ਕਰਨ ਅਵਤਾਰ ਸਿੰਘ ਦੀ ਥਾਂ ਵਿਨੀ ਮਹਾਜਨ ਨੇ ਸੰਭਾਲਿਆ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਜੋਂ ਅਹੁਦਾ

335

ਡੀ.ਜੀ.ਪੀ ਦਿਨਕਰ ਗੁਪਤਾ ਦੀ ਜੀਵਨ ਸਾਥਣ ਵਿਨੀ ਮਹਾਜਨ ਬਣੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ
ਕੈਪਟਨ ਵੱਲੋਂ ਇੱਕੋ ਪਰਵਾਰ ਨੂੰ ਦੋ ਮੁੱਖ ਸਕਤੀਸ਼ਾਲੀ ਆਹੁਦੇ ਦੇਣਾ ਚਰਚਾ ਦਾ ਵਿਸ਼ਾ ਬਣੇ
ਚੰਡੀਗੜ੍ਹ, 26 ਜੂਨ (ਜਗਸੀਰ ਸਿੰਘ ਸੰਧੂ) : ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। 1987 ਬੈਚ ਦੀ ਆਈ.ਏ.ਐਸ ਅਧਿਕਾਰੀ ਵਿਨੀ ਮਹਾਜਨ ਨੂੰ ਇਸ ਵੱਕਾਰੀ ਅਹੁਦੇ ‘ਤੇ ਕਰਨ ਅਵਤਾਰ ਸਿੰਘ ਦੀ ਥਾਂ ਲਾਇਆ ਗਿਆ ਹੈ। । ਉਧਰ ਕਰਨ ਅਵਤਾਰ ਸਿੰਘ ਨੇ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਅਹੁਦਾ ਸੰਭਾਲ ਲਿਆ।ਜਿਕਰਯੋਗ ਹੈ ਕਿ ਵਿਨੀ ਮਹਾਜਨ ਦੇ ਪਤੀ ਦਿਨਕਰ ਗੁਪਤਾ ਇਸ ਸਮੇਂ ਪੰਜਾਬ ਪੁਲਸ ਦੇ ਮੁੱਖੀ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕੋ ਪਰਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੁੱਖ ਸ਼ਕਤੀਸ਼ਾਲੀ ਆਹੁਦੇ ਦੇਣ ਉਪਰੰਤ ਪੰਜਾਬ ਦੀ ਸਿਆਸਤ ਵਿੱਚ ਨਵੀਂ ਤਰਾਂ ਦਾ ਚਰਚਾ ਵੀ ਸੁਰੂ ਹੋ ਗਈ ਹੈ।
ਵਿਨੀ ਮਹਾਜਨ ਸੂਬੇ ਵਿੱਚੋਂ ਇਕੋ-ਇਕ ਪੰਜਾਬ ਕਾਡਰ ਦੇ ਮੌਜੂਦਾ ਅਫਸਰ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵਿੱਚ ਬਤੌਰ ਸਕੱਤਰ ਵਜੋਂ ਅਪੈਨਲ ਕੀਤਾ ਗਿਆ। ਉਹ ਹੁਣ ਤੱਕ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਵਣਜ, ਸੂਚਨਾ ਤਕਨਾਲੋਜੀ ਤੇ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤ ਨਿਵਾਰਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਸੂਬੇ ਵਿੱਚ ਅਣਕਿਆਸੇ ਕੋਵਿਡ ਸੰਕਟ ਦੌਰਾਨ ਬਤੌਰ ਚੇਅਰਪਰਸਨ ਸਿਹਤ ਸੈਕਟਰ ਰਿਸਪਾਂਸ ਅਤੇ ਪ੍ਰਕਿਊਰਮੈਂਟ ਕਮੇਟੀ ਵਜੋਂ ਅਹਿਮ ਭੂਮਿਕਾ ਨਿਭਾਈ।
ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀ ਰਾਮ ਕਾਲਜ ‘ਚੋਂ ਅਰਥ ਸ਼ਾਸਤਰ ਵਿੱਚ ਗਰੈਜੂਏਸ਼ਨ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਕਲਕੱਤਾ ਤੋਂ ਪੋਸਟ ਗਰੈਜੂਏਸ਼ਨ ਪਾਸ ਕਰਨ ਲਈ ਉਨ੍ਹਾਂ ਨੇ ਰੋਲ ਆਫ ਆਨਰ ਅਤੇ ਨਾਮਵਰ ਐਲੂਮਨਸ ਐਵਾਰਡ ਹਾਸਲ ਕੀਤਾ। ਵਿਨੀ ਮਹਾਜਨ ਨੇ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਣਜ ਦੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿੱਚ ਹਰੇਕ ਸਾਲ 20,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਵਾਉਣ ਵਿੱਚ ਸੁਚਾਰੂ ਭੂਮਿਕਾ ਨਿਭਾਈ।
ਗੌਰਤਲਬ ਹੈ ਕਿ ਉਨ੍ਹਾਂ ਨੇ ਇਸ ਵਿਭਾਗ ਦੇ ਉਚ ਅਹੁਦੇ ਉਤੇ ਸਰਪ੍ਰਸਤੀ ਕਰਦਿਆਂ ਸਾਲ 2019 ਵਿੱਚ ਡਾਵੋਸ ਵਿਖੇ ਹੋਏ ਵਿਸ਼ਵ ਆਰਥਿਕ ਫੋਰਮ ਵਿੱਚ ਪੰਜਾਬ ਦੀ ਪਹਿਲੀ ਵਾਰ ਸ਼ਮੂਲੀਅਤ ਕਰਵਾਈ। ਇਸ ਤੋਂ ਇਲਾਵਾ ਦਸੰਬਰ 2019 ਵਿੱਚ ਐਮ.ਐਸ.ਐਮ.ਈਜ਼ ਉਤੇ ਕੇਂਦਰਿਤ ਸ਼ਾਨਦਾਰ ਉਚ ਪੱਧਰੀ ਨਿਵੇਸ਼ ਸੰਮੇਲਨ ਕਰਵਾਇਆ।
ਉਨ੍ਹਾਂ ਦੀ ਅਗਵਾਈ ਹੇਠ ਵਿਭਾਗ ਨੇ ਫੋਕਲ ਪੁਆਇੰਟਾਂ ਦੇ ਢਾਂਚੇ ਵਿੱਚ ਵੱਡਾ ਸੁਧਾਰ ਕੀਤਾ ਅਤੇ ਨਵੇਂ ਮੈਗਾ ਉਦਯੋਗਿਕ ਪਾਰਕ ਹੋਂਦ ਵਿੱਚ ਲਿਆਂਦੇ। ਨਵੇਂ ਸਟਾਰਟ ਅੱਪ ਨੂੰ ਉਤਸ਼ਾਹਤ ਅਤੇ ਉਨ੍ਹਾਂ ਦੀ ਰਹਿਬਰੀ ਕਰਨ ਹਿੱਤ ਸੈਂਟਰ ਆਫ ਐਕਸੀਲੈਂਸ ਅਤੇ ਕਈ ਇਨਕਿਊਬੇਟਰਜ਼ ਸ਼ੁਰੂ ਕੀਤੇ। ਹਾਲ ਹੀ ਵਿੱਚ ਉਨ੍ਹਾਂ ਦੀਆਂ ਵੱਡਮੁੱਲੀਆਂ ਕੋਸ਼ਿਸ਼ਾਂ ਸਦਕਾ ਪ੍ਰਸ਼ਾਸਕੀ ਸੁਧਾਰਾਂ ਵਜੋਂ ਪੂਰਨ ਤੌਰ ‘ਤੇ ਨਵੀਂ ਜਨਤਕ ਸ਼ਿਕਾਇਨ ਨਿਵਾਰਨ ਨੀਤੀ ਲਾਗੂ ਕੀਤੀ ਗਈ।
ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਸ਼ਹਿਰੀ ਤੇ ਮਕਾਨ ਉਸਾਰੀ ਵਜੋਂ ਮੁਹਾਲੀ ਹਵਾਈ ਅੱਡੇ ਨੇੜੇ 5000 ਏਕੜ ਦੀ ਨਵੀਂ ਟਾਊਨਸ਼ਿਪ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਮਾਲ ਵਜੋਂ ਪੰਜਾਬ ਨੂੰ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕਰਨ ਲਈ ਦੇਸ਼ ਦਾ ਪਹਿਲਾ ਸੂਬਾ ਬਣਾਇਆ। ਵਿਨੀ ਮਹਾਜਨ ਨੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ 2005 ਤੋਂ 2012 ਤੱਕ ਪ੍ਰਧਾਨ ਮੰਤਰੀ ਦਫਤਰ ਵਿਖੇ ਸੇਵਾਵਾਂ ਨਿਭਾਉਂਦਿਆਂ ਵਿੱਤ, ਉਦਯੋਗ ਤੇ ਵਣਜ, ਟੈਲੀਕਾਮ, ਸੂਚਨਾ ਤਕਨਾਲੋਜੀ ਆਦਿ ਮਾਮਲਿਆਂ ਨੂੰ ਨਿਪੁੰਨਤਾ ਨਾਲ ਨਜਿੱਠਿਆ। ਆਲਮੀ ਮੰਦੀ ਸਮੇਂ ਉਹ ਭਾਰਤ ਦੀ ਘਰੇਲੂ ਰਿਸਪਾਂਸ ਬਾਰੇ ਕੇਂਦਰ ਸਰਕਾਰ ਦੀ ਕੋਰ ਟੀਮ ਦਾ ਹਿੱਸਾ ਰਹੇ ਅਤੇ ਜੀ-20 ਸੰਮੇਲਨ ਵਿੱਚ ਵੀ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ 2004-05 ਵਿੱਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਵਜੋਂ ਉਨ੍ਹਾਂ ਭਾਰਤ ਦੇ ਬਾਹਰੀ ਸਹਾਇਤਾ ਪ੍ਰੋਗਰਾਮਾਂ ਅਤੇ ਬੁਨਿਆਦੀ ਢਾਂਚੇ ਦੇ ਮਾਮਲਿਆਂ ਵਿੱਚ ਇਕ ਨੁਮਾਇਆ ਰੋਲ ਅਦਾ ਕੀਤਾ।
ਵਿਨੀ ਮਹਾਜਨ ਨੇ ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਜਿਨ੍ਹਾਂ ਵਿੱਚ ਪੀ.ਆਈ.ਡੀ.ਬੀ. ਦੇ ਐਮ.ਡੀ. ਅਤੇ ਪਹਿਲੇ ਡਾਇਰੈਕਟਰ ਅੱਪਨਿਵੇਸ਼ ਸ਼ਾਮਲ ਹਨ। ਉਹ 1997 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨਿਯੁਕਤ ਹੋਏ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ ਦੀ ਸੀ.ਈ.ਓ. ਵਜੋਂ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ ਤੀਜੀ ਜਨਮ ਸ਼ਤਾਬਦੀ ਦੇ ਜਸ਼ਨਾਂ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਜਸ਼ਨਾਂ ਲਈ ਬਣਾਈ ਕਮੇਟੀ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾਈਆਂ।
1995 ਵਿੱਚ ਜਦੋਂ ਉਨ੍ਹਾਂ ਰੋਪੜ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤਾਂ ਉਹ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਣ ਵਾਲੇ ਪਹਿਲੇ ਮਹਿਲਾ ਅਫਸਰ ਬਣੇ। ਉਸ ਵੇਲੇ ਉਨ੍ਹਾਂ ਸਾਖਰਤਾ ਮੁਹਿੰਮ ਵਿੱਚ ਪ੍ਰਭਾਵਸ਼ਾਲੀ ਰੋਲ ਨਿਭਾਉਂਦਿਆਂ ਰੋਪੜ ਜ਼ਿਲੇ ਨੂੰ ਦੇਸ਼ ਭਰ ਵਿੱਚ ਬਿਹਤਰ ਪ੍ਰਦਰਸ਼ਨ ਲਈ ‘ਕੌਮੀ ਸਾਖਰਤਾ ਐਵਾਰਡ’ ਦਿਵਾਇਆ।
ਵਿਨੀ ਮਹਾਜਨ ਨੂੰ ਬਹੁਤ ਸਾਰੇ ਅਕਾਦਮਿਕ ਐਵਾਰਡ ਮਿਲੇ ਜਿਨ੍ਹਾਂ ਵਿੱਚ ਕੌਮੀ ਹੁਨਰ ਖੋਜ ਸਕਾਲਰਸ਼ਿਪ ਸ਼ਾਮਲ ਹੈ। ਉਹ 2000-01 ਵਿੱਚ ਅਮਰੀਕਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ. ਦੀ ਹਿਊਬਰਟ ਹੰਫਰੀ ਫੈਲੋ ਰਹੇ। ਉਹ ਦੇਸ਼ ਦੀ ਇਕਲੌਤੀ ਵਿਦਿਆਰਥੀ ਹੋ ਸਕਦੀ ਹੈ ਜਿਸ ਨੇ 1982 ਵਿੱਚ ਆਈ.ਆਈ.ਟੀ. ਅਤੇ ਏਮਜ਼ ਦਿੱਲੀ ਦੋਵਾਂ ਵਿਖੇ ਦਾਖਲਾ ਲਿਆ ਸੀ ਜਦੋਂ ਉਨ੍ਹਾਂ ਮਾਡਰਨ ਸਕੂਲ ਨਵੀਂ ਦਿੱਲੀ ਤੋਂ ਬਾਰ੍ਹਵੀਂ ਪਾਸ ਕੀਤੀ ਸੀ।
ਉਨ੍ਹਾਂ ਦੇ ਪਿਤਾ ਸ੍ਰੀ ਬੀ.ਬੀ.ਮਹਾਜਨ ਜੋ ਪੰਜਾਬ ਕਾਡਰ ਦੇ ਆਈ.ਏ.ਐਸ. ਅਫਸਰ ਸਨ, 1957 ਬੈਚ ਦੇ ਟਾਪਰ ਸਨ। ਸ੍ਰੀ ਮਹਾਜਨ ਇਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਭਾਰਤ ਸਰਕਾਰ ਵਿੱਚ ਸਕੱਤਰ ਖੁਰਾਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਵਿੱਤ ਕਮਿਸ਼ਨਰ ਮਾਲ ਸਣੇ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ।

Real Estate