ਨਕੋਦਰ ਕਾਂਡ ਦੇ ਸ਼ਹੀਦਾਂ ਦੇ ਪਰਵਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ

171

ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਸਾਬਕਾ ਜਥੇਦਾਰ ਦੇ ਰਿਸਤੇਦਾਰਾਂ ਨੂੰ ਇਨਸਾਫ਼ ਦਿਵਾ ਸਕਣਗੇ ?
ਚੰਡੀਗੜ੍ਹ, 29 ਜੂਨ (ਜਗਸੀਰ ਸਿੰਘ ਸੰਧੂ) : ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਕੀ ਹੁਣ ਪੁਲਸ ਤਸੱਸਦ ਦਾ ਸਿਕਾਰ ਹੋਏ ਤਖਤ ਸਾਹਿਬਾਨ ਦੇ ਸਾਬਕਾ ਜਥੇਦਾਰ ਦੇ ਰਿਸਤੇਦਾਰਾਂ ਨੂੰ ਇਨਸਾਫ਼ ਦਿਵਾ ਸਕਣਗੇ, ਕਿਉਂਕਿ ਤਖਤ ਸ੍ਰੀ ਕੇਸ਼ਗੜ ਸਾਹਿਬ ਦੇ ਸਾਬਕਾ ਜਥੇਦਾਰ ਸਵ: ਗਿਆਨੀ ਹਰਚਰਨ ਸਿੰਘ ਮਹਾਲੋਂ ਦੇ ਰਿਸਤੇਦਾਰ ਬਲਦੇਵ ਸਿੰਘ ਲਿੱਤਰਾਂ ਤੇ ਬੀਬੀ ਬਲਦੀਪ ਕੌਰ ਲਿੱਤਰਾਂ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ ਰਾਹੀਂ ਮੰਗ ਕੀਤੀ ਕਿ 4 ਫਰਵਰੀ 1986 ਨੂੰ ਨਕੋਦਰ ਕਾਂਡ ਵਿੱਚ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਲਿੱਤਰਾਂ ਸਮੇਤ ਸ਼ਹੀਦ ਹੋਏ ਸਿੰਘਾਂ ਅਤੇ  ਸਵ: ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿੱਚ ਲਗਾਈਆਂ ਜਾਣ। ਅੱਜ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਜਨਮ ਦਿਨ ‘ਤੇ ਜਥੇਦਾਰ ਸਾਹਿਬ ਨੂੰ ਲਿਖੀ ਇਸ ਚਿੱਠੀ ਵਿੱਚ ਦਸਿਆ ਗਿਆ ਹੈ ਕਿ ਬੀਬੀ ਬਲਦੀਪ ਕੌਰ ਸਵ: ਜਥੇਦਾਰ ਹਰਚਰਨ ਸਿੰਘ ਦੀ ਭਾਣਜੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਅਬੀ ਦੇ ਵਿਰੁੱਧ ਨਕੋਦਰ ਵਿਖੇ ਧਰਨਾ ਦੇ ਰਹੇ ਸਿੰਘਾਂ ‘ਤੇ 4 ਫਰਵਰੀ 1986 ਨੂੰ ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚੱਲੂਪੁਰ, ਭਾਈ ਬਲਧੀਰ ਸਿੰਘ ਰਾਮਗੜ ਅਤੇ ਭਾਈ ਝਿਲਮਨ ਸਿੰਘ ਗੋਰਸੀਆਂ ਸ਼ਹੀਦ ਹੋ ਗਏ ਸਨ। ਇਹਨਾਂ ਸਿੰਘਾਂ ਦੀ ਸ਼ਹੀਦੀ ਦੇ ਵਿਰੁੱਧ ਅਤੇ ਪੂਰੇ ਕਾਂਡ ਦੀ ਜਾਂਚ ਲਈ  5 ਫਰਵਰੀ 1986 ਨੂੰ ਸਵ: ਜਥੇਦਾਰ ਹਰਚਰਨ ਸਿੰਘ ਮਹਾਲੋਂ ਨੇ ਆਪਣੀ ਧਰਮ ਪਤਨੀ ਬੀਬੀ ਅਵਤਾਰ ਕੌਰ ਸਮੇਤ ਨਕੋਦਰ ਥਾਣੇ ਅੱਗੇ ਧਰਨਾ ਦਿੱਤਾ ਸੀ ਅਤੇ ਨਕੋਦਰ ਕਾਂਡ ਦੀ ਅਦਾਲਤੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸ੍ਰ: ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਲਿੱਤਰਾਂ ਨੇ ਸਵ: ਜਥੇਦਾਰ ਹਰਚਰਨ ਸਿੰਘ ਮਹਾਲੋਂ ਨਾਲ ਰਿਸਤੇਦਾਰੀ ਅਤੇ ਉਹਨਾਂ ਵੱਲੋਂ ਅਦਾਲਤੀ ਜਾਂਚ ਲਈ ਲਗਾਏ ਧਰਨੇ ਦਾ ਹਵਾਲਾ ਦਿੰਦਿਆਂ ਇਸ ਕਾਂਡ ਦੀ ਦੁਬਾਰਾ ਜਾਂਚ ਕਰਵਾਉਣ ਅਤੇ ਸ਼ਹੀਦ ਸਿੰਘਾਂ ਦੀ ਤਸਵੀਰਾਂ ਅੰਮ੍ਰਿਤਸਰ ਸਾਹਿਬ ਅਤੇ ਕੇਸ਼ਗੜ ਸਾਹਿਬ ਦੇ ਅਜਾਇਬ ਘਰਾਂ ਵਿੱਚ ਲਗਾਉਣ ਦੀ ਮੰਗ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਜਦੋਂ ਨਕੋਦਰ ਕਾਂਡ ਵਾਪਰਿਆ ਸੀ ਤਾਂ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਸ ਸਮੇਂ ਜਲੰਧਰ ਦਾ ਐਸ.ਐਸ.ਪੀ ਇਜ਼ਹਾਰ ਆਲਮ ਸੀ ਤੇ ਏ.ਡੀ.ਸੀ ਦਰਬਾਰਾ ਸਿੰਘ ਗੁਰੁ ਸੀ। ਬਰਨਾਲਾ ਸਰਕਾਰ ਨੇ ਅਦਾਲਤੀ ਜਾਂਚ ਦੀ ਥਾਂ ਉਸ ਸਮੇਂ ਇਸ ਕਾਂਡ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣ ਦਿੱਤਾ ਸੀ, ਜਿਸ ਦੀ ਜਾਂਚ ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋ ਸਕੀ। ਉਧਰ ਉਸ ਸਮੇਂ ਦੇ ਏ.ਡੀ.ਸੀ ਤੇ ਐਸ.ਐਸ.ਪੀ ਦਰਬਾਰਾ ਸਿੰਘ ਗੁਰੁ ਅਤੇ ਇਜ਼ਹਾਰ ਆਲਮ ਸੇਵਾ ਮੁਕਤ ਹੋਣ ਤੋਂ ਬਾਅਦ ਅੱਜਕੱਲ ਸ੍ਰੋਮਣੀ ਅਕਾਲੀ ਦਲ ਦੇ ਮੂਹਰੀ ਕਤਾਰ ਦੇ ਆਗੂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਸਥਿਤੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਕੋਦਰ ਕਾਂਡ ਦੇ ਸ਼ਹੀਦਾਂ ਦੇ ਪਰਵਾਰਾਂ ਦੀ ਮੰਗ ‘ਤੇ ਕੀ ਸਟੈਂਡ ਲਿਆ ਜਾਂਦਾ ਹੈ। ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਸਾਬਕਾ ਜਥੇਦਾਰ ਦੇ ਰਿਸਤੇਦਾਰਾਂ ਨੂੰ ਇਨਸਾਫ ਦਿਵਾਉਣ ਅਤੇ ਉਹਨਾਂ ਦੀ ਤਸਵੀਰਾਂ ਅਜਾਇਬ ਘਰ ਸਥਾਪਿਤ ਕਰਨ ਲਈ ਕੋਈ ਯਤਨ ਕੀਤਾ ਜਾਵੇਗਾ ਜਾਂ ਨਹੀਂ ?

Real Estate