ਤਖਤ ਸ੍ਰੀ ਕੇਸਗੜ ਸਾਹਿਬ ਦੇ ਲੰਗਰ ‘ਚ ਵੱਡਾ ਘਪਲਾ, ਮੈਨੇਜਰ ਸਮੇਤ 5 ਮੁੱਅਤਲ

343

ਸ਼੍ਰੀ ਅਨੰਦਪੁਰ ਸਾਹਿਬ, 1 ਜੁਲਾਈ (ਸੁਰਿੰਦਰ ਸਿੰਘ ਸੋਨੀ) : ਗੁਰੂ ਕੇ ਲੰਗਰ ਸਮੱਗਰੀ ਦੇ ਬਿੱਲਾਂ ਦੇ ਘਪਲੇ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨਜਰ ਸਮੇਤ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਫ਼ੈਸਲਾ ਮੰਗਲਵਾਰ ਦੇਰ ਰਾਤ ਲਿਆ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ‘ਚ ਉਪਰੋਕਤ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪ੍ਰਧਾਨ ਨੂੰ ਸਿਫ਼ਾਰਸ਼ ਕੀਤੀ ਗਈ ਸੀ। ਸਸਪੈਂਡ ਕੀਤੇ ਗਏ ਮੈਨੇਜਰ ਦੀ ਜਗ੍ਹਾ ਗੁਰਦੀਪ ਸਿੰਘ ਕੰਗ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ।ਦੱਸਿਆ ਗਿਆ ਹੈ ਕਿ ਇਕ ਅਪ੍ਰੈਲ ਤੋਂ 24 ਜੂਨ ਤਕ, ਕਰੀਬ ਤਿੰਨ ਮਹੀਨੇ ਦੇ ਸਮੇਂ ਦੌਰਾਨ ਲੰਗਰ ਅਤੇ ਸਟੋਰ ਦੇ ਬਿੱਲਾਂ ਦੀ ਜਾਂਚ ‘ਚ ਇਹ ਗੜਬੜੀ ਮਿਲੀ ਸੀ। ਇਸ ਤੋਂ ਇਲਾਵਾ ਲੰਗਰ ਦੀ ਸਮੱਗਰੀ ‘ਚ ਵੀ ਫਰਕ ਪਾਇਆ ਗਿਆ ਹੈ। ਜਾਂਚ ਟੀਮ ਦੇ ਮੁੱਖ ਇੰਸਪੈਕਟਰ ਗੁਲਜਾਰ ਸਿੰਘ ਦੀ ਜਾਂਚ ਟੀਮ ਨੇ ਸਟੋਰ ਦੀ ਜਾਂਚ ‘ਚ ਰਿਕਾਰਡ ਅਨੁਸਾਰ, ਘੱਟ ਸਾਮਾਨ ਹੋਣ ਕਾਰਨ ਮੌਕੇ ‘ਤੇ ਸਟੋਰ ਨੂੰ 20 ਹਜ਼ਾਰ ਦਾ ਜੁਰਮਾਨਾ ਵੀ ਕੀਤਾ ਸੀ। ਉਨ੍ਹਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪੀ ਸੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਉਧਰ ਇਹ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਐੱਸਜੀਪੀਸੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਬੀਬੀ ਨੇ ਕਿਹਾ ਸੀ ਕਿ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ‘ਚ ਲੱਖਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।

Real Estate