ਦੋਵੇਂ ਧਿਰਾਂ ਦੀ ਸਿਆਸਤ ਕਰਨ ਲੱਗੀ ਬੇਅਦਬੀ ਦੀ ਵੀ ਬੇਅਦਬੀ  

404

ਚੰਡੀਗੜ, 16 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੀ ਗਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਤੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਰੱਜ ਕੇ ਰਾਜਨੀਤੀ ਕਰ ਰਹੇ ਹਨ। ਬੇਅਦਬੀ ਮਾਮਲੇ ਵਿੱਚ ਸੌਦਾ ਸਾਧ ਦਾ ਨਾਮ ਆਉਣ ਤੋਂ ਬਾਅਦ ਦੋਵੇਂ ਹੀ ਪਾਰਟੀਆਂ ਇੱਕ ਦੂਸਰੇ ‘ਤੇ ਇਲਜਾਮ ਲਾਉਣ ਲੱਗ ਪਈਆਂ ਹਨ। ਪੰਜਾਬ ਕਾਂਗਰਸ ਦੇ ਕੁੱਝ ਆਗੂ ਅਤੇ ਵਜੀਰ ਇਸ ਮਾਮਲੇ ‘ਤੇ ਸੁਖਬੀਰ ਬਾਦਲ ਨੂੰ ਘੇਰ ਰਹੇ ਹਨ, ਜਦਕਿ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਕੁਝ ਅਕਾਲੀ ਆਗੂਆਂ ਵੱਲੋਂ ਸੁਖਬੀਰ ਬਾਦਲ ਦਾ ਬਚਾਓ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਉਪਰ ਇਥੋਂ ਤੱਕ ਇਲਜਾਮ ਲਗਾ ਰਹੇ ਹਨ ਕਿ ਕਾਂਗਰਸ ਡੇਰਾ ਸਿਰਸਾ ਨਾਲ ਮਿਲਕੇ ਬੇਅਦਬੀ ਦੇ ਕੇਸ ਨੂੰ ਕਮਜੋਰ ਕਰਨ ਲੱਗੀ ਹੋਈ ਹੈ। ਕਮਾਲ ਦੀ ਗੱਲ ਇਹ ਹੈ ਕਿ ਪੰਜ ਸਾਲ ਦਾ ਸਮਾਂ ਹੋਣ ‘ਤੇ ਅਜੇ ਤੱਕ ਜਦੋਂ ਕੇਸ ਦੀ ਜਾਂਚ ਹੀ ਪੂਰੀ ਨਹੀਂ ਹੈ, ਕਿਉਂਕਿ ਅਕਾਲੀ ਸਰਕਾਰ ਮੌਕੇ ਇਸ ਕੇਸ ਦੀ ਜਾਂਚ ਦੌਰਾਨ ਪਹਿਲਾਂ ਤਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਾਮੀ ਦੋ ਸਿੱਖ ਨੌਜਵਾਨਾਂ ਨੂੰ ਨਾਮਜਦ ਕਰਨ ਦੀ ਕੋਸਿਸ਼ ਕੀਤੀ ਗਈ। ਉਸ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਡੀ.ਜੀ.ਪੀ ਸੁਮੇਧ ਸੈਣੀ ਨਾਲ ਬੈਠਕੇ ਪਰੈਸ ਕਾਨਫਰੰਸ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਫੜ ਲਿਆ ਹੈ ਤੇ ਇਸ ਬੇਅਦਬੀ ਕਾਂਡ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜਦੀਆਂ ਹਨ, ਜਿਹਨਾਂ ਨੂੰ ਬਹੁਤ ਜਲਦੀ ਬੇਨਕਾਬ ਕਰਕੇ ਸਾਰੇ ਗੁਨਾਹਗਾਰਾਂ ਨੂੰ ਸੀਖਾਂ ਪਿਛੇ ਧੱਕ ਦੇਵਾਂਗਾ। ਇਸ ਪ੍ਰੈਸ ਕਾਨਫਰੰਸ ਦੀ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਸ ਬੇਅਦਬੀ ਮਾਮਲੇ ਦੇ ਸੁਲਝਣ ‘ਤੇ ਉਹ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਜਾ ਰਹੇ ਹਨ, ਪਰ ਮਗਰੋਂ ਜਦੋਂ ਸਿੱਖ ਸੰਗਤਾਂ ਨੇ ਬੇਅਦਬੀ ਮਾਮਲੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਫੜਨ ਦਾ ਜਬਰਦਸਤ ਵਿਰੋਧ ਕੀਤਾ ਤਾਂ ਦੋਵੇਂ ਸਿੱਖ ਨੌਜਵਾਨਾਂ ਰਿਹਾਅ ਕਰ ਦਿੱਤੇ ਅਤੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਇੱਕ ਜੋਰਾ ਸਿੰਘ ਕਮਿਸਨ ਬਣਾ ਦਿੱਤਾ ਅਤੇ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ ਦੇ ਹਵਾਲੇ ਕਰ ਦਿੱਤੀ ਗਈ। ਪਰ ਇਹ ਕਿਸੇ ਕੋਲੋਂ ਲੁਕਿਆ ਛੁਪਿਆ ਨਹੀਂ ਹੈ ਕਿ ਸੀ.ਬੀ.ਆਈ ਕੇਂਦਰ ਦੀ ਸਰਕਾਰ ਦੀ ਕਠਪੁਤਲੀ ਤੋਂ ਵੱਧ ਕੁਝ ਨਹੀ ਹੈ। ਉਸ ਸਮੇਂ ਕੇਂਦਰ ਅਤੇ ਪੰਜਾਬ ਦੀ ਸਰਕਾਰ ਵਿੱਚ ਭਾਜਪਾ ਨਾਲ ਅਕਾਲੀ ਦਲ ਭਾਈਵਾਲ ਸੀ, ਸੋ ਬੇਅਦਬੀ ਜਾਂਚ ਦਾ ਕੀ ਬਣਨਾ ਸੀ, ਇਸ ਉਸ ਸਮੇਂ ਹੀ ਸੰਗਤਾਂ ਨੂੰ ਪਤਾ ਸੀ। ਇਸ ਤਰ•ਾਂ ਸੀ.ਬੀ.ਆਈ ਨੇ ਮਾਮਲੇ ਨੂੰ ਲਮਕਾ ਦਿੱਤਾ। ਇਸ ਦੌਰਾਨ 2017 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ (ਖਾਸ ਕਰਕੇ ਸਿੱਖਾਂ) ਨਾਲ ਵਾਅਦਾ ਕੀਤਾ ਕਿ ਉਹ ਮੁੱਖ ਮੰਤਰੀ ਬਣਦਿਆਂ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਦੇਣਗੇ। ਕੈਪਟਨ ਨੇ ਸਰਕਾਰ ਬÎਣਨ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਦਿੱਤਾ ਅਤੇ ਇਸ ਕਮਿਸ਼ਨ ਨੇ ਕਾਫੀ ਛਾਣ ਬੀਣ ਕਰਨ ਤੋਂ ਬਾਅਦ ਬਣਾਈ ਰਿਪੋਰਟ ਪੇਸ਼ ਕਰ ਦਿੱਤੀ, ਜਿਸ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਬਹਿਸ ਕੀਤੀ ਗਈ। ਇਸ ਉਪਰੰਤ ਇੱਕ ਸਿੱਟ ਬਣਾ ਕੇ ਇਸ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਸੁਰੂ ਕਰ ਦਿੱਤੀ ਗਈ ਤਾਂ ਜਾਂਚ ਦੀ ਸੂਈ ਸੌਦਾ ਸਾਧ ਤੇ ਸੁਖਬੀਰ ਸਿੰਘ ਬਾਦਲ ਵੱਲ ਤੁਰੀ ਪਈ। ਉਧਰ ਸੌਦਾ ਤੇ ਬਾਦਲਾਂ ਵੱਲ ਜਾਂਦੀ ਜਾਂਚ ਨੂੰ ਦੇਖਦਿਆਂ ਸੀ.ਬੀ.ਆਈ ਨੇ ਆਪਣੀ ਕਲੋਜਰ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਇਸ ਮਸਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ ਕੀਤੀ, ਪਰ ਹੁਣ ਜਦੋਂ ਜਾਂਚ ਦੌਰਾਨ ਸੌਦਾ ਸਾਧ ਨੂੰ ਬੇਦਅਬੀ ਮਾਮਲੇ ਵਿੱਚ ਨਾਮਜਦ ਕਰ ਦਿੱਤਾ ਗਿਆ ਹੈ ਤਾਂ ਸੀ.ਬੀ.ਆਈ ਦੁਬਾਰਾ ਜਾਂਚ ਮੰਗਣ ਲਈ ਅਦਾਲਤ ਪੁਹੰਚ ਗਈ ਹੈ। ਇਸ ਤਰਾਂ ਇਹ ਜਾਂਚ ਦਾ ਮਾਮਲਾ ਲਗਾਤਾਰ ਵਿੰਗ ਵਿਲੇਵੇਂ ਖਾਂਦਾ ਤੁਰਿਆ ਫਿਰਦਾ ਹੈ, ਜੋ ਕਿਸੇ ਤਣ ਪਤਨ ਲੱਗਦਾ ਨਜਰ ਨਹੀਂ ਆ ਰਿਹਾ। ਦਰਅਸਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਕੋਲ ਤਾਂ ਆਟਾ ਦਾਲ ਸਕੀਮ ਅਤੇ ਨੀਲੇ ਕਾਰਡ, ਮੁਫਤ ਬਿਜਲੀ, ਬਣਾਈਆਂ ਸੜਕਾਂ ਤੇ ਪੰਚਾਇਤਾਂ ਨੂੰ ਦਿੱਤੀਆਂ ਕਰੋੜਾਂ ਰੁਪਈਆਂ ਗਰਾਂਟਾਂ ਆਦਿ ਦੇ ਕਈ ਮੁੱਦੇ ਹਨ, ਪਰ ਕਾਂਗਰਸ ਕੋਲ ਇਸ ਸਮੇਂ ਲੋਕਾਂ ਵਿੱਚ ਜਾਣ ਲਈ ਕੋਈ ਮੁੱਦਾ ਨਹੀਂ ਹੈ। ਇਸੇ ਕਾਰਨ ਕੈਪਟਨ ਸਰਕਾਰ ਬੇਅਦਬੀ ਦੇ ਮੁੱਦੇ ‘ਤੇ ਹੀ ਅਗਲੀ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੀ ਹੈ ਅਤੇ 2022 ਤੱਕ ਬੇਅਦਬੀ ਦੇ ਮੁੱਦੇ ਪੂਰੀ ਤਰਾਂ ਭਖਾ ਕੇ ਅਕਾਲੀ ਦਲ ਨੂੰ ਘੇਰਨਾ ਚਾਹੁੰਦੀ ਹੈ।

Real Estate