ਦਵਿੰਦਰ ਬੀਹਲਾ ਦੀ ਐਂਟਰੀ ਹੁੰਦਿਆਂ ਹੀ ਬਰਨਾਲਾ ਦੀ ਅਕਾਲੀ ਸਿਆਸਤ ‘ਚ ਆਇਆ ਭੂਚਾਲ

234

ਬਰਨਾਲਾ, 6 ਜੁਲਾਈ (ਜਗਸੀਰ ਸਿੰਘ ਸੰਧੂ) : ਪਹਿਲਾਂ ਆਮ ਆਦਮੀ ਪਾਰਟੀ ਤੇ ਫੇਰ ਸੁਖਪਾਲ ਸਿੰਘ ਖਹਿਰਾ ਲਈ ਤਨ, ਮਨ ਅਤੇ ਧਨ ਨਾਲ ਦਿਨ ਰਾਤ ਇਕ ਕਰਕੇ ਕੰਮ ਕਰਨ ਵਾਲੇ ਨੌਜਵਾਨ ਐਨ.ਆਈ.ਆਰ ਆਗੂ ਦਵਿੰਦਰ ਬੀਹਲਾ ਦੇ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਲ ਹੋਣ ਨਾਲ ਜਿਥੇ ਵਿਧਾਨ ਸਭਾ ਹਲਕਾ ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਖੁਸੀ ਜਾਹਿਰ ਕੀਤੀ ਗਈ ਹੈ, ਉਥੇ ਸ੍ਰੋਮਣੀ ਅਕਾਲੀ ਦਲ ਦੇ ਜਿ਼ਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦਾ ਧੜਾ ਇਸ ਤੋਂ ਨਿਰਾਜ ਨਜਰ ਆ ਰਿਹਾ ਹੈ। ਅੱਜ ਬੀਹਲਾ ਵਿੱਚ ਜਦੋਂ ਦਵਿੰਦਰ ਬੀਹਲਾ ਅਤੇ ਸਾਥੀਆਂ ਨੂੰ ਪਾਰਟੀ ਵਿੱਚ ਸਾਮਲ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁਹੰਚੇ ਸਨ ਤਾਂ ਕੁਲਵੰਤ ਸਿੰਘ ਕੀਤੂ ਅਤੇ ਉਸਦੀ ਪੂਰੀ ਟੀਮ ਗੈਰਹਾਜਰ ਰਹੀ। ਭਾਵੇਂ ਕੁਲਵੰਤ ਸਿੰਘ ਕੀਤੂ ਚੰਡੀਗੜ ਹਾਈਕੋਰਟ ਵਿੱਚ ਤਰੀਕ ਪੇਸ਼ੀ ‘ਤੇ ਗਏ ਹੋਣ ਬਾਰੇ ਕਹਿ ਕੇ ਇਸ ਗੱਲ ਨੂੰ ਟਾਲ ਗਏ ਹਨ, ਪਰ ਉਹਨਾਂ ਦੀ ਪੂਰੀ ਟੀਮ ਦੀ ਗੈਰਹਾਜਰੀ ਨੇ ਉਹਨਾਂ ਦੀ ਨਰਾਜਗੀ ‘ਤੇ ਮੋਹਰ ਲਗਾ ਦਿੱਤੀ। ਇਸ ਤੋਂ ਵੀ ਅੱਗੇ ਕੁਲਵੰਤ ਸਿੰਘ ਕੀਤੂ ਵੱਲੋਂ ਭਲਕੇ ਭਾਵ 7 ਜੁਲਾਈ ਨੂੰ ਆਪਣੇ ਘਰ ਅੱਗੇ ਪਾਰਟੀ ਵਰਕਰਾਂ ਅਤੇ ਆਪਣੇ ਸਮਰਥਕਾਂ ਦੀ ਇੱਕਠ ਸੱਦ ਲਿਆ ਹੈ। ਜਿਸ ਸਬੰਧੀ ਕੁਲਵੰਤ ਸਿੰਘ ਕੀਤੂ ਦੇ ਸਮਰਥਕਾਂ ਵੱਲੋਂ ਫੋਨ ਕਰਕੇ ਅਤੇ ਸੋ਼ਸਲ ਮੀਡੀਆ ਰਾਹੀਂ ਪੋਸਟਾਂ ਪਾਕੇ ਪੂਰੇ ਜੋਰ ਸੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਵੇਂ ਇਹ ਇੱਕਠ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ਦੇ ਨਾਮ ‘ਤੇ ਸੱਦਿਆ ਗਿਆ ਹੈ, ਪਰ ਅਸਲ ਵਿੱਚ ਕੁਲਵੰਤ ਸਿੰਘ ਕੀਤੂ ਆਪਣਾ ਸਕਤੀ ਪ੍ਰਦਰਸਨ ਕਰਕੇ ਪਾਰਟੀ ਹਾਈਕਮਾਂਡ ਨੂੰ ਸੰਕੇਤ ਦੇਣਾ ਚਾਹੁੰਦੇ ਹਨ ਕਿ ਅਗਰ ਦਵਿੰਦਰ ਬੀਹਲਾ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸਰਗਰਮ ਕੀਤਾ ਗਿਆ ਤਾਂ ਉਹ ਬਗਾਵਤ ਦਾ ਵਿਗਲ ਵਜਾ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਕੁਲਵੰਤ ਸਿੰਘ ਕੀਤੂ ਭਲਕੇ ਇੱਕਠ ਕਰਨ ਅਤੇ ਆਪਣਾ ਸੰਕੇਤ ਦੇਣ ਵਿੱਚ ਕਿੰਨੇ ਕੁ ਸਫਲ ਹੁੰਦੇ ਹਨ, ਪਰ ਇੱਕ ਗੱਲ ਜਰੂਰ ਹੈ ਕਿ ਦਵਿੰਦਰ ਬੀਹਲਾ ਦੀ ਐਂਟਰੀ ਨਾਲ ਬਰਨਾਲਾ ਜਿਲੇ ਵਿੱਚ ਪਹਿਲਾਂ ਹੀ ਕਈ ਧੜਿਆਂ ਵਿੱਚ ਵੰਡੇ ਅਕਾਲੀ ਦਲ ਵਿੱਚ ਫੁੱਟ ਨੂੰ ਹੋਰ ਵਧਾਏਗੀ ।

Real Estate