ਆਮ ਆਦਮੀ ਪਾਰਟੀ ਨੇ ਮਾਨਸਾ ਜਿਮਨੀ ਚੋਣ ਲਈ ਅਨਮੋਲ ਗਗਨ ਮਾਨ ਨੂੰ ਤਿਆਰ ਕੀਤਾ

283

ਬਰਨਾਲਾ, 14 ਜੁਲਾਈ (ਜਗਸੀਰ ਸਿੰਘ ਸੰਧੂ)  : ਕੀ ਆਮ ਆਦਮੀ ਪਾਰਟੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਮਾਨਸਾ ਤੋਂ ਚੋਣ ਲੜਾਉਣ ਜਾ ਰਹੀ ਹੈ? ਸਿਆਸੀ ਹਲਕਿਆਂ ਵਿੱਚ ਅਜਿਹੀ ਚਰਚਾ ਚੱਲਣੀ ਸ਼ੁਰੂ ਹੋ ਗਈ ਹੈ। ਦਰਅਸਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਚਲੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਮਾਨਸਾ ਵਿੱਚ ਕੋਈ ਧੜੱਲੇ ਆਗੂ ਨਹੀਂ ਰਿਹਾ ਸੀ, ਜੋ ਜਿਮਨੀ ਚੋਣ ਵਿੱਚ ਉਤਾਰਿਆ ਜਾ ਸਕਦਾ ਹੋਵੇ। ਸੰਭਾਵਨਾ ਹੈ ਕਿ ਨੇੜੇ ਭਵਿੱਖ ਵਿੱਚ ਮਾਨਸਾ ‘ਚ ਜਿਮਨੀ ਚੋਣ ਹੋ ਸਕਦੀ ਹੈ ਅਤੇ ਇਹ ਜਿਮਨੀ ਚੋਣਾਂ 2022 ਦੀ ਵਿਧਾਨ ਸਭਾ ਚੋਣ ਲਈ ਸੈਮੀ ਫਾਇਨਲ ਸਾਬਤ ਹੋ ਸਕਦੀਆਂ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਚੁਣਿਆ ਹੈ। ਅਨਮੋਲ ਗਗਨ ਮਾਨ ਮਾਨਸਾ ਕੈਂਚੀਆਂ ‘ਤੇ ਰਹਿੰਦੀ ਰਹੀ ਹੈ ਅਤੇ ਇਸ ਨੇ ਪੜਾਈ ਵੀ ਮਾਨਸਾ ਤੋਂ ਹੀ ਕੀਤੀ ਹੈ। ਅਨਮੋਲ ਗਗਨ ਮਾਨ ਦਾ ਪਿਤਾ ਜੋਧਾ ਸਿੰਘ ਮਾਨ ਵੀ ਬਲਵੰਤ ਸਿੰਘ ਰਾਮੂਵਾਲੀਆਂ ਦੀ ‘ਲੋਕ ਭਲਾਈ ਪਾਰਟੀ’ ਦੀ ਟਿਕਟ ‘ਤੇ ਮਾਨਸਾ ਤੋਂ ਚੋਣ ਲੜ ਚੁੱਕਿਆ ਹੈ। ਇਸ ਲਈ ਜਿਥੇ ਅਨਮੋਲ ਗਗਨ ਮਾਨ ਦੀ ਪ੍ਰਸਿੱਧ ਪੰਜਾਬੀ ਗਾਇਕਾ ਵੱਜੋਂ ਆਪਣੀ ਵੱਖਰੀ ਪਹਿਚਾਣ ਹੈ, ਉਥੇ ਜੋਧਾ ਸਿੰਘ ਮਾਨ ਦੀ ਵੀ ਮਾਨਸਾ ਵਿੱਚ ਚੰਗੀ ਪਕੜ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਜਿਮਨੀ ਚੋਣਾਂ ਦੇ ਮੱਦੇਨਜਰ ਪੂਰਾ ਹੋਮ ਵਰਕ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੇ ਮੱਦੇਨਜਰ ਹੀ ਮਾਨਸਾ ਦੀ ਜਿਮਨੀ ਚੋਣ ਨੂੰ ਦੇਖਦਿਆਂ ਅਨਮੋਲ ਗਰਗ ਮਾਨ ਨੂੰ ਪਾਰਟੀ ‘ਚ ਸਾਮਲ ਕਰਕੇ ਇੱਕ ਤਕੜਾ ਉਮੀਦਵਾਰ ਲੱਭ ਲਿਆ ਹੈ।

Real Estate