ਪਾਰਟੀਆਂ ਜਿੰਨੀਆਂ ਮਰਜੀ ਬਣਨ, ਪਰ ਸੂਬੇ ’ਚ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਕੈਪਟਨ ਅਮਰਿੰਦਰ ਸਿੰਘ

163

ਬਰਨਾਲਾ, 12 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਲਾਈਵ ਸੈਸ਼ਨ ‘‘ਕੈਪਟਨ ਨੂੰ ਸਵਾਲ’’ ਦੌਰਾਨ ਪ੍ਰਭਜੋਤ ਸਿੰਘ ਬਰਨਾਲਾ ਦੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਵਿਚ ਜੋ ਹੋ ਰਿਹਾ ਹੈ, ਇਸ ਗੱਲ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ, ਅਜਿਹਾ ਅਕਾਲੀ ਦਲ ਦੇ ਇਤਿਹਾਸ ਵਿਚ ਹੁੰਦਾ ਆਇਆ ਹੈ। ਲੋਕਤੰਤਰ ਵਿਚ ਆਪਣੀ ਸੋਚ ਅਨੁਸਾਰ ਕਿਸੇ ਵੀ ਪਾਰਟੀ ਨਾਲ ਜੁੜਨ ਦੀ ਆਜ਼ਾਦੀ ਹੈ, ਪਰ ਇਸ ਦੌਰਾਨ ਸੂਬੇ ਦੀ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ। ਉਨ੍ਹ੍ਹਾਂ ਕਿਹਾ ਕਿ ਸੂਬੇ ਵਿਚ ਕੋਈ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਕਾਸ ਦੂਬੇ ਦੇ ਐਨਕਾਊਂਟਰ ਬਾਰੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਨੇ ਇਸ ਮੁਕਾਬਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁਕਾਬਲੇ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਇਸ ਦੀ ਜਾਂਚ ਨਾਲ ਹੀ ਸਹੀ ਸਥਿਤੀ ਸਾਹਮਣੇ ਆਵੇਗੀ।
ਮੁੱਖ ਮੰਤਰੀ ਨੇ ਸੂਬੇ ਦੇ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਰੋਨਾ ਦੀ ਕੋਈ ਵੈਕਸੀਨ ਜਾਂ ਇਲਾਜ ਨਹੀਂ ਆਉਂਦਾ, ਉਦੋਂ ਤੱਕ ਪੰਜਾਬ ਸਰਕਾਰ ਕਰੋਨਾ ਤੋਂ ਸੂਬਾ ਵਾਸੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਯੂਜੀਸੀ ਇਮਤਿਹਾਨਾਂ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ, ਉਥੇ ਸਕੂਲ ਫੀਸਾਂ ਦੇ ਮਾਮਲੇ ’ਤੇ ਵੀ ਪੰਜਾਬ ਸਰਕਾਰ ਮਾਪਿਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿਸਾਨ ਯੂਨੀਅਨਾਂ ਦੀ ਮੰਗ ’ਤੇ ਇੰਤਕਾਲਾਂ ਦੇ ਮਾਮਲੇ ’ਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ, ਸਮੇਂ ਸਮੇਂ ’ਤੇ ਹੱਥ ਧੋਣ ਅਤੇ ਸਮਾਜਿਕ ਦੂਰੀ ਜਿਹੇ ਇਹਤਿਆਤਾਂ ਦਾ ਖਾਸ ਖਿਆਲ ਰੱਖਿਆ ਜਾਵੇ। ਜਿਹੜੇ ਗਰੀਬ ਲੋਕ ਮਾਸਕ ਨਹੀਂ ਖਰੀਦ ਸਕਦੇ, ਉਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ’ਤੇ ਕਾਬੂ ਪਾਇਆ ਜਾ ਸਕੇ।

Real Estate