ਗੁਰਜੰਟ ਸਿੰਘ ਬਰਨਾਲਾ ਦੀ ਪੁਸਤਕ ‘ਇਸ਼ਕ ਬੰਦਗੀ ਹੈ’ (ਕਿੱਸਾ ਰਾਂਝਾ ਹੀਰ) ਰਿਲੀਜ਼ ਕੀਤੀ

267

ਬਰਨਾਲਾ, 28 ਜੂਨ (ਜਗਸੀਰ ਸਿੰਘ ਸੰਧੂ) : ਸਾਹਿਤ ਚਰਚਾ ਮੰਚ ਬਰਨਾਲਾ ਵਲੋਂ ਪੰਜਾਬੀ ਸ਼ਾਇਰ ਗੁਰਜੰਟ ਸਿੰਘ ਬਰਨਾਲਾ ਦਾ ਲਿਖਿਆ ਮਹਾਂ ਕਾਵਿ ‘ਇਸ਼ਕ ਬੰਦਗੀ ਹੈ (ਕਿੱਸਾ ਰਾਂਝਾ ਹੀਰ) ਦਾ ਲੋਕ ਅਰਪਣ ਸਾਬਕਾ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਮੌਕੇ ਕਵੀ ਅਤੇ ਸੰਤ ਘੁੰਨਸ ਨੇ ਕਿਹਾ ਕਿ ਗੁਰਜੰਟ ਸਿੰਘ ਬਰਨਾਲਾ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਸ਼ਕ ਅਤੇ ਬੰਦਗੀ ਦਾ ਸਮਤੋਲ ਬਣਾ ਕੇ ਹੀਰ ਰਾਂਝੇ ਦਾ ਇਹ ਮਹਾਂ ਕਾਵਿ ਰਚਿਆ ਹੈ। ਇਹ ਪੁਰਾਤਨ ਕਥਾ ਨੂੰ ਪੰਜਾਬੀ ਮਲਵਈ ਮੁਹਾਵਰੇ ਵਿਚ ਪੇਸ਼ ਕਰਨ ਦਾ ਨਿਵੇਕਲਾ ਯਤਨ ਕਰਕੇ ਲੇਖਕ ਵਧਾਈ ਦਾ ਪਾਤਰ ਹੈ। ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਬਰਨਾਲੇ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਵਿਰਾਸਤੀ ਲੋਕ ਸਾਹਿਤ ਨੂੰ ਨਵੇਂ ਪਰਿਪੇਖ ਵਿਚ ਲਿਖਕੇ ਨਵੀਂ ਪਿਰਤ ਪਾਈ ਹੈ। ਸਰਬਾਂਗੀ ਲੇਖਕ ਬੂਟਾ ਸਿੰਘ ਚੌਹਾਨ ਅਤੇ ਡਾ: ਸੁਰਿੰਦਰ ਭੱਠਲ ਨੇ ਬੋਲਦਿਆਂ ਆਖਿਆ ਕਿ ਸ਼ਾਇਰ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਰਚਨਾ ਦਾ ਪੰਜਾਬੀ ਛੰਦਾਬੰਦੀ ‘ਚ ਅਨੁਵਾਦ ਕਰਕੇ ਹੁਣ ਹੀਰ ਵਾਰਿਸ ਸ਼ਾਹ ਦੇ ਕਿੱਸੇ ਨੂੰ ਲਿਖਕੇ ਨਵੀਂ ਪੀੜੀ ਨੂੰ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ ਹੈ। ਤੇਜਾ ਸਿੰਘ ਤਿਲਕ, ਕਹਾਣੀਕਾਰ ਭੋਲਾ ਸਿੰਘ ਸੰਘੇੜਾ ਤੇ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਗੁਰਜੰਟ ਸਿੰਘ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਆਮ ਪਾਠਕ ਦੀ ਸਮਝ ਆਉਣ ਵਾਲੀ ਹੈ। ਮੰਚ ਸੰਚਾਲਨ ਕਰਦੇ ਹੋਏ ਡਾ: ਭੁਪਿੰਦਰ ਸਿੰਘ ਬੇਦੀ ਤੇ ਮੇਜਰ ਸਿੰਘ ਸਹੌਰ ਨੇ ਕਿਹਾ ਕਿ ਇਕਵੀ ਸਦੀ ‘ਚ ਰਚਿਆ ਹੀਰ ਰਾਂਝੇ ਦਾ ਮਹਾਂ ਕਾਵਿ ਮਲਵਈ ਭਾਸ਼ਾ ਦਾ ਪਹਿਲਾ ਕਿੱਸਾ ਹੋਵੇਗਾ ਜਿਸਦਾ ਸੁਆਗਤ ਕਰਨਾ ਬਣਦਾ ਹੈ । ਪੁਸਤਕ ਦੇ ਲੇਖਕ ਗੁਰਜੰਟ ਸਿੰਘ ਨੇ ਕਿਹਾ ਕਿ ਵੀਹ ਮਹੀਨੇ ਪਤਾ ਨਹੀਂ ਲੱਗਿਆ ਕਿਵੇਂ ਪ੍ਰਮਾਤਮਾਂ ਨੇ ਮੇਰੇ ਪਾਸੋਂ ਲਿਖਵਾਈ ਹੈ। ਮੈਂ ਆਏ ਹੋਏ ਸਾਰੇ ਲੇਖਕਾਂ ‘ਤੇ ਖਾਸ ਕਰ ਸੰਤ ਘੁੰਨਸ ਦਾ ਤਹਿ ਦਿਲੋਂ ਧੰਨਵਾਦੀ ਹਾਂ । ਇਸ ਮੌਕੇ ਮਾਸਟਰ ਮਨੋਹਰ ਲਾਲ, ਜਸਵੰਤ ਸਿੰਘ, ਮੋਹਨਦੀਪ ਸਿੰਘ ਸਿੱਧੂ, ਜਰਨੈਲ ਸਿੰਘ ਸਿੱਧੂ, ਗੁਰਮੀਤ ਸਿੰਘ, ਬਲਜਿੰਦਰ ਸਿੰਘ ਹੋਰਾਂ ਨੇ ਹਾਜ਼ਰੀ ਲਵਾਈ। ਹਾਜ਼ਰ ਲੇਖਕਾਂ ਨੇ ਪੰਜਾਬੀ ਭਾਸ਼ਾ ਦੇ ਮੁੱਦਈ ਲਹਿੰਦੇ ਪੰਜਾਬ ਦੇ ਲੇਖਕ ਆਮੀਨ ਮਲਿਕ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ । ਇਹ ਸਮਾਗਮ ਕੁਦਰਤ ਦੀ ਗੋਦ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂਵਾਲਾ ਰੋਡ, ਬਰੋਟੇ ਹੇਠ ਮੰਜਿਆਂ ਤੇ ਬੈਠ, ਪੰਜਾਬੀ ਵਿਰਸੇ ਦੀ ਤਰਜਮਾਨੀ ਕਰਦਾ ਨਿਵੇਕਲਾ ਪ੍ਰਭਾਵ ਪਾ ਰਿਹਾ ਸੀ।

Real Estate