ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਕੀਤੇ 7 ਡੇਰਾ ਪ੍ਰੇਮੀਆਂ ‘ਚੋ ਅਦਾਲਤ ਨੇ 5 ਦਾ ਪੁਲਸ ਰਿਮਾਂਡ ਦਿੱਤਾ, 2 ਰਿਹਾਅ ਕੀਤੇ

 ਚੰਡੀਗੜ, 4 ਜੁਲਾਈ (ਜਗਸੀਰ ਸਿੰਘ ਸੰਧੂ) : ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਸੱਤ ਡੇਰਾ ਪ੍ਰੇਮੀਆਂ ਵਿੱਚੋ ਦੋ ਨੂੰ ਫਰੀਦਕੋਟ ਅਦਾਲਤ ਨੇ ਰਿਹਾ ਕਰ ਦਿੱਤਾ ਹੈ ਅਤੇ ਬਾਕੀ ਪੰਜਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ, ਸ਼ਨੀਵਾਰ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਡੇਰਾ ਸੱਚਾ ਸੌਦਾ ਦੇ ਸੱਤ ਪੈਰੋਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਸਨੀ ਅਤੇ ਸ਼ਕਤੀ ਸਿੰਘ ਨਾਮ ਦੇ ਦੋ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਅਗਾਉਂ ਜ਼ਮਾਨਤ ਤੇ ਹੋਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਰੀ ਰੱਦ ਕਰ ਦਿੱਤੀ ਹੈ। ਇਹ ਮਾਮਲਾ 1 ਜੂਨ 2015 ਦਾ ਹੈ ਜਦੋਂ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ।ਇਸ ਮਾਮਲੇ ਨੂੰ ਲੈ ਕੇ ਰਾਜ ਵਿੱਚ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ। ਬਾਅਦ ਵਿੱਚ, ਇਸੇ ਕੇਸ ਦੇ ਵਿਰੋਧ ਵਿੱਚ, ਜਦੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਧਰਨੇ ‘ਤੇ ਬੈਠੇ ਲੋਕਾਂ ਨੂੰ ਖਦੇੜਣ ਲਈ ਪੁਲਿਸ ਨੇ ਗੋਲੀਬਾਰੀ ਕੀਤੀ ਤਾਂ ਦੋ ਲੋਕਾਂ ਦੀ ਜਾਨ ਚਲੀ ਗਈ। ਐਸਆਈਟੀ ਨੇ ਹੁਣ ਫਰੀਦਕੋਟ ਦੇ ਬਾਜਾਖਾਨਾ ਥਾਣੇ ਵਿੱਚ ਦਰਜ ਚੋਰੀ ਅਤੇ ਬੇਅਦਬੀ ਮਾਮਲੇ ਵਿੱਚ ਦਰਜ ਕੇਸ ਦੇ ਅਧਾਰ ’ਤੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Real Estate