ਸੁਖਬੀਰ ਸਿੰਘ ਬਾਦਲ ਨੇ ਰਾਮ ਰਹੀਮ ਨੂੰ ਕੋਈ ਪੁਸ਼ਾਕ ਨਹੀਂ ਭੇਜੀ : ਸ੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ

269

ਬਰਨਾਲਾ, 17 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਕੋਈ ਪੁਸ਼ਾਕ ਨਹੀ ਭੇਜੀ ਸੀ, ਇਹ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਐਵੇਂ ਸ਼ੋਸ਼ਾ ਛੱਡਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ ਹੈ। ਇਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਗੋਂਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸਿਰਸਾ ਮੁਖੀ ਦੀ ਪੋਸ਼ਾਕ ਨਾਲ ਜੋੜ ਕੇ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਤੇ ਲੀਡਰ ਇਸ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ।ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਦੁੱਧ-ਘਿਓ ਸਬੰਧੀ ਟੈਂਡਰ ਗੁਜਰਾਤ ਦੀ ਕੰਪਨੀ ਨੂੰ ਦਿੱਤੇ ਜਾਣ ਦੇ ਮਾਮਲੇ ਤੇ ਕਿਹਾ ਕਿ ਪਹਿਲਾਂ ਇਹ ਟੈਂਡਰ ਵੇਰਕਾ ਕੰਪਨੀ ਨੂੰ ਦਿੱਤੇ ਜਾਂਦੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਇੱਕ ਟੈਂਡਰ ਕਮੇਟੀ ਬਣਾਈ ਜਾਂਦੀ ਹੈ, ਜੋ ਵੱਖ-ਵੱਖ ਕੰਪਨੀਆਂ ਦੇ ਟੈਂਡਰ ਲੈ ਕੇ ਇਹ ਟੈਂਡਰ ਕੰਪਨੀਆਂ ਨੂੰ ਦਿੰਦੀ ਹੈ।ਪਿਛਲੇ ਸਮੇਂ ਦੌਰਾਨ ਵੇਰਕਾ ਵੱਲੋਂ ਭੇਜੇ ਗਏ ਘਿਓ ਦੇ ਮਾਮਲੇ ਵਿੱਚ ਘਪਲੇਬਾਜ਼ੀ ਸਾਹਮਣੇ ਆਈ ਸੀ। ਇਸ ਮਾਮਲੇ ‘ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਵੀ ਭੇਜੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ, ਪਰ ਇਸ ਮਾਮਲੇ ਵਿਚ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਆਪਣੇ ਵਿਭਾਗ ਦੀ ਜਾਂਚ ਕਰਨ ਦੀ ਥਾਂ ਸ੍ਰੋਮਣੀ ਕਮੇਟੀ ਪ੍ਰਤੀ ਗਲਤ ਬਿਆਨਬਾਜੀ ਕਰ ਰਿਹਾ ਹੈ।

Real Estate