ਕਾਸ਼ ! ਕਿਤੇ ਛੇਤੀ ਛੇਤੀ ਵੱਡਾ ਹੋਜੇ ਬਰਨਾਲੇ ਦਾ ਲਾਡਲਾ ਪੁੱਤ ਵਿਕਾਸ

351

ਬਿਨਾਂ ਲਾੜੇ ਤੋਂ ਬਰਾਤ ਵਾਲੀ ਬਣੀ ਬਰਨਾਲਾ ਦੇ ਕਾਂਗਰਸੀਆਂ ਦੀ ਹਾਲਤ 
ਬਰਨਾਲਾ, 15 ਜੁਲਾਈ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੀ ਰਾਜਨੀਤੀ ‘ਚ ਖੂਬ ਚਰਚਾ ਦਾ ਵਿਸ਼ਾ ਬਣਿਆ ਬਚਪਨ ਚੋਂ ਲੰਘ ਰਿਹਾ ਵਿਕਾਸ ਪੁਰਸ਼ ਦਾ ਲਾਡਲਾ ਪੁੱਤ ਵਿਕਾਸ ਜੇਕਰ ਛੇਤੀ ਛੇਤੀ ਨਾ ਵਧਿਆ ਫੁੱਲਿਆ ਤਾਂ ਇਸ ਲਾਡਲੇ ਵਿਕਾਸ ਦੇ ਵੱਡਿਆਂ ਦੀ ਭੀੜ ਹੇਠਾਂ ਆ ਕੇ ਲਤਾੜੇ ਜਾਣ ਦੇ ਖਦਸ਼ੇ ਪ੍ਰਗਟ ਹੋਣ ਲੱਗੇ ਹਨ। ਇਹ ਉਹ ਵਿਕਾਸ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਬਰਨਾਲਾ ਦੇ ਸੀਵਰੇਜ ਵਿਚ ਹੀ ਫਸਿਆ ਹੋਇਆ ਹੈ। ਤਰਕਸ਼ੀਲ ਚੌਕ ਤੋਂ ਬਾਈਪਾਸ ਸੰਘੇੜਾ ਅਤੇ ਅੱਗੇ ਬਰਨਾਲਾ ਮੁੱਲਾਂਪੁਰ ਮੁੱਖ ਸੜਕ ਤੱਕ, ਭਗਤ ਰਵਿਦਾਸ ਚੌਕ (ਆਈਟੀਆਈ ਚੌਕ) ਤੋਂ ਕਚਹਿਰੀ ਚੌਕ ਤੱਕ ਬਚਪਨ ਵਿੱਚ ਖੇਡ ਰਿਹਾ ਵਿਕਾਸ ਆਉਂਦੇ ਜਾਂਦੇ ਰਾਹਗੀਰਾਂ ਨੂੰ ਅਠਖੇਲੀਆਂ ਕਰ ਰਿਹਾ ਹੈ। ਸੇਖਾ ਚੌਕ ਤੋਂ ਅੱਗੇ ਫਾਟਕਾਂ ਤੱਕ ਸੜਕ ਦੇ ਖੱਡਿਆਂ ਵਿੱਚ ਵੀ ਵਿਕਾਸ ਡਿੱਗਿਆ ਹੋਇਆ ਦਿੱਸ ਜਾਂਦਾ ਹੈ। ਬੱਸ ਸਟੈਂਡ ਤੋਂ ਅਨਾਜ ਮੰਡੀ ਵਾਲੀ ਸੜਕ ਉੱਪਰ ਤਾਂ ਵਿਕਾਸ ਨੇ ਮੱਛੀ ਫਾਰਮ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਲੱਗਦੀ ਹੈ । ਹੋਰ ਤਾਂ ਹੋਰ ਸ਼ਹਿਰ ਦੀਆਂ ਅੰਦਰੂਨੀ ਸੜਕਾਂ/ਗਲੀਆਂ ਵਿੱਚ, ਇੱਥੋਂ ਤੱਕ ਕਿ ਪਾਸ਼ ਕਾਲੋਨੀਆਂ ਵਿੱਚ ਵੀ ਵਿਕਾਸ ਬਚਪਨ ਵਿੱਚ ਹੀ ਖੇਡ ਰਿਹਾ ਹੈ ਅਤੇ ਇਹ ਪਿਛਲੇ ਲੰਮੇ ਸਮੇਂ ਤੋਂ ਫੁੱਲ ਨਹੀਂ ਰਿਹਾ। ਗੱਲ ਸਿਰਫ਼ ਸ਼ਹਿਰ ਤੱਕ ਹੀ ਸੀਮਤ ਨਹੀਂ ਬਲਕਿ ਬਰਨਾਲਾ ਜ਼ਿਲ੍ਹੇ ਦੇ ਬਹੁਤੇ ਪਿੰਡ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਜਿੱਥੇ ਵਿਕਾਸ ਪੁਰਸ਼ ਦੇ ਦਾਅਵਿਆਂ ਵਾਲਾ ਵਿਕਾਸ ਲੋਕਾਂ ਦਾ ਮੂੰਹ ਚਿੜਾ ਰਿਹਾ ਹੈ। ਸਕੂਲਾਂ ਦੀ ਅੱਪਗ੍ਰੇਡੇਸ਼ਨ ਅਤੇ ਅਧਿਆਪਕਾਂ ਦੀ ਘਾਟ , ਪੁਰਾਣੇ ਵਾਟਰ ਵਰਕਸਾਂ ਦੀ ਅੱਪਗ੍ਰੇਡੇਸ਼ਨ, ਸਿਹਤ ਸਬ ਸੈਂਟਰਾਂ ਵਿੱਚ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਸਮੇਤ ਦਵਾਈਆਂ ਦੀ ਘਾਟ, ਪਿੰਡਾਂ ਦੀਆਂ ਗਲੀਆਂ ‘ਚ ਫਿਰਦੇ ਗੰਦੇ ਪਾਣੀ ਵਿੱਚੋਂ ਲੋਕ ਲਾਡਲੇ ਵਿਕਾਸ ਨੂੰ ਲੱਭ ਰਹੇ ਹਨ। ਵਿਧਾਨ ਸਭਾ ਹਲਕਾ ਬਰਨਾਲਾ ਦੇ ਲੋਕਾਂ ਦਾ ਤਾਂ ਪੂਰਾ ਹੱਕ ਬਣਦਾ ਹੈ ਕਿ ਉਹ ਵਿਕਾਸ ਦੇ ਦਰਸ਼ਨ ਕਰਨ ਲਈ ਤਰਸ਼ਣ ਪ੍ਰੰਤੂ ਵਿਧਾਨ ਸਭਾ ਹਲਕਾ ਭਦੌੜ ਅਤੇ ਮਹਿਲ ਕਲਾਂ ਵੀ ਸਿਆਸੀ ਪੱਖੋਂ ਲਾਵਾਰਸ ਹੋਣ ਕਾਰਨ ਇੱਥੋਂ ਦੇ ਲੋਕਾਂ ਦੀ ਆਸ ਵੀ ਵਿਕਾਸ ਪੁਰਸ਼ ਉੱਪਰ ਹੀ ਲੱਗੀ ਹੋਈ ਹੈ, ਜਿਸ ਨੂੰ ਸਾਢੇ ਤਿੰਨ ਸਾਲ ਤੋਂ ਉਪਰ ਦਾ ਸਮਾਂ ਬੀਤਣ ‘ਤੇ ਵੀ ਬੂਰ ਨਹੀਂ ਪਿਆ। ਜ਼ਿਲ੍ਹੇ ਦੀਆਂ ਸਿਆਸੀ ਉਲਝਣ ਤਾਣੀਆਂ ਵਿੱਚ ਉਲਝੇ ਵਿਕਾਸ ਦੀ ਦਰਦਨਾਕ ਕਹਾਣੀ ਦਾ ਪੱਖ ਇਹ ਵੀ ਹੈ ਕਿ “ਆਪਣੇ” ਹੀ ਵਿਕਾਸ ਦੀਆਂ ਲੱਤਾਂ ਖਿੱਚ ਰਹੇ ਹਨ ਜਿਸ ਕਾਰਨ ਵਿਕਾਸ ਅਜੇ ਬਚਪਨ ਵਿੱਚ ਹੀ ਖੇਡ ਰਿਹਾ ਹੈ ਅਤੇ ਇਸ ਨੂੰ ਵੱਡਾ ਹੋਣ ਵਿੱਚ ਸਮੱਸਿਆ ਪੇਸ਼ ਆ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਤੇਜ਼ਤਰਾਰ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤੇਜਿੰਦਰ ਸਿੰਘ ਸੋਨੀ ਜਾਗਲ, ਸੋਨੀ ਸੰਘੇੜਾ ਨੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਵਿਕਾਸ ਨੂੰ ਜਲਦੀ ਜਲਦੀ ਵੱਡੇ ਹੋਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਹੋਰ ਜ਼ਿਆਦਾ ਸਮਾਂ ਵਿਕਾਸ ਸਬੰਧੀ ਚੁਟਕਲੇ ਨਹੀਂ ਸੁਣੇ ਜਾਣਗੇ ਸਗੋਂ ਰੋਸ ਪ੍ਰਦਰਸ਼ਨ ਕਰਕੇ ਵਿਕਾਸ ਦੀ ਰੁਕੀ ਕਹਾਣੀ ਨੂੰ ਅੱਗੇ ਵਧਾਇਆ ਜਾਵੇਗਾ । ਬਿਨਾਂ ਲਾੜੇ ਤੋਂ ਬਰਾਤ ਵਾਲੀ ਬਣੀ ਬਰਨਾਲਾ ਦੇ ਕਾਂਗਰਸੀਆਂ ਦੀ ਹਾਲਤ ।

Real Estate