ਰਿਫਰੈਂਡਮ ਨੂੰ ਲੈ ਕੇ ਮਨਜੀਤ ਸਿੰਘ ਜੀ.ਕੇ ਤੇ ਗੋਪਾਲ ਸਿੰਘ ਚਾਵਲਾ ‘ਚ ਛਿੜੀ ਸਬਦੀ ਜੰਗ

215

ਆਉਂਦੇ ਦਿਨਾਂ ਹੋਰ ਵੀ ਬਹੁਤ ਸਾਰੇ ਸਿੱਖ ਆਗੂਆਂ ਦੀ ਸਥਿਤੀ ਹੋਵੇਗੀ ਸਪੱਸ਼ਟ
ਚੰਡੀਗੜ, 17 ਜੁਲਾਈ (ਜਗਸੀਰ ਸਿੰਘ ਸੰਧੂ) : ਰਿਫਰੈਂਡਮ 2020 ਨੂੰ ਲੈ ਕੇ ਜਿਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੋਪਾਲ ਸਿੰਘ ਚਾਵਲਾ ਆਹਮੋ ਸਾਹਮਣੇ ਹੋ ਗਏ ਹਨ, ਉਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਜ਼ਾ ਬਣੇ ਕਾਰਜਕਾਰੀ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਖਾਲਿਸਤਾਨੀ ਮੁਹਿੰਮਾਂ ਚਲਾਉਣ ਵਾਲਿਆਂ ਦਾ ਭਾਰਤ ਜਾਂ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਭਾਵੇਂ ਇਕ ਪਾਸੇ ਤਾਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਇਹ ਮੰਨ ਰਹੀਆਂ ਹਨ ਕਿ ਰਿਫਰੈਂਡਮ 2020 ਦੀ ਮੁਹਿੰਮ ਚਲਾ ਰਹੇ ਗੁਰਪਤਵੰਤ ਸਿੰਘ ਪੰਨੂੰ ਦਾ ਪੰਜਾਬ ਵਿੱਚ ਕੋਈ ਨਹੀਂ ਹੈ, ਪਰ ਦੂਸਰੇ ਪਾਸੇ ਭਾਰਤੀ ਹਕੂਮਤ ਵੱਲੋਂ ਹੁਣ ਸਿੱਖ ਆਗੂਆਂ ਨੂੰ ਇਸ ਮੁਹਿੰਮ ਦਾ ਟਾਕਰਾ ਕਰਨ ਲਈ ਉਤਾਰਿਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ 19 ਜੁਲਾਈ ਨੂੰ ਦਿੱਲੀ ਦੇ ਗੁਰਦਵਾਰਾ ਬੰਗਲਾ ਸਾਹਿਬ ਅਤੇ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਨ ਦੇ ਬਾਅਦ ਰਿਫਰੈਂਡਮ 20-20 ਲਈ ਦਿੱਲੀ ਵਿੱਚ ਸਮਰਥਨ ਜੁਟਾਉਣ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਐਲਾਨ ਦੇ ਵਿਰੋਧ ਵਿੱਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਆਪਣੇ ਚਾਰ ਕੁ ਦਰਜਨ ਸਾਥੀਆਂ ਨਾਲ ਪਾਕਿਸਤਾਨ ਦੂਤਾਵਾਸ ਦੇ ਵੱਲ ਤੀਨ ਮੂਰਤੀ ਚੌਕ ਤੋਂ ਕੂਚ ਕਰਨਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਨੇ ਰਸਤੇ ‘ਚ ਰੋਕ ਲਿਆ। ਇਥੇ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਉੱਤੇ ਅਮਰੀਕਾ ਤੋਂ ਸੰਚਾਲਿਤ ਸਿੱਖ ਫ਼ਾਰ ਜਸਟਿਸ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜੀ.ਕੇ ਨੇ ਕਿਹਾ ਕਿ ਅਮਰੀਕਾ ਵਿੱਚ ਬੈਠਕੇ ਦੇਸ਼ ਦੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਪੰਨੂ ਨੂੰ ਦਿੱਲੀ ਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜੀ.ਕੇ ਨੇ ਪੰਨੂ ਦੇ ਸਰੂਪ ਉੱਤੇ ਉਂਗਲ ਚੁੱਕਦੇ ਹੋਏੇ ਕਿਹਾ ਕੀ ਦਾੜੀ ਅਤੇ ਸਿਰ ਦੇ ਕੇਸ਼ਾਂ ਉੱਤੇ ਉਸਤਰਾ ਫੇਰਨ ਵਾਲਾ ਸਿੱਖ ਰਾਜ ਦੀ ਗੱਲ ਕਰਦਾ ਹੈ, ਇਸ ਤੋਂ ਵੱਡੀ ਸਿੱਖਾਂ ਦੀ ਬਦਕਿਸਮਤੀ ਕੀ ਹੋਵੇਗੀ? ਉਧਰ ਦੂਸਰੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਗੂ ਗੋਪਾਲ ਸਿੰਘ ਚਾਵਲਾ ਨੇ ਮਨਜੀਤ ਸਿੰਘ ਜੀ.ਕੇ ਵੱਲੋਂ ਦਿੱਤੇ ਧਰਨੇ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਮਨਜੀਤ ਸਿੰਘ ਜੀ.ਕੇ ਸਿੱਖ ਹੋ ਕੇ ਆਰ.ਐਸ.ਐਸ ਅਤੇ ਭਾਜਪਾ ਦੇ ਝੋਲੀ ਵਿੱਚ ਬੈਠਾ ਹੈ ਅਤੇ ਉਹਨਾਂ ਦੀ ਬੋਲੀ ਬੋਲ ਰਿਹਾ ਹੈ। ਇਸ ਤਰਾਂ ਜਿਥੇ ਮਨਜੀਤ ਸਿੰਘ ਜੀ.ਕੇ ਅਤੇ ਗੋਪਾਲ ਸਿੰਘ ਚਾਵਲਾ ਵਿੱਚ ਸਬਦੀ ਜੰਗ ਛਿੜੀ ਹੋਈ ਹੈ, ਉਥੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਭਾਰਤੀ ਹਕੂਮਤ ਦਾ ਸਾਥ ਦਿੰਦਿਆਂ ਖਾਲਿਸਤਾਨੀ ਧਿਰਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਵਿਦੇਸਾਂ ‘ਚ ਬੈਠੀਆਂ ਕੁਝ ਤਾਕਤਾਂ ਖਾਲਿਸਤਾਨੀ ਪ੍ਰੋਪੇਗੰਡਾ ਚਲਾ ਰਹੀਆਂ ਹਨ, ਪਰ ਭਾਰਤ ਜਾਂ ਪੰਜਾਬ ਵਿੱਚ ਇਹਨਾਂ ਤਾਕਤਾਂ ਦਾ ਕੋਈ ਅਧਾਰ ਨਹੀਂ ਹੈ। ਉਹਨਾਂ ਸਿੱਖ ਨੌਜਵਾਨਾਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਕਰਦਿਆਂ ਹੈ ਕਿ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੁੜਦਿਆਂ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਜਿਸ ਤਰਾਂ ਰਿਫਰੈਂਡਮ 20-20 ਮੁਹਿੰਮ ਨੂੰ ਲੈ ਕੇ ਸਿੱਖ ਆਗੂ ਵੰਡੇ ਗਏ ਹਨ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਇਸ ਮਸਲੇ ‘ਤੇ ਸਿੱਖ ਆਗੂਆਂ ਵਿੱਚ ਸਬਦੀ ਜੰਗ ਤੇਜ ਹੋਵੇਗੀ ਅਤੇ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਇਸ ਮਸਲੇ ‘ਤੇ ਆਪੋ ਆਪਣਾ ਪੱਖ ਸਪੱਸਟ ਕਰ ਦਿੱਤਾ ਜਾਵੇਗਾ।

Real Estate