ਸ੍ਰੀ ਗੁਰੂ ਹਰਿਕ੍ਰਿਸ਼ਨ ਬਾਰੇ ਗਲਤ ਲੇਖ ਲਿਖਣ ‘ਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੋਟਿਸ ਜਾਰੀ

312

ਚੰਡੀਗੜ, 15 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਨੋਟਿਸ ਭੇਜ ਕੇ ਪੁਛਿਆ ਹੈ ਕਿ ਇੱਕ ਹਿੰਦੀ ਅਖਬਾਰ (ਭਾਰਤ ਦੇਸ਼ ਹਮਾਰਾ) ਵਿੱਚ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਛਪੇ ਲੇਖ ਵਿਚ ਤੱਥਹੀਣ ਹਵਾਲਿਆਂ ਬਾਰੇ ਸਪੱਸਟ ਕੀਤਾ ਜਾਵੇ ਕਿ ਉਹਨਾਂ ਦੇ ਕੀ ਸਰੋਤ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਸਿਰਸਾ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੜਨ ਅਤੇ ਸਮਝਣ ਦੀ ਤਾਕੀਦ ਵੀ ਕੀਤੀ ਹੈ। ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹਿੰਦੀ ਅਖਬਾਰ “ਭਾਰਤ ਦੇਸ ਹਮਾਰਾ” ਵਿੱਚ ਛਪੇ ਲੇਖ ‘ਚ ਲਿਖਿਆ ਹੈ ਕਿ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਸੰਗਤ ਨੂੰ ਕਿਹਾ ਸੀ ਕਿ “ਜਦੋਂ ਸਰੀਰ ਕਰ ਕੇ ਮੈਂ ਤੁਹਾਡੇ ਵਿੱਚ ਨਹੀਂ ਰਹਾਂਗਾ, ਤਾਂ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ ਜਾ ਸਕਣਗੇ”। ਇਸ ਲਿਖਤ ਸਬੰਧੀ ਇਤਰਾਜ ਉਠਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਕਾਇਤ ਕੀਤੀ ਸੀ। ਜਿਸ ਵਿੱਚ ਜੀ.ਕੇ ਇਤਰਾਜ ਕੀਤਾ ਸੀ ਕਿ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਲੇਖ ਵਿੱਚ ਜੋ ਲਿਖਿਆ ਹੈ, ਉਸ ਦਾ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਅਗਲਾ ਗੁਰੂ ਦੱਸ ਦਿੱਤਾ ਸੀ, ਜਦੋਂ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਗਲੇ ਗੁਰੂ ਦੇ ਬਾਬਾ ਬਕਾਲਾ ਸਾਹਿਬ ਹੋਣ ਦਾ ਇਸ਼ਾਰਾ ਦਿੱਤਾ ਸੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਤਦ ਬਾਬਾ ਬਕਾਲਾ ਸਾਹਿਬ ਵਿਖੇ ਸਨ। ਇਸ ਲਈ ਸਿਰਸਾ ਦੇ ਇਸ ਦਾਅਵੇ ਦੀ ਵਜਾ ਨਾਲ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕ੍ਰਮਵਾਰ ਨੌਵੇਂ ਅਤੇ ਦਸਵੇਂ ਗੁਰੂ ਵੀ ਨਹੀਂ ਕਹੇ ਜਾ ਸਕਦੇ। ਜੀਕੇ ਨੇ ਦੱਸਿਆ ਕਿ ਸਿਰਸਾ ਇੱਥੇ ਹੀ ਨਹੀਂ ਰੁਕੇ ਸਗੋਂ ਇਹ ਵੀ ਦਾਅਵਾ ਕਰਦੇ ਹਨ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਦੇ ਤੋਹਫ਼ੇ ਕਬੂਲ ਕੀਤੇ ਸਨ, ਜਦੋਂ ਕਿ ਅਜਿਹਾ ਸੰਭਵ ਨਹੀਂ ਲੱਗਦਾ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਨੇ ਬਾਬਾ ਰਾਮ ਰਾਏ ਤੋਂ ਕਿਨਾਰਾ ਕਰਨ ਦੇ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਔਰੰਗਜ਼ੇਬ ਦੇ ਬਾਰੇ ਵਿੱਚ ਸਪਸ਼ਟ ਨਿਰਦੇਸ਼ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਤੇ ਸਨ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਗ਼ਲਤੀ ਵੀ ਨਹੀਂ ਕਰ ਸਕਦੇ। ਕਿਉਂਕਿ ਔਰੰਗਜ਼ੇਬ ਦੀ ਖ਼ੁਸ਼ਾਮਦੀ ਦੀ ਭਾਰੀ ਕੀਮਤ ਬਾਬਾ ਰਾਮ ਰਾਏ ਨੂੰ ਗੁਰੂ ਗੱਦੀ ਗੁਆ ਕੇ ਪਹਿਲਾਂ ਹੀ ਚੁੱਕਾਣੀ ਪਈ ਸੀ। ‘ਜਾਗੋ’ ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸ ਅਪੀਲ ਕੀਤੀ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੰਥਕ ਸਟੇਜਾਂ ਤੋਂ ਬੋਲਣ ਅਤੇ ਸਿੱਖ ਇਤਿਹਾਸ ਉੱਤੇ ਲਿਖਣ ਤੋਂ ਰੋਕਿਆ ਜਾਵੇ। ਇਸ ਸਿਕਾਇਤ ‘ਤੇ ਐਕਸ਼ਨ ਲੈਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਆਦੇਸ ਜਾਰੀ ਕੀਤਾ ਗਿਆ ਹੈ।

Real Estate