿਆ ਤਾਂ ਉਸ ਨੇ ਆਟਾ ਜੀਟੀ ਕਰਨਾਲ ਰੋੜ ਤੋਂ ਲਿਆਉਣ ਦਾ ਝੂਠ ਕਿਉਂ ਬੋਲਿਆ, ਜਦੋਂ ਕਿ ਮੁੰਡੇ ਉਸ ਦਾ ਪਿੱਛਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਰ ਰਹੇ ਸਨ ? ਆਟਾ ਲੈ ਕੇ ਗੱਡੀ  ਦੇ ਨਾਲ ਗਿਆ ਵਪਾਰੀ ਕਿਸ ਰਾਜੂ ਭਾਜੀ ਨਾਲ ਮੁੰਡਿਆਂ ਦੀ ਗੱਲ ਕਰਵਾ ਰਿਹਾ ਸੀ ? ਰਾਜੂ ਭਾਜੀ ਨੇ ਮੁੰਡਿਆਂ ਨਾਲ ਫ਼ੋਨ ਉੱਤੇ ਗੱਲ ਕਰਨ ਦੀ ਬਜਾਏ ਫ਼ੋਨ ਕਿਉਂ ਕੱਟਿਆ ਸੀ ? ਜਦੋਂ ਕਮੇਟੀ ਦੇ ਦਾਅਵੇ ਅਨੁਸਾਰ ਲਾਕਡਾਉਨ ਵਿੱਚ 1.65 ਲੱਖ ਲੋਕਾਂ ਦਾ ਰੋਜ਼ਾਨਾ ਲੰਗਰ ਪੱਕ ਰਿਹਾ ਸੀ ਅਤੇ ਰਸਦ ਵੀ ਵੰਡੀ ਗਈ ਸੀ, ਤਾਂ ਆਟਾ ਇਸਤੇਮਾਲ ਕਿਉਂ ਨਹੀਂ ਹੋਇਆ ? ਜੇਕਰ ਪੁਰਾਣਾ ਆਟਾ ਇਸਤੇਮਾਲ ਹੀ ਨਹੀਂ ਹੋ ਪਾ ਰਿਹਾ ਸੀ, ਤਾਂ ਕਮੇਟੀ ਸੰਗਤਾਂ ਤੋਂ ਰੋਜ਼ਾਨਾ ਰਸਦ ਅਤੇ ਪੈਸੇ ਕਿਉਂ ਮੰਗ ਰਹੀ ਹੈ ? ‘ਲੰਗਰ ਆਨ ਵਹੀਲ’ ਦੀ ਗੱਡੀ ਨੂੰ ਪੱਕੇ ਹੋਏ ਲੰਗਰ ਦੀ ਡਿਲਿਵਰੀ ਲਈ ਲਗਾਇਆ ਗਿਆ ਸੀ ਜਾਂ ਆਟਾ ਸਪਲਾਈ ਲਈ ? ਜੀਕੇ ਨੇ ਦਾਅਵਾ ਕੀਤਾ ਕਿ ਆਟਾ ਖ਼ਰਾਬ ਨਹੀਂ ਸੀ ਸਗੋਂ ਇਹਨਾਂ ਦੀ ਨੀਅਤ ਖ਼ਰਾਬ ਹੈ, ਜੋ ਇਨ੍ਹਾਂ ਨੂੰ ਲੰਗਰ ਜਿਹੀ ਪਵਿੱਤਰ ਪਰੰਪਰਾ ਨੂੰ ਤਾਰ-ਤਾਰ ਕਰਨ ਨੂੰ ਉਤਸ਼ਾਹਿਤ ਕਰਦੀ ਹੈ।
ਪੰਥ ਦੇ ਵਿਰੋਧੀਆਂ ਤੋਂ ਪੰਥ ਦੀ ਚੜਦੀਕਲਾ ਬਰਦਾਸ਼ਤ ਨਹੀਂ ਹੋ ਰਹੀ : ਹਰਮੀਤ ਸਿੰਘ ਕਾਲਕਾ
ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਕੀਤੀ ਮਨੁੱਖਤਾ ਦੀ ਸੇਵਾ ਦੀ ਦੁਨੀਆਂ ਭਰ ਵਿਚ ਹੋਈ ਸ਼ਲਾਘਾ  ਤੋਂ ਬੁਖਲਾ ਕੇ ਅਕਾਲੀ ਦਲ ਜਾਂ ਦਿੱਲੀ ਗੁਰਦੁਆਰਾ ਕਮੇਟੀ ਨਹੀਂ ਬਲਕਿ ਪੰਥ ਦੇ ਵਿਰੋਧੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਕੱਲ ਰਾਤ ਤੋਂ ਸੋਸ਼ਲ ਮੀਡੀਆ ‘ਤੇ ਇਕ ਸਟਿੰਗ ਅਪਰੇਸ਼ਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਬਿਲਕੁਲ ਬੇਬੁਨਿਆਦ, ਝੂਠੇ ਤੇ ਖੋਖੇਲ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਸ੍ਰੀ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਜੋ ਰਵਾਇਤਾਂ ਸਨ, ਉਸ ਅਨੁਸਾਰ ਹੀ ਖਰਾਬ ਹੋ ਰਿਹਾ ਆਟਾ ਤਿੰਨ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਰ ਵੇਚਿਆ ਗਿਆ। ਉਹਨਾਂ ਕਿਹਾ ਕਿ ਇਹ ਰਵਾਇਤ ਰਹੀ ਹੈ ਕਿ ਵੇਚੇ ਗਏ ਆਟਾ ਦੀ ਰਾਸ਼ੀ ਨਾਲ ਘਿਓ, ਦਾਲਾਂ ਤੇ ਹੋਰ ਰਸਦ ਖਰੀਦੀ ਜਾਂਦੀ ਹੈ ਤੇ ਇਸ ਤੋਂ ਸ੍ਰੀ ਮਨਜੀਤ ਸਿੰਘ ਜੀ. ਕੇ. ਭਲੀ ਭਾਂਤ ਜਾਣੂ ਹਨ।
ਸ੍ਰੀ ਕਾਲਕਾ ਨੇ ਦੱਸਿਆ ਕਿ ਪੂਰੀ ਦੁਨੀਆਂ ਵਿਚ ਇਸ ਗੱਲ ਦੀ ਸ਼ਲਾਘਾ ਹੋਈ ਕਿ ਮਹਾਂਮਾਰੀ ਦੌਰਾਨ ਜੋ ਸੇਵਾ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤੀ, ਉਸਦੀ ਦੁਨੀਆਂ ਭਰਵਿਚ ਕੋਈ ਮਿਸਾਲ ਨਹੀਂ ਹੈ ਤੇ ਇਸ ਸ਼ਲਾਘਾ ਨੂੰ ਸਾਡੇ ਵਿਰੋਧੀ ਬਰਦਾਸ਼ਤ ਨਹੀਂ ਕਰ ਪਾ ਰਹੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਾਡੇ ਵਿਰੋਧੀ ਨਹੀਂ ਬਲਕਿ ਪੰਥ ਦੇ ਵਿਰੋਧੀ ਹਨ ਜਿਹਨਾਂ ਤੋਂ ਪੰਥ ਦੀ ਚੜਦੀਕਲਾ ਬਰਦਾਸ਼ਤ ਨਹੀਂ ਹੋ ਰਹੀ।  ਉਹਨਾਂ ਕਿਹਾ ਕਿ ਕਈ ਸਾਲਾਂ ਤੋਂ  ਇਹ ਰਵਾਇਤ ਚਲਦੀ ਆ ਰਹੀ ਹੈ ਕਿ ਜੋ ਰਸਦ ਲੰਗਰ ਵਾਸਤੇ ਪਹੁੰਚੀ ਹੈ ਤੇ ਸੰਗਤ ਵੱਲੋਂ ਦਸਵੰਧ  ਵਿਚੋਂ ਮਾਇਆ ਹੈ, ਉਸਦੀ ਸਦਵਰਤੋਂ ਕੀਤ ਜਾਂਦੀ ਹੈ ਕਿਉਂਕਿ ਸੰਗਤ ਨੇ ਹਮੇਸ਼ਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵਿਸ਼ਵਾਸ ਕੀਤਾ ਹੈ।ਉਹਨਾਂ ਕਿਹਾ ਕਿ ਮਹਾਂਮਾਰੀ ਦੌਰਾਨ ਜੋ ਰਸਦ ਆਈ ਸੀ, ਬਾਰਸ਼ ਦੇ ਮੌਸਮ ਕਾਰਨ ਆਟਾ ਖਰਾਬ ਹੋ ਰਿਹਾ ਸੀ ਜਿਸ ਕਾਰਨ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸਨੇ ਇਸ ਮਾਮਲੇ ਵਿਚ ਸਿਫਾਰਸ਼ ਕਰਨੀ ਸੀ, ਇਸ ਵਿਚ ਚੇਅਰਮੈਨ ਰਵਿੰਦਰ ਸਿੰਘ ਖਰਾਣਾ, ਐਮ ਪੀ ਐਸ ਚੰਢਾ ਤੇ ਸ੍ਰੀ ਭੁਪਿੰਦਰ ਸਿੰਘ ਭੁੱਲਰ ਮੈਂਬਰ ਸਨ। ਉਹਨਾਂ ਦੱਸਿਆ ਕਿ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਖਰਾਬ ਹੋ ਰਿਹਾ ਆਟਾ ਵੇਚਿਆਗਿਆ ਤੇ ਬਜ਼ਾਰ ਦੀ ਕੀਮਤ ਅਨੁਸਾਰ ਵੇਚਿਆ ਗਿਆ ਤੇ ਇਸ ਸਬੰਧ ਵਿਚ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਬਿਲਕੁਲ ਬੇਬੁਨਿਆਦ ਹਨ। ਉਹਨਾਂ ਦੱਸਿਆ ਕਿ ਸਾਰਾ ਕੁਝ ਬਕਾਇਦਾ ਨਿਯਮਾਂ ਅਨੁਸਾਰ ਕੀਤਾ ਗਿਆ ਹੈ।
ਸ੍ਰੀ ਕਾਲਕਾ ਨੇ ਚੇਤੇ ਕਰਵਾਇਆ ਕਿ 2009 ਵਿਚ ਸ੍ਰੀ ਪਰਮਜੀਤ ਸਿੰਘ ਸਰਨਾ ਤੇ 2018 ਵਿਚ ਸ੍ਰੀ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿਚ ਕਮੇਟੀ ਨੇ ਇਸੇ ਤਰੀਕੇ ਆਟਾ ਵੇਚਿਆ ਸੀ ਤੇ ਜੀ. ਕੇ. ਵੇਲੇ ਤਾਂ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਜੋ ਕਿ ਉਹਨਾਂ ਨਾਲ ਹਰ ਚੋਰੀ ਵਿਚ ਭਾਈਵਾਲਾ ਸੀ, ਦੇ ਵੀ ਹਸਤਾਖਰ ਕਮੇਟੀ ਰਿਕਾਰਡ ਵਿਚ ਮੌਜੂਦ ਹਨ।ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਨੇ ਇਕਜੁੱਟ ਹੋ ਕੇ ਫੈਸਲਾ ਲਿਆ  ਹੈ ਤੇ ਇਸ ਵਿਚ ਕਿਸੇ ਇਕ ਵਿਅਕਤੀ ਦਾ ਫੈਸਲਾ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਸੰਵਧ ਦੀ ਮਾਇਆ ਨਾ ਦਿੱਤੀ ਜਾਵੇ ਤੇ ਇਹ ਹਰਕਤ ਅਤਿ ਨਿੰਦਣਯੋਗ ਹੈ।ਉਹਨਾਂ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਆਪਣੇ ‘ਤੇ ਲੱਗੇ ਗੋਲਕ ਚੋਰੀ ਦੇ ਇਲਜ਼ਾਮਾਂ ਦਾ ਜਵਾਬ ਦੇਣ ਦੀ ਥਾਂ ਸ੍ਰੀ ਜੀ. ਕੇ. ਨੇ ਉਲਟਾ ਗੁਰਦੁਆਰਾ ਕਮੇਟੀ ਤੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਰੋਧੀਆਂ ਵੱਲੋਂ ਐਫ ਆਈ ਆਰ ਦਰਜ ਕਰਵਾਉਣ ਦੇ ਐਲਾਨ  ਬਾਰੇ ਉਹਨਾਂ ਕਿਹਾ ਕਿ ਜਦੋਂ ਮਰਜ਼ੀ ਐਫ ਆਈ ਆਰ ਕਰਵਾ ਲਓ ਕਿਉਂਕਿ ਅਸੀਂ ਸਾਰੇ ਕੁਝ ਨਿਯਮਾਂ ਅਨੁਸਾਰ ਕੀਤਾ ਹੈ, ਇਸਲਈ ਸਾਨੂੰ ਕੋਈ ਡਰ ਜਾਂ ਭੈਅ ਨਹੀਂ ਹੈ।

Real Estate