ਪੰਜਾਬੀ ਗਾਇਕ ਰਾਂਝੇ ਦੀ ਮੌਤ ਦੇ ਮਾਮਲੇ ਚ ਜਾਗੀ ਪੁਲਿਸ, 174 ਦੀ ਕਾਰਵਾਈ 304 ‘ਚ ਬਦਲੀ

171

ਪੁਲਿਸ ਨੇ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ                                                          ਬਰਨਾਲਾ 2 ਜੁਲਾਈ (ਨਿਰਮਲ ਸਿੰਘ ਪੰਡੋਰੀ) : ਮਹਿਲ ਕਲਾਂ ਦੇ ਇਕ ਸੇਵਾ ਮੁਕਤ ਮੁਲਾਜ਼ਮ ਜੋੜੇ ਦੇ ਇਕਲੌਤੇ ਪੁੱਤਰ ਗਗਨਦੀਪ ਸਿੰਘ ਉਰਫ ਰਾਂਝੇ ਦੀ ਮੌਤ ਦੇ ਮਾਮਲੇ ‘ਚ ਨਵੇਂ ਖੁਲਾਸੇ ਹੋ ਰਹੇ ਹਨ । ਜ਼ਿਕਰਯੋਗ ਹੈ ਕਿ ਲੰਘੇ 28 ਜੁੂਨ ਨੂੰ ਗਗਨਦੀਪ ਸਿੰਘ ਦੀ ਨਸ਼ੇ ਦੀ ਡੋਜ਼ ਕਾਰਨ ਮੌਤ ਹੋ ਗਈ ਸੀ। ਉਂਝ ਤਾਂ ਭਾਵੇਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ ਪਰ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ‘ਚ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ‘ਚ ਛਪੀਆਂ ਖਬਰਾਂ ਦੀ ਇਬਾਰਤ ਨੇ ਮਹਿਲ ਕਲਾਂ ਖੇਤਰ ‘ਚ ਪਿਛਲੇ ਲੰਬੇ ਸਮੇਂ ਤੋਂ ਸ਼ਰੇਆਮ ਵਿਕ ਰਹੇ ਚਿੱਟੇ ਨਸ਼ੇ ਸਬੰਧੀ ਪੁਲਿਸ ਦੀ ਚੁੱਪ ਤੋੜੀ, ਦੂਜੇ ਸ਼ਬਦਾਂ ‘ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਚਿੱਟੇ ਨਸ਼ੇ ਦਾ ਸ਼ਿਕਾਰ ਹੋਏ ਗਗਨਦੀਪ ਸਿੰਘ ਦੀ ਮੌਤ ਨੇ ਪੁਲਸ ਦੀ ਜਾਗ ਖੋਲ੍ਹ ਦਿੱਤੀ ਹੈ। ਦੱਸਣਯੋਗ ਹੈ ਕਿ ਗਗਨਦੀਪ ਸਿੰਘ ਦੇ ਮਾਪੇ ਆਪਣੇ ਪੁੱਤਰ ਨੂੰ ਲੱਗੀ ਨਸ਼ੇ ਦੀ ਆਦਤ ਅਤੇ ਆਪਣੇ ਘਰ ਦੀ ਬਰਬਾਦੀ ਬਾਰੇ ਪੁਲਸ ਅਫਸਰਾਂ ਕੋਲ ਨਸ਼ਾ ਤਸਕਰਾਂ ਦਾ ਨਾਮ ਵੀ ਦੱਸਦੇ ਰਹੇ ਪ੍ਰੰਤੂ ਪੁਲਿਸ ਨੇ ਗਗਨਦੀਪ ਦੀ ਮੌਤ ਹੋਣ ਤੱਕ ਘੇਸਲ ਹੀ ਵੱਟੀ ਰੱਖੀ । ਦੂਜੇ ਪਾਸੇ ਆਪਣੀ ਵੱਖਰੀ ਕਾਰਜਸ਼ੈਲੀ ਸਦਕਾ ਆਮ ਲੋਕਾਂ ਲਈ ਇਨਸਾਫ਼ ਦੀ ਆਸ ਜਗਾਉਣ ਵਾਲੀ ਏਐੱਸਪੀ ਡਾਕਟਰ ਪ੍ਰਗਿਆ ਜੈਨ ਆਈਪੀਐੱਸ ਨੇ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਢਲੀ ਪੜਤਾਲ ਤੋਂ ਬਾਅਦ 5-6 ਅਣਪਛਾਤਿਆਂ ਖ਼ਿਲਾਫ਼ 304 ਤਹਿਤ ਮੁਕੱਦਮਾ ਦਰਜ ਕੀਤਾ।ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਏਐੱਸਪੀ ਡਾਕਟਰ ਪ੍ਰਗਿਆ ਜੈਨ ਆਈਪੀਐੱਸ ਨੇ ਕਿਹਾ ਕਿ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਜਗਦੀਪ ਸਿੰਘ ਦੇ ਦੀ ਮੌਤ ਦੇ ਮਾਮਲੇ ‘ਚ 5-6 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਬੜੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਜਾ ਸਕੇ। ਏਐੱਸਪੀ ਡਾਕਟਰ ਪ੍ਰਗਿਆ ਜੈਨ ਆਈਪੀਐੱਸ ਦੀ ਪਹਿਲ ਸਦਕਾ ਪੁਲਿਸ ਨੇ ਜਿੰਨੀ ਕੁ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਉਸ ਤੋਂ ਬਾਅਦ ਆਮ ਲੋਕਾਂ ਨੂੰ ਵਿਸ਼ਵਾਸ ਜਾਗਿਆ ਹੈ ਕਿ ਗਗਨਦੀਪ ਸਿੰਘ ਦੇ ਮਾਪਿਆਂ ਨੂੰ ਇਨਸਾਫ ਮਿਲੇਗਾ। ਉਮੀਦ ਹੈ ਕਿ ਪੰਜਾਬ ਪੁਲਿਸ ਦੀ ਤੇਜ਼ਤਰਾਰ ਆਫੀਸਰ ਏਐੱਸਪੀ ਡਾਕਟਰ ਪ੍ਰਗਿਆ ਜੈਨ ਆਈਪੀਐੱਸ ਇਨਸਾਫ਼ ਦੀ ਲੋਅ ਨੂੰ ਮੱਧਮ ਨਹੀਂ ਹੋਣ ਦੇਵੇਗੀ।ਇਸ ਦਰਦਨਾਕ ਘਟਨਾ ਦੇ ਸਬੰਧ ਵਿੱਚ ਪੰਜਾਬੀ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਉਪਲ ਨੇ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਐਸਐਸਪੀ ਬਰਨਾਲਾ ਨਾਲ ਫੋਨ ‘ਤੇ ਗੱਲ ਕਰਕੇ ਗਗਨਦੀਪ ਸਿੰਘ ਦੇ ਮਾਪਿਆਂ ਵੱਲੋਂ ਮੀਡੀਆ ਨੂੰ ਦਿੱਤੀ ਸਟੇਟਮੈਂਟ ਦੇ ਆਧਾਰ ‘ਤੇ ਕਾਰਵਾਈ ਕਰਨ ਲਈ ਕਿਹਾ ਹੈ।ਦੂਜੇ ਪਾਸੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਨਸ਼ੇ ਨਾਲ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ‘ਚ ਧਾਰਨ ਕੀਤੀ ਚੁੱਪ ‘ਤੇ ਲੋਕ ਹੈਰਾਨੀ ਪ੍ਰਗਟ ਕਰ ਰਹੇ ਹਨ।

Real Estate