ਬਠਿੰਡਾ ਦੇ ਥਰਮਲ ਨੂੰ ਬਚਾਉਣ ਲਈ ਕਿਸਾਨ ਨੇ ਦਿੱਤੀ ਆਪਣੀ ਜਾਨ ਦੀ ਕੁਰਬਾਨੀ

5

ਬਠਿੰਡਾ, 1 ਜੁਲਾਈ (ਸੁਖਨੈਬ ਸਿੱਧੂ) : ਰਾਜਨੀਤਕ ਲੋਕਾਂ ਵੱਲੋਂ ਤਾਂ ਭਖਦੇ ਮੁੱਦਿਆਂ ‘ਤੇ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਉਹ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹਨ, ਪਰ ਬਠਿੰਡਾ ਵਿਖੇ ਸ੍ਸ੍ਰੀ ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਬੰਦ ਕਰਨ ਖ਼ਿਲਾਫ਼ ਅੱਜ ਇੱਕ ਬੁਜਰਗ ਕਿਸਾਨ ਸੱਚਮੁੱਚ ਆਪਣੀ ਜਾਨ ਕੁਰਬਾਨ ਕਰ ਗਿਆ ਹੈ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਸੰਗਰੂਰ ਦੀ ਚੀਮਾ ਮੰਡੀ ਦਾ ਰਹਿਣ ਵਾਲਾ ਇੱਕ ਬੁਜਰਗ ਕਿਸਾਨ ਜੋਗਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਬਠਿੰਡਾ ਦੇ ਥਰਮਲ ਪਲਾਂਟ ਅੱਗੇ ਮ੍ਰਿਤਕ ਪਾਇਆ ਗਿਆ ਹੈ, ਜਿਸ ਕੋਲੋਂ ਮਿਲੀ ਤਖਤੀ ‘ਤੇ ਲਿਖਿਆ ਹੋਇਆ ਹੈ ‘ਗੁਰੂ ਨਾਨਕ ਦੇਵ ਇਤਿਹਾਸਿਕ ਥਰਮਲ ਪਲਾਂਟ ਹੈ ਸ਼ਾਨ ਮੈਂ ਇਸ ਨੂੰ ਵੇਚਣ ਤੋਂ ਰੋਕਣ ਲਈ ਕਰਦਾ ਹਾਂ ਜਿੰਦ ਕੁਰਬਾਨ’। ਇਸ ਤਖਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਲੱਗੀ ਹੋਈ ਹੈ।ਇਸ ਦੇ ਕੋਲ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਂਹਾਂ ਦਾ ਝੰਡਾ ਵੀ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਕਿਸਾਨ ਦੀ ਜੇਬ ਵਿੱਚੋਂ ਇੱਕ ਖ਼ੁਦਕੁਸ਼ੀ ਨੋਟ ਵੀ ਨਿਕਲਿਆ ਹੈ ਜਿਸ ਨੂੰ ਪੁਲਿਸ ਨੇ ਆਪਣੇ ਕਬਜੇ ਵਿੱਚ ਲਿਆ ਹੋਇਆ ਹੈ । ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਨੇ ਥਰਮਲ ਪਲਾਂਟ ਬੰਦ ਕਰਨ ਖ਼ਿਲਾਫ਼ ਆਪਣੀ ਜਾਨ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਮਾਮਲੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ

Real Estate