ਨਾਭਾ ਜੇਲ ‘ਚ ਸਿੱਖ ਕੈਦੀਆਂ ਦੀ ਭੁੱਖ ਹੜਤਾਲ ਛੇਵੇਂ ਦਿਨ ‘ਚ ਦਾਖਲ, ਜੇਲ ਪ੍ਰਸ਼ਾਸ਼ਨ ਵੱਲੋਂ ਜੇਲ ਬੰਦੀਆਂ ‘ਤੇ ਲਾਠੀਚਾਰਜ

187

ਜੇਲ ਪ੍ਰਸ਼ਾਸ਼ਨ ਵੱਲੋਂ ਕੀਤੇ ਲਾਠੀਚਾਰਜ ‘ਚ ਗੁਰਪ੍ਰੀਤ ਸਿੰਘ ਤੇ ਰਣਦੀਪ ਸਿੰਘ ਹੋਏ ਜ਼ਖਮੀ
ਨਾਭਾ, 6 ਜੁਲਾਈ (ਜੱਸਾ ਸਿੰਘ ਮਾਣਕੀ) : ਸੁਕਿਉਰਟੀ ਜੇਲ ਨਾਭਾ ਵਿਖੇ ਗੁਰਬਾਣੀ ਪੋਥੀਆਂ ਦੇ ਮਾਮਲੇ ਨੂੰ ਲੈ ਕੇ ਹੋਈ ਤਕਰਾਰ ਤੋਂ ਪਏ ਚਲਾਨਾਂ ਕਾਰਨ ਰਾਜਸੀ ਸਿੱਖ ਕੈਦੀਆਂ ਵੱਲੋਂ ਰੱਖੀ ਭੁੱਖ ਹੜਤਾਲ ਬਿਨਾਂ ਕਿਸੇ ਤਣ ਪੱਤਣ ਲੱਗਿਆਂ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਜੇਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਖਾਸ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਕਿਸੇ ਪ੍ਰੀਵਾਰਕ ਮੈਂਬਰ ਨੂੰ ਅੰਦਰ ਮਿਲਣ ਦਿੱਤਾ ਗਿਆ ਹੈ, ਸਗੋਂ ਅੰਦਰ ਸੱਭ ਠੀਕ ਠਾਕ ਹੈ ਆਖ ਕੇ ਸਿੰਘਾਂ ਦੀ ਅਸਲ ਸਥਿਤੀ ਲਕਾਉਣ ਦੀ ਨਾਕਾਮਯਾਬ ਕੋਸ਼ਿਸ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿੱਖ ਬੰਦੀ ਭਾਈ ਨਿਹਾਲ ਸਿੰਘ ਦੇ ਭਰਾਤਾ ਵੱਲੋਂ ‘ਪਹਿਰੇਦਾਰ’ ਨਾਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਅੱਜ ਜੇਲ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਰੋਟੀ ਖਵਾਉਣ ਨੂੰ ਲੈ ਕੇ ਜੇਲ ਪ੍ਰਸ਼ਾਸਨ ਨੇ ਸਿੰਘਾਂ ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਨਾਲ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਭਾਈ ਰਣਦੀਪ ਸਿੰਘ ਦੇ ਸੱਟਾਂ ਲੱਗੀਆਂ ਹਨ, ਜੋ ਜੇਲ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਨਾਭਾ ਤੋਂ ਡਾਕਟਰ ਬੁਲਾ ਕੇ ਅੰਦਰ ਹੀ ਟਾਂਕੇ ਲਗਵਾ ਦਿੱਤੇ ਹਨ, ਕਈਆਂ ਦੀ ਹਾਲਤ ਗੰਭੀਰ ਹੈ। ਇਸਦੇ ਬਾਵਜੂਦ ਵੀ ਸਮੂਹ ਸਿੱਖ ਕੈਦੀ ਭੁੱਖ ਹੜਤਾਲ ‘ਤੇ ਡਟੇ ਹੋਏ ਹਨ। ਉਨਾਂ ਕਿਹਾ ਕਿ ਹੜਤਾਲ ਪਰ ਬੈਠੇ ਸਿੱਖ ਬੰਦੀਆਂ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਤਰਾਂ-ਤਰਾਂ ਦੀਆਂ ਬਿਮਾਰੀਆਂ ਲੱਗਣ ਦੇ ਚਾਂਸ ਵੱਧ ਚੁੱਕੇ ਹਨ।  ਉਨਾਂ ਸਮੁੱਚੀਆਂ ਸਿੱਖ ਧਿਰਾਂ ‘ਤੇ ਗਿਲਾ ਕਰਦਿਆਂ ਕਿਹਾ ਕਿ ਜੇਲ ਅੰਦਰ ਸਿੱਖ ਕੈਦੀਆਂ ਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਕਿਸੇ ਵੀ ਧਿਰ ਨੇ ਹੁਣ ਤੱਕ ਕੋਈ ਖੁੱਲ ਕੇ ਆਵਾਜ ਨਹੀਂ ਉਠਾਈ, ਜਿਸ ਨਾਲ ਪ੍ਰਸ਼ਾਸਨ ਨੂੰ ਜੁਲਮ ਕਰਨ ਦਾ ਹੋਰ ਮੌਕਾ ਮਿਲਿਆ ਹੈ। ਆਖੀਰ ਉਨਾਂ ਦੇਸ ਵਿਦੇਸ਼ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਗੁਹਾਰ ਲਾਉਦਿਆਂ ਕਿਹਾ ਕਿ ਨਾਭਾ ਜੇਲ ਅੰਦਰ ਆਪਣੀਆ ਜਾਇਜ਼ ਮੰਗਾਂ ਲਈ ਪਿਛਲੇ ਛੇ ਦਿਨ ਤੋਂ ਹੜਤਾਲ ‘ਤੇ ਬੈਠੇ ਸਿੱਖ ਕੈਦੀਆਂ ਦੀ ਸਾਰ ਲਈ ਜਾਵੇ ਤਾਂ ਕਿ ਉਹ ਵੀ ਅਣਖ ਅਤੇ ਇੱਜਤ ਦੀ ਜੇਲ ਕੱਟਣ ਸਕਣ।

Real Estate