ਨਵੇਂ ਸ੍ਰੋਮਣੀ ਅਕਾਲੀ ਦਲ ਦਾ ਗਠਨ, ਸੁਖਦੇਵ ਸਿੰਘ ਢੀਂਡਸਾ ਬਣੇ ਪ੍ਰਧਾਨ

180

ਚੰਡੀਗੜ, 7 ਜੁਲਾਈ (ਜਗਸੀਰ ਸਿੰਘ ਸੰਧੂ) : ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਸਿਆਸੀ ਪਾਰਟੀ ਦਾ ਆਗਮਨ ਹੋ ਗਿਆ ਹੈ। ਅੱਜ ਲੁਧਿਆਣਾ ਵਿਖੇ ਸ੍ਰ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪਤਾ ਲੱਗਿਆ ਹੈ ਕਿ ਫਿਲਹਾਲ ਇਸ ਨਵੀਂ ਪਾਰਟੀ ਦਾ ਨਾਮ ਸ੍ਰੋਮਣੀ ਅਕਾਲੀ ਦਲ ਰੱਖਿਆ ਗਿਆ ਹੈ ਅਤੇ ਇਸੇ ਨਾਮ ਹੀ ਇਸ ਪਾਰਟੀ ਨੂੰ ਰਜਿਸਟਿਡ ਕਰਵਾਉਣ ਦੀ ਪ੍ਰਕਿਰਿਆ ਸੁਰੂ ਕੀਤੀ ਜਾਵੇਗੀ। ਅਗਰ ਚੋਣ ਕਮਿਸਨ ਨੇ ਪਾਰਟੀ ਨੂੰ ਇਸ ਨਾਮ ‘ਤੇ ਰਜਿਸਟਿਡ ਨਾ ਕੀਤਾ ਤਾਂ ਫਿਰ ਇਸ ਨਵੀਂ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਨਾਮ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਜੇਕਰ ਚੋਣ ਕਮਿਸ਼ਨ ਕੋਲ ਪਹਿਲਾਂ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਮ ਹੇਠ ਦਰਜ ਹੋਇਆ ਤਾਂ ਇਸ ਨਵੀਂ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ‘ਤੇ ਰਜਿਸਟਿਡ ਕਰ ਲਿਆ ਜਾਵੇਗਾ ਅਤੇ ਇਸ ਉਪਰੰਤ ਚੋਣ ਨਿਸਾ਼ਨ ਤੱਕੜੀ ‘ਤੇ ਵੀ ਇਹ ਨਵੀਂ ਪਾਰਟੀ ਆਪਣਾ ਦਾਅਵਾ ਕਰ ਸਕੇਗੀ।ਲੁਧਿਆਣਾ ਵਿਖੇ ਹੋਏ ਟਕਸਾਲੀ ਅਕਾਲੀ ਆਗੂਆਂ ਦੇ ਇੱਕਠ ਜੈਕਾਰਿਆਂ ਦਾ ਗੂੰਜ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਐਲਾਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਕੇ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰਦਵਿੰਦਰ ਸਿੰਘ, ਮਨਜੀਤ ਸਿੰਘ ਜੀ.ਕੇ, ਸੇਵਾ ਸਿੰਘ ਸੇਖਵਾਂ, ਪਰਮਜੀਤ ਕੌਰ ਗੁਲਸ਼ਨ, ਜਗਦੀਸ ਸਿੰਘ ਗਰਚਾ, ਪਰਮਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਚੰਨੀ, ਮਾਨ ਸਿੰਘ ਗਰਚਾ, ਮਨਜੀਤ ਸਿੰਘ ਭੋਮਾ, ਨਿੱਧੜਕ ਸਿੰਘ ਬਰਾੜ ਆਦਿ ਆਗੂ ਹਾਜਰ ਸਨ।

Real Estate