ਦੋ ਵੱਡੇ ਕਾਰਖਾਨੇਦਾਰਾਂ ਦੇ ਧੱਕੇ ਚੜੀ ਬਰਨਾਲਾ ਜ਼ਿਲੇ ਦੀ ਸਿਆਸਤ

222

ਕਾਂਗਰਸ ਤੇ ਅਕਾਲੀ ਦਲ ਦੇ ਜਮੀਨੀ ਪੱਧਰ ਨਾਲ ਜੁੜੇ ਆਗੂ ਨੁਕਰੇ ਲੱਗੇ
ਬਰਨਾਲਾ, 1 ਜੁਲਾਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜ਼ਿਲੇ ਦੇ ਕਾਂਗਰਸੀ ਤੇ ਅਕਾਲੀ ਦਲ ਦੇ ਜਮੀਨੀ ਪੱਧਰ ਨਾਲ ਜੁੜੇ ਆਗੂਆਂ ਦੀਆਂ ਸਰਗਰਮੀਆਂ ਠੱਪ ਹੋ ਰਹਿ ਗਈਆਂ ਹਨ, ਕਿਉਂਕਿ ਜ਼ਿਲੇ ਵਿੱਚ ਸੱਤਾਧਾਰੀ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਦੀ ਵਾਗਡੋਰ ਦੋ ਵੱਡੇ ਕਾਰਖਾਨੇਦਾਰਾਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ, ਜਿਸ ਕਾਰਨ ਦੋਵੇਂ ਹੀ ਪਾਰਟੀਆਂ ਦੇ ਜਮੀਨੀ ਪੱਧਰ ਨਾਲ ਜੁੜੇ ਆਗੂ ਨਿਰਾਸ਼ਤਾ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਅਸਲ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਬਰਨਾਲਾ ਜ਼ਿਲੇ ਦੀ ਕਮਾਂਡ ਦੋ ਕਾਰਖਾਨੇਦਾਰ ਦੇ ਹਵਾਲੇ ਕਰ ਦਿੱਤੀ, ਪਰ ਦੋਵਾਂ ਹੀ ਪਾਰਟੀਆਂ ਨੂੰ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦਾ ਕਾਰਨ ਦੋਵੇਂ ਵੱਡੇ ਕਾਰਖਾਨੇਦਾਰਾਂ ਦੀ ਆਪੋ ਆਪਣੀ ਸਰਦਾਰੀ ਕਾਇਮ ਰੱਖਣ ਦੀ ਚਾਹਤ ਹੀ ਬਣੀ ਸੀ। ਦਰਅਸਲ ਪਿਛਲੇ ਸਰਕਾਰ ਸਮੇਂ ਸ੍ਰੋਮਣੀ ਅਕਾਲੀ ਦਲ ਵੱਲੋਂ ਟਰਾਟੀਡੈਂਟ ਫੈਕਟਰੀ ਦੇ ਮਾਲਕ ਰਜਿੰਦਰ ਗੁਪਤਾ ਨੂੰ ਬਰਨਾਲਾ ਜ਼ਿਲ•ੇ ਦਾ ਕਰਤਾਧਰਤਾ ਬਣਾ ਕੇ ਵੱਡੀਆਂ ਗਰਾਂਟਾਂ ਨਾਲ ਬਰਨਾਲਾ ਸ਼ਹਿਰ ਸਮੇਤ ਇਲਾਕੇ ਵਿੱਚ ਵੱਡੇ ਵਿਕਾਸ ਕਾਰਜ ਵੀ ਵਿੱਢੇ ਸਨ। ਉਸ ਸਮੇਂ ਭਾਵੇਂ ਨਗਰ ਕੌਂਸਲ ਬਰਨਾਲਾ ਦੀ ਚੋਣ ਦੀ ਗੱਲ ਕਰੀਏ ਜਾਂ ਹੋਰ ਆਹੁਦੇਦਾਰੀਆਂ ਦੇਣ ਦੀ ਗੱਲ ਕੀਤੀ ਜਾਵੇ, ਸਾਰੀਆਂ ਦੀਆਂ ਸਾਰੀਆਂ ਰਾਜਿੰਦਰ ਗੁੱਪਤਾ ਦੀ ਮਰਜੀ ਮੁਤਾਬਿਕ ਹੁੰਦੀਆਂ ਰਹੀਆਂ, ਜਿਸ ਕਰਕੇ ਜਮੀਨੀ ਪੱਧਰ ਦੇ ਅਕਾਲੀ ਆਗੂ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਰਹੇ। ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖਾਸਮ-ਖਾਸ ਕੇਵਲ ਸਿੰਘ ਢਿਲੋਂ ਨੂੰ ਬਰਨਾਲਾ ਜ਼ਿਲੇ ਦੀ ਵਾਗਡੋਰ ਸੌਂਪ ਦਿੱਤੀ।  ਇਥੇ ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲੇ ਦੇ ਦੂਸਰੇ ਦੋ ਵਿਧਾਨ ਹਲਕੇ ਭਦੌੜ ਅਤੇ ਮਹਿਲ ਕਲਾਂ ਰਿਜਰਵ ਹੋਣ ਕਰਕੇ ਸਾਰੀ ਦੀ ਸਾਰੀ ਟੇਕ ਬਰਨਾਲਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਾਂ ਐਮ.ਐਲ.ਏ ਉਪਰ ਹੀ ਰੱਖੀ ਜਾਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਵੱਲੋਂ ਕੇਵਲ ਸਿੰਘ ਢਿਲੋਂ ਨੂੰ ਹੀ ਬਰਨਾਲਾ ਤੋਂ ਉਤਾਰਿਆ ਗਿਆ, ਪਰ ਦੂਸਰੇ ਪਾਸੇ ਰਜਿੰਦਰ ਗੁੱਪਤਾ ਨੇ ਆਪ ਤਾਂ ਭਾਵੇਂ ਚੋਣ ਨਹੀਂ ਲੜੀ, ਪਰ ਆਪਣੇ ਸਿਆਸੀ ਅਤੇ ਕਾਰੋਬਾਰੀ ਸ਼ਰੀਕ ਕੇਵਲ ਸਿੰਘ ਢਿਲੋਂ ਨੂੰ ਟੱਕਰ ਦੇਣ ਲਈ ਕਾਂਗਰਸ ਪਾਰਟੀ ਵਿੱਚੋਂ ਹੀ ਸੰਗਰੂਰ ਤੋਂ ਲਿਆ ਕੇ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਬਰਨਾਲਾ ਤੋਂ ਉਤਾਰ ਦਿੱਤਾ ਗਿਆ। ਇਸ ਤਰਾਂ ਬਰਨਾਲਾ ਸੀਟ ਦੋਵੇਂ ਵੱਡੇ ਕਾਰਖਾਨੇਦਾਰਾਂ ਦੇ ਵਕਾਰ ਦਾ ਸਵਾਲ ਬਣ ਗਈ। ਇਸ ਲਈ ਦੋਵਾਂ ਹੀ ਕਾਰੋਬਾਰੀ ਸਿਆਸੀ ਆਗੂਆਂ ਨੇ ਆਪੋ ਆਪਣੀ ਪਾਰਟੀ ਦੇ ਸਮੱਚੇ ਬਰਨਾਲਾ ਜ਼ਿਲੇ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਬਰਨਾਲਾ ਵਿਧਾਨ ਸਭਾ ਸੀਟ ‘ਤੇ ਵੀ ਸੱਦ ਕੇ ਸਰਗਰਮ ਕਰ ਦਿੱਤਾ। ਇਸ ਨਾਲ ਵਿਧਾਨ ਸਭਾ ਹਲਕਾ ਭਦੌੜ ਅਤੇ ਮਹਿਲ ਕਲਾਂ ਤੋਂ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰ ਇੱਕਲੇ ਪੈ ਗਏ ਅਤੇ ਹਾਰ ਗਏ। ਇਧਰ ਬਰਨਾਲਾ ਸੀਟ ‘ਤੇ ਦੋਵੇਂ ਕਾਰਖਾਨੇਦਾਰਾਂ ਦੀ ਲੜਾਈ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੀਤ ਹੇਅਰ ਬਾਜੀ ਮਾਰ ਗਿਆ। ਇਸ ਉਪਰੰਤ ਕਾਂਗਰਸ ਪਾਰਟੀ ਤਾਂ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਅਤੇ ਉਸ ਨੇ ਬਰਨਾਲਾ ਜ਼ਿਲੇ ਦੀਆਂ ਤਿੰਨੋ ਸੀਟਾਂ ਹਾਰਨ ਬਾਰੇ ਚਿੰਤਨ ਮੰਥਨ ਕਰਨ ਦੀ ਜਰੂਰਤ ਹੀ ਨਹੀਂ ਸਮਝੀ। ਇਸ ਸਮੇਂ ਕੇਵਲ ਸਿੰਘ ਢਿਲੋਂ ਵੱਲੋਂ ਆਪਣੀ ਮਰਜੀ ਦੇ ਆਗੂਆਂ ਨੂੰ ਹੀ ਆਹੁਦੇ ਦਿੱਤੇ ਜਾ ਰਹੇ ਹਨ, ਜਿਸ ਕਰਕੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਵੀ ਜਮੀਨੀ ਪੱਧਰ ਨਾਲ ਜੁੜੇ ਕਾਂਗਰਸੀ ਆਗੂ ਨਿਰਾਸ਼ ਹੋ ਕੇ ਘਰੀਂ ਬੈਠ ਚੁੱਕੇ ਹਨ। ਦੂਸਰੇ ਪਾਸੇ ਅਕਾਲੀ ਦਲ ਪੰਜਾਬ ਵਿੱਚੋਂ ਬੁਰੀ ਤਰਾਂ ਹਾਰਨ ਤੋਂ ਬਾਅਦ ਨਿਮੋਸ਼ੀ ਦੇ ਦੌਰ ਵਿੱਚ ਚਲਾ ਗਿਆ ਅਤੇ ਬਰਨਾਲਾ ਜ਼ਿਲੇ ‘ਚ ਹੋਈ ਹਾਰ ਬਾਰੇ ਅਕਾਲੀ ਦਲ ਨੇ ਅਜੇ ਤੱਕ ਕੋਈ ਪੜਚੋਲ ਤੱਕ ਨਹੀਂ ਕੀਤੀ। ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਲੋਂ ਪਹਿਲਾਂ ਨੌਜਵਾਨ ਆਗੂ ਕੁਲਵੰਤ ਸਿੰਘ ਕੀਤੂ ਨੂੰ ਬਰਨਾਲਾ ਜ਼ਿਲੇ ਦੀ ਵਾਗਡੋਰ ਦੇ ਕੇ ਪਾਰਟੀ ਨੂੰ ਮਜਬੂਤ ਕਰਨ ਵੱਲ ਕਦਮ ਪੁਟਿਆ ਸੀ, ਪਰ ਕਦੇ ਬਾਦਲ ਪਰਵਾਰ ਦੇ ਨੇੜਲੇ ਅਤੇ ਕਾਰੋਬਾਰੀ ਕਰਿੰਦੇ ਲੱਖੀ ਜੈਲਦਾਰ ਨੂੰ ਹਲਕਾ ਬਰਨਾਲਾ ਦੀ ਕਮਾਂਡ ਦੇਣ ਅਤੇ ਕਦੇ ਕਿਸੇ ਹੋਰ ਆਗੂ ਦੇ ਨਾਮ ਦੀ ਚਰਚਾ ਹੋਣ ਕਰਕੇ ਅਕਾਲੀ ਦਲ ਵੀ ਮੁੜ ਪਹਿਲਾਂ ਵਾਲੀ ਸਥਿਤੀ ‘ਚ ਨਹੀਂ ਆਇਆ। ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਛੱਡਣ ਨਾਲ ਬਰਨਾਲਾ ਜ਼ਿਲੇ ਵਿੱਚ ਅਕਾਲੀਆਂ ਦੀ ਹਾਲਤ ਹੋਰ ਪਤਲੀ ਹੋ ਗਈ ਹੈ। ਅਕਾਲੀ ਦਲ ਦੇ ਜਮੀਨ ਪੱਧਰ ਦੇ ਆਗੂ ਵੀ ਨਿਰਾਸ਼ਤਾ ਦੇ ਦੌਰ ਵਿਚੋਂ ਗੁਜਰ ਰਹੇ ਹਨ ਅਤੇ ਬਾਦਲ ਪਰਵਾਰ ਤੇ ਢੀਂਡਸਾ ਪਰਵਾਰ ਵਿਚਕਾਰ ਚੱਲ ਰਹੀ ਸਿਆਸੀ ਜੰਗ ਨੂੰ ਦੇਖਦਿਆਂ ‘ਤੇਲ ਦੇਖੋ ਤੇਲ ਦੀ ਧਾਰ ਦੇਖੋ ਵਾਲੀ ਸਥਿਤੀ ‘ਤੇ ਚੱਲ ਰਹੇ ਹਨ। ਉਧਰ ਭਾਵੇਂ ਤਿੰਨੋਂ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਬਰਨਾਲਾ ਜ਼ਿਲੇ ਵਿੱਚ ਆਪਣੀ ਸਥਿਤੀ ਨੂੰ ਬਹੁਤੀ ਮਜਬੂਤ ਨਹੀਂ ਕਰ ਸਕੀ, ਜਿਸ ਦਾ ਕਾਰਨ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਵੱਲੋਂ ਪਾਰਟੀ ਤੋਂ ਬਾਗੀ ਹੋ ਕੇ ਸੁਖਪਾਲ ਸਿੰਘ ਖਹਿਰਾ ਨਾਲ ਚਲੇ ਜਾਣਾ ਅਤੇ ਹਲਕਾ ਬਰਨਾਲਾ ਵਿਧਾਇਕ ਮੀਤ ਹੇਅਰ ਵੱਲੋਂ ਜ਼ਿਲਾ ਪ੍ਰਧਾਨ ਸਮੇਤ ਜ਼ਿਲੇ ਦੀਆਂ ਅਹਿਮ ਆਹੁਦੇਦਾਰੀਆਂ ਆਪਣੀ ਗੱਡੀ ਵਿੱਚ ਬੈਠਣ ਵਾਲਿਆਂ ਤੱਕ ਹੀ ਸੀਮਤ ਕਰਨਾ ਮੰਨਿਆ ਜਾ ਰਿਹਾ ਹੈ। ਭਾਵੇਂ ਆਮ ਆਦਮੀ ਪਾਰਟੀ ਤਾਂ ਤਿੰਨੋਂ ਹਲਕੇ ਜਿੱਤਣ ਕਰਕੇ ਬਰਨਾਲਾ ਜ਼ਿਲੇ ਨੂੰ ਆਪਣਾ ਕਿਲਾ ਸਮਝੀ ਰਹੀ ਹੋਵੇਗੀ, ਪਰ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਅਤੀਤ ਤੋਂ ਸਿੱਖਿਆ ਲੈਣ ਦੀ ਬਿਜਾਏ ਬਰਨਾਲਾ ਜ਼ਿਲਾ ਅਜੇ ਵੀ ਜਮੀਨੀ ਪੱਧਰ ਦੇ ਸਿਆਸੀ ਆਗੂਆਂ ਦੀ ਥਾਂ ਦੋ ਵੱਡੇ ਕਾਰਖਾਨੇਦਾਰਾਂ ਦੇ ਹਵਾਲੇ ਹੀ ਕਰ ਰੱਖਿਆ ਹੈ।

Real Estate