,ਨਸ਼ੇ ਦੀ ਭੇਟ ਚੜਿਆ ਇੱਕ ਹੋਰ ਗੱਬਰੂ , ਕਰੋੜਾਂ ਰੁਪਏ ਨਸ਼ੇ ਦੇ ਦਰਿਆ ‘ਚ ਰੋੜ ਕੇ ਉਹ ਖੁਦ ਵੀ ਰੁੜ੍ਹ ਗਿਆ   

226

ਮਾਪੇ ਨਸ਼ਾ ਤਸਕਰਾਂ ਦਾ ਨਾਮ ਲੈਂਦੇ ਰਹੇ ਪਰ ਪੁਲੀਸ ਨੇ ਗੱਲ ਨਾ ਸੁਣੀ                                                              ਬਰਨਾਲਾ, 29 ਜੂਨ (ਨਿਰਮਲ ਸਿੰਘ ਪੰਡੋਰੀ) : ਮਾਪੇ ਵੱਡੇ ਵੱਡੇ ਪੁਲਸ ਅਫਸਰਾਂ ਕੋਲ ਜਾ ਕੇ ਚੀਕ ਚੀਕ ਕੇ ਚਿੱਟਾ ਵੇਚਣ ਵਾਲੇ ਸਮੱਗਲਰਾਂ ਦਾ ਨਾਮ ਲੈਂਦੇ ਰਹੇ ਪ੍ਰੰਤੂ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤੇ ਆਖਰ ਪੜ੍ਹੇ ਲਿਖੇ ਮਾਪਿਆਂ ਦਾ ਇਕਲੌਤਾ ਪੁੱਤ ਤੇ ਇੱਕੋ ਭੈਣ ਦਾ ਸੋਨੇ ਵਰਗਾ ਵੀਰ ਗਗਨਦੀਪ ਸਿੰਘ ਇੱਕ ਕਰੋੜ ਰੁਪਏ ਤੋਂ ਵੱਧ ਰਕਮ ਦਾ ਚਿੱਟਾ ਨਸ਼ਾ ਪੀ ਕੇ ਮੌਤ ਦੀ ਗੋਦ ਵਿੱਚ ਜਾ ਸੁੱਤਾ। ਇਹ ਦਰਦਨਾਕ ਕਹਾਣੀ ਬਰਨਾਲਾ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਲ ਕਲਾਂ ਨਾਲ ਸਬੰਧਿਤ ਹੈ ਜਿੱਥੇ ਅਠਾਈ ਜੂਨ ਐਤਵਾਰ ਦੀ ਸ਼ਾਮ ਇੱਕ ਨੌਜਵਾਨ ਗਗਨਦੀਪ ਸਿੰਘ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਗਗਨਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਪੰਜਾਬ ਮੰਡੀ ਬੋਰਡ ਦਾ ਸੇਵਾਮੁਕਤ ਮੁਲਾਜ਼ਮ ਹੈ ਅਤੇ ਉਸਦੀ ਮਾਤਾ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਅਧਿਆਪਕ ਹੈ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋਣ ਤੋਂ ਬਾਅਦ ਗਗਨਦੀਪ ਨੇ ਆਪਣੇ ਮਾਪਿਆਂ ਦੀ ਕਰੋੜਾਂ ਰੁਪਏ ਦੀ ਕਮਾਈ ਨਸ਼ੇ ਦੇ ਦਰਿਆ ਵਿਚ ਰੋੜ ਦਿੱਤੀ ਜੇਕਰ ਮਾਪੇ ਪੈਸੇ ਦੇਣ ਤੋਂ ਨਾਂਹ ਕਰਦੇ ਤਾਂ ਉਹ ਕੁੱਟਮਾਰ ਵੀ ਕਰਦਾ ਸੀ ਇੱਥੋਂ ਤੱਕ ਕਿ ਕਿਰਪਾਨ ਵੀ ਚੁੱਕ ਲੈਂਦਾ ਸੀ ਗਗਨਦੀਪ ਨਸ਼ਾ ਕਿੱਥੋਂ ਲੈਂਦਾ ਸੀ ਇਸ ਸਵਾਲ ਦੇ ਜਵਾਬ ਵਿੱਚ ਉਸ ਦੇ ਪਿਤਾ ਨੇ ਕਿਹਾ ਕਿ ਪਿੰਡ ਮਹਿਲ ਕਲਾਂ ਵਿੱਚੋਂ ਹੀ ਉਹ ਨਸ਼ਾ ਖ਼ਰੀਦਦਾ ਸੀ ਕਈ ਵਾਰ ਪੁਲਿਸ ਦੇ ਵੱਡੇ ਅਫ਼ਸਰਾਂ ਨੂੰ ਜਾ ਕੇ ਸਮੱਗਲਰਾਂ ਦੇ ਨਾਮ ਵੀ ਦੱਸੇ ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ ਤੇ ਆਖਰ ਚਿੱਟੇ ਰੰਗ ਨੇ ਸਾਡਾ ਭਵਿੱਖ ਕਾਲਾ ਕਰ ਦਿੱਤਾ ।ਗਗਨਦੀਪ ਦੀ ਮਾਤਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਬਰਨਾਲਾ ਦੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਵਿਖੇ ਇਲਾਜ ਕਰਵਾ ਰਿਹਾ ਸੀ ਅਤੇ ਮੌਤ ਵਾਲੇ ਦਿਨ ਹੀ ਘਰ ਆਇਆ ਸੀ ਘਰ ਆ ਕੇ ਇੱਕ ਕਮਰੇ ਚ ਉਸ ਨੇ ਨਸ਼ੇ ਦੀ ਡੋਜ਼ ਲਈ ਪ੍ਰੰਤੂ ਓਵਰਡੋਜ਼ ਉਸ ਦੀ ਮੌਤ ਦਾ ਕਾਰਨ ਬਣ ਗਈ ਗਗਨਦੀਪ ਦੀ ਮੌਤ ਤੋਂ ਬਾਅਦ ਚੀਕ ਚਿਹਾੜਾ ਸੁਣ ਕੇ ਉਨ੍ਹਾਂ ਦੇ ਘਰ ਗਏ ਲੋਕਾਂ ਨੇ ਦੱਸਿਆ ਕਿ ਸਰਿੰਜ ਗਗਨਦੀਪ ਦੀ ਬਾਂਹ ਚ ਹੀ ਲੱਗੀ ਹੋਈ ਸੀ । ਨਸ਼ੇ ਦੀ ਦਲਦਲ ਵਿੱਚੋਂ ਗਗਨਦੀਪ ਸਿੰਘ ਨੂੰ ਬਾਹਰ ਕੱਢਣ ਲਈ ਮਾਪਿਆਂ ਨੇ ਉਸ ਨੂੰ ਤਿੰਨ ਚਾਰ ਵਾਰ ਵਿਦੇਸ਼ ਵੀ ਭੇਜਿਆ ਪਰ ਉਹ ਕੁਝ ਦਿਨਾਂ ਬਾਅਦ ਹੀ ਵਾਪਸ ਮੁੜ ਆਉਂਦਾ ਸੀ ਗਗਨਦੀਪ ਦੀ ਜ਼ਿੰਦਗੀ ਨੂੰ ਨਵਾਂ ਰੰਗ ਦੇਣ ਲਈ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਪ੍ਰੰਤੂ ਨਸ਼ੇ ਦੀ ਆਦਤ ਨੇ ਉਸ ਦਾ ਵਿਆਹੁਤਾ ਜੀਵਨ ਵੀ ਬਰਬਾਦ ਕਰ ਦਿੱਤਾ ਅਤੇ ਕੁਝ ਮਹੀਨਿਆਂ ਬਾਅਦ ਹੀ ਉਸ ਦਾ ਤਲਾਕ ਹੋ ਗਿਆ ਇਲੈਕਟ੍ਰੀਕਲ ਇੰਜੀਨੀਅਰਿੰਗ ਹੋਲਡਰ ਗਗਨਦੀਪ ਖ਼ੁਦ ਇੱਕ ਵਧੀਆ ਲੇਖਕ ਅਤੇ ਗਾਇਕ ਵੀ ਸੀ ਉਸ ਦੇ ਆਪਣੇ ਲਿਖੇ ਅਤੇ ਗਾਏ ਗੀਤਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।ਗਾਇਕੀ ਦੇ ਖੇਤਰ ਵਿੱਚ ਉਸ ਦਾ ਨਾਮ ਰਾਂਝਾ ਸੀ । ਪੰਜਾਬ ਦੀ ਸੁਪਰਹਿੱਟ ਗਾਇਕਾ ਗੁਰਲੇਜ਼ ਅਖਤਰ ਨਾਲ ਵੀ ਉਸ ਦੇ ਸਿੰਗਲ ਟਰੈਕ ਰਿਲੀਜ਼ ਹੋਏ ਜਿਸ ਨਾਲ ਗਾਇਕੀ ਦੇ ਖੇਤਰ ਵਿੱਚ ਉਸ ਦੀ ਪਹਿਚਾਣ ਬਣੀ ਕੁਝ ਸਮਾਂ ਪਹਿਲਾਂ ਹੀ ਗਗਨਦੀਪ ਸਿੰਘ ਨੇ ਚਿੱਟੇ ਨਸ਼ੇ ਨਾਲ ਮਰੇ ਇੱਕ ਨੌਜਵਾਨ ਦੀ ਮੌਤ ਨੂੰ ਵਿਸ਼ਾ ਬਣਾ ਕੇ ਇੱਕ ਸਿੰਗਲ ਟਰੈਕ ਰਿਲੀਜ਼ ਕੀਤਾ ਸੀ ਇਸ ਨੂੰ ਦਰਦਨਾਕ ਇਤਫਾਕ ਹੀ ਮੰਨਿਆ ਜਾ ਸਕਦਾ ਹੈ ਕਿ ਇਸ ਗੀਤ ਚਿੱਟੇ ਦੀ ਲਾਈਨ ਦੇ ਬੋਲ ਹੁੂਬਹੁੂ ਗਗਨਦੀਪ ਵੀ ਹੋਣੀ ਬਣ ਗਏ। ਮਹਿਲ ਕਲਾਂ ਪਿੰਡ ਵਿੱਚ ਨਸ਼ੇ ਨਾਲ ਇਹ ਕੋਈ ਪਹਿਲੀ ਮੌਤ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਕਰੀਬ 10 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਪ੍ਰੰਤੂ ਗਗਨਦੀਪ ਸਿੰਘ ਦੀ ਮੌਤ ਚਰਚਾ ਦਾ ਵਿਸ਼ਾ ਇਸ ਕਰਕੇ ਵੀ ਬਣੀ ਕਿਉਂਕਿ ਉਸ ਦੇ ਮਾਪੇ ਕਾਫ਼ੀ ਸਮਾਂ ਪਹਿਲਾਂ ਹੀ ਥਾਣੇ ਜਾ ਕੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਦੱਸਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਗਗਨਦੀਪ ਦੇ ਘਰ ਦੇ ਵਿਹੜੇ ‘ਚ ਸੱਥਰ ‘ਤੇ ਬੈਠਾ ਉਸ ਦਾ ਪਿਤਾ ਅੱਜ ਵੀ ਚੀਕ ਚੀਕ ਆਖ ਰਿਹਾ ਕਿ ਮਹਿਰ ਕਲਾਂ ‘ਚ ਚਿੱਟਾ ਸ਼ਰੇਆਮ ਸ਼ਰੇਆਮ ਵਿਕਦਾ ਹੈ।ਨਸ਼ਾ ਤਸਕਰ ਆਰਥਿਕ ਪੱਖੋਂ ਤਕੜੇ ਘਰਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਪਹਿਲਾਂ ਮੁਫਤ ਨਸ਼ਾ ਦੇ ਕੇ ਆਦਤ ਪਾਈ ਜਾਂਦੀ ਹੈ ਤੇ ਫਿਰ ਮੋਟੀਆਂ ਰਕਮਾਂ ਬਟੋਰੀਆਂ ਜਾਂਦੀਆਂ ਹਨ । ਪੰਜਾਬ ਡੁੱਬਣ ਦੀ ਕਗਾਰ ‘ਤੇ ਹੈ। ਕੁਝ ਕਰਜ਼ੇ ਦੇ ਭਾਰ ਹੇਠ ਦਬ ਕੇ ਫਾਹੇ ਲੈ ਰਹੇ ਹਨ ਅਤੇ ਆਰਥਿਕ ਪੱਖੋਂ ਚੰਗੇ ਘਰਾਂ ਦੀ ਔਲਾਦ ਮਾਪਿਆਂ ਦੀ ਬੁੱਕਲ ਤੋਂ ਬਾਹਰ ਹੋ ਕੇ ਸੂਈਆਂ ਸਰਿੰਜਾਂ ਦੀ ਸ਼ਿਕਾਰ ਹੋ ਰਹੀ ਹੈ। ਕੀ ਬਣੂੰ ਤੇਰਾ ਪੰਜਾਬ ਸਿੰਹਾਂ…!

Real Estate