ਮਨਜਿੰਦਰ ਸਿੰਘ ਸਿਰਸਾ ਵੱਲੋਂ ਜੰਮੂ ਕਸ਼ਮੀਰ ‘ਚ ਗੁਰਦੁਆਰਾ ਕਮੇਟੀ ਤੋੜਨ ਦਾ ਜ਼ੋਰਦਾਰ ਵਿਰੋਧ

252

ਸਿਰਸਾ ਨੇ ਮਾਮਲੇ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖਲ ਮੰਗਿਆ
ਨਵੀਂ ਦਿੱਲੀ, 8 ਜੁਲਾਈ (ਪੰੰਜਾਬੀ ਨਿਊਜ ਆਨਲਾਇਨ) :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ-ਕਸ਼ਮੀਰ ਵਿਚ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਨਵੀਂਆਂ ਚੋਣਾਂ ਹੋਣ ਤੱਕ ਮੌਜੂਦਾ ਕਮੇਟੀ ਨੂੰ ਹੀ ਕੰਮ ਕਰਨ ਦਿੱਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਕੋਲ ਜੰਮੂ ਅਤੇ ਕਸ਼ਮੀਰ ਤੋਂ ਸਿੱਖ ਨੁਮਾਇੰਦਿਆਂ ਨੇ ਪਹੁੰਚ ਕੀਤੀ ਹੈ ਜਿਹਨਾਂ ਨੇ ਦੱਸਿਆ ਕਿ ਕੁਝ ਪੰਥ ਵਿਰੋਧੀ ਤਾਕਤਾਂ ਮਿਆਦ ਪੂਰੀ ਹੋਣ ਦੀ ਆੜ ਵਿਚ ਮੌਜੂਦਾ ਗੁਰਦੁਆਰਾ ਕਮੇਟੀ ਨੂੰ ਤੋੜਨਾ ਚਾਹੁੰਦੇ ਹਨ ਜੋ ਕਿ ਸਰਾਸਰ ਗਲਤ ਹੈ। ਉਹਨਾਂ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਜ਼ਿਲ•ਾ ਪੱਧਰ ‘ਤੇ ਹਰ  ਪੰਜ ਸਾਲ ਬਾਅਦ 11 ਮੈਂਬਰੀ ਗੁਰਦੁਆਰਾ ਕਮੇਟੀ ਚੁਣੀ ਜਾਂਦੀ ਹੈ, ਫਿਰ ਜ਼ਿਲਿਆਂ ਦੇ 220 ਮੈਂਬਰ ਵੋਟਾਂ ਰਾਹੀਂ ਸੂਬਾ ਪੱਧਰ ‘ਤੇ ਚੇਅਰਮੈਨ ਅਤੇ ਸਕੱਤਰ ਦੀ ਚੋਣ ਕਰਦੇ ਹਨ ਜਿਸ ਵਿਚ ਚੇਅਰਮੈਨ ਜੰਮੂ ਖੇਤਰ ਅਤੇ ਸਕੱਤਰ ਕਸ਼ਮੀਰ ਤੋਂ ਚੁਣਿਆ ਜਾਂਦਾ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਮੌਜੂਦਾ ਕਮੇਟੀ ਦੀ ਚੋਣ ਜੂਨ 2015 ਵਿਚ ਹੋਈ ਸੀ ਤੇ ਇਸਦੀ ਮਿਆਦ ਜੁਲਾਈ 2020 ਵਿਚ ਖਤਮ ਹੋ ਰਹੀ ਹੈ। ਉਹਨਾਂ ਦੱਸਿਆ ਕਿ ਜੰਮੂ ਤੇ ਕਸ਼ਮੀਰ ਤੋਂ ਸਿੱਖ ਨੁਮਾਇੰਦਿਆਂ ਨੇ ਉਹਨਾਂ ਨੂੰ ਦੱਸਿਆ ਕਿ ਪੰਥ ਵਿਰੋਧੀ ਤਾਕਤਾਂ ਕਮੇਟੀਆਂ ਭੰਗ ਕਰਵਾ ਕੇ ਗੁਰਧਾਮਾਂ ‘ਤੇ ਆਪ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੰਮੂ ਖੇਤਰ ਵਿਚ ਇਸ ਵੇਲੇ ਸ੍ਰੀ ਤਰਲੋਚਨ ਸਿੰਘ ਵਜ਼ੀਰ ਚੇਅਰਮੈਨ ਹਨ ਜਦਕਿ ਉਹਨਾਂ ਨਾਲ ਮਹੰਤ ਮਨਜੀਤ ਸਿੰਘ ਤੇ ਸੰਤ ਤੇਜਵੰਤ ਸਿੰਘ ਸਿੱਖ ਕੌਮ ਦੀ ਬੇਹਤਰੀ ਵਾਸਤੇ ਦਿਨ ਰਾਤ ਜੁਟੇ ਹੋਏ ਹਨ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਜਦੋਂ ਤੱਕ ਨਵੀਂ ਕਮੇਟੀ ਦੀ ਚੋਣ ਨਹੀਂ ਹੋ ਜਾਂਦੀ, ਪੁਰਾਣੀ ਕਮੇਟੀ ਨੂੰ ਹੀ ਕੰਮ ਕਰਨ ਦੀ ਆਗਿਆ ਹੁੰਦੀ ਹੈ ਪਰ ਕੁਝ ਪੰਥ ਵਿਰੋਧੀਆਂ ਵੱਲੋਂ ਇਹ ਵਿਵਸਥਾ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਮਾਮਲੇ ਵਿਚ ਦਖਲ ਦੇਣ ਅਤੇ ਕਿਸੇ ਵੀ ਕਿਸਮ ਦੀ ਬੇਇਨਸਾਫੀ ਹੋਣ ਤੋਂ ਰੋਕਣ ਅਤੇ ਜਦੋਂ ਤੱਕ ਨਵੀਂਆਂ ਚੋਣਾਂ ਨਹੀਂ ਹੁੰਦੀਆਂ, ਮੌਜੂਦਾ ਕਮੇਟੀ ਨੂੰ ਕੰਮ ਕਰਨ ਦਿੱਤਾ ਜਾਵੇ ਤੇ ਜਦੋਂ ਸੰਭਵ ਹੋ ਸਕੇ ਨਵੀਂਆਂ ਚੋਣਾਂ ਕਰਵਾਈਆਂ ਜਾਣ।

Real Estate