ਸੋਸ਼ਲ ਮੀਡੀਆ ‘ਤੇ ਰਿਫਰੈਂਡਮ ਸਬੰਧੀ ਘੁੰਮ ਰਹੀਆਂ ਪੋਸਟਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਕਸੂਤੀ ਸਥਿਤੀ ਪੈਦਾ ਕੀਤੀ

225

ਚੰਡੀਗੜ, 10 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਿਸਤਾਨ ਬਾਰੇ ਦਿੱਤੇ ਬਿਆਨ ”ਜੇ ਸਰਕਾਰ ਭਾਰਤ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ”ਅੰਨਾ ਕੀ ਭਾਲੇ ਚਾਰ ਅੱਖਾਂ” ਭਾਵ ਸਾਨੂੰ ਹੋਰ ਕੀ ਚਾਹੀਦਾ ਹੈ, ਕਿਉਂਕਿ ਹਰ ਸਿੱਖ ਹੀ ਖਾਲਿਸਤਾਨ ਚਾਹੁੰਦਾ ਹੈ, ਸ਼ਹੀਦੀ ਸਮਾਗਮ ਦੀ ਸਮਾਪਤੀ ‘ਤੇ ਨੌਜਵਾਨਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਜਾਇਜ਼ ਹਨ” ਨੂੰ ਲੈ ਕੇ ਜਿਥੇ ਖਾਲਿਸਤਾਨ ਦੇ ਵਿਰੋਧੀਆਂ ਵੱਲੋਂ ਮੁੱਦਾ ਬਣਾ ਕੇ ਅਲੋਚਨਾ ਕੀਤੀ ਅਤੇ ਭਾਰਤੀ ਮੀਡੀਆ ਵੱਲੋਂ ਵੀ ਰੱਜ ਕੇ ਜਥੇਦਾਰ ਦੇ ਇਸ ਬਿਆਨ ‘ਤੇ ਭੜਾਸ ਕੱਢੀ ਗਈ, ਪਰ ਹੁਣ ਦੂਸਰੇ ਪਾਸੇ ਖਾਲਿਸਤਾਨੀ ਧਿਰਾਂ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਆਪਣੇ ਢੰਗ ਨਾਲ ਪ੍ਰਚਾਰ ਕਰਨ ਲੱਗੀਆਂ ਹਨ। ਇਸ ਸਮੇਂ ਰਿਫਰੈਂਡਮ 2020 ਨੂੰ ਲੈ ਕੇ ਭਾਰਤ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਾਫੀ ਸਖਤ ਰੁੱਖ ਅਪਣਾਇਆ ਹੋਇਆ ਹੈ ਅਤੇ ਦੋਵਾਂ ਸਰਕਾਰ ਦੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸੇ ਵੀ ਤਰਾਂ ਰਿਫਰੈਂਡਮ 2020 ਲਈ ਪੰਜਾਬ ਵਿਚੋਂ ਵੋਟਿੰਗ ਨਾਲ ਹੋਵੇ। ਰਿਫਰੈਂਡਮ ਲਈ ਲਾਂਚ ਕੀਤੀਆਂ ਸਾਰੀਆਂ ਸਾਇਟਾਂ ਸਰਕਾਰ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਰਿਫਰੈਂਡਮ 2020 ਦਾ ਪ੍ਰਚਾਰ ਕਰਨ ਵਾਲੇ ਜਾਂ ਇਸ ਮੁਹਿੰਮ ਨਾਲ ਹਮਦਰਦੀ ਰੱਖਣ ਵਾਲੇ ਸਿੱਖ ਨੌਜਵਾਨਾਂ ਦੀਆਂ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਹਨ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਦੇ ਅਧਾਰ ‘ਤੇ ਹੀ ਸ਼ੋਸ਼ਲ ਮੀਡੀਆ ‘ਤੇ ਕਈ ਅਜਿਹੀਆਂ ਪੋਸਟਾਂ ਘੁੰਮ ਰਹੀਆਂ ਹਨ, ਜੋ ਜਥੇਦਾਰ ਸਾਹਿਬ ਲਈ ”ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ” ਵਾਲੀ ਹਾਲਤ ਪੈਦਾ ਕਰ ਰਹੀਆਂ ਹਨ। ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀ ਤਸਵੀਰ ਲਗਾ ਕੇ ”ਪੰਜਾਬ ਦੇ ਨਾਮ ਸੁਨੇਹਾ” ਲਿਖ ਕੇ ਬਕਾਇਦਾ ਪੋਸਟਰ ਬਣਾ ਕੇ ਪਾਇਆ ਹੋਇਆ ਹੈ, ਜਿਸ ਲਿਖਿਆ ਗਿਆ ਹੈ ਕਿ ”ਜੇ ਪੰਜਾਬ ਪੁਲਿਸ ਨੇ ਰਿਫਰੈਂਡਮ 2020 ਦੀ ਮੁਹਿੰਮ ਕਾਰਨ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਹਿਰਾਸਤ ਵਿੱਚ ਲਿਆ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੁਹੰਚੋ ਜੀ।” ਇਸ ਪੋਸਟ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਫਤਰ ਦਾ ਟੈਲੀਫੂਨ ਨੰਬਰ ਵੀ ਦਿੱਤਾ ਗਿਆ ਹੈ। ਹੁਣ ਸੋਸ਼ਲ ਮੀਡੀਆ ‘ਤੇ ਇਹੋ ਜਿਹੀਆਂ ਪੋਸਟਾਂ ਕੌਣ ਪਾ ਰਿਹਾ ਹੈ? ਫਿਲਹਾਲ ਇਸ ਸਬੰਧੀ ਤਾਂ ਕੁਝ ਪਤਾ ਨਹੀਂ ਲੱਗਿਆ, ਪਰ ਇਹੋ ਜਿਹੀਆਂ ਪੋਸਟਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਰਦਰਦੀ ਜਰੂਰ ਵਧਾ ਸਕਦੀਆਂ ਹਨ।

Real Estate