ਪੋਸਟਮਾਰਟਮ ਦੇ ਵਿਵਾਦ ਕਾਰਨ ਤਿੰਨ ਦਿਨ ਰੁਲ਼ੀ ਗਰੀਬ ਕਿਸਾਨ ਦੀ ਲਾਸ਼

243

ਲੋਕਾਂ ਵੱਲੋਂ ਚੁੱਕੀ ਲਾਸ਼ ਪੁਲਸ ਨੇ ਮੁੜ ਮੋਰਚਰੀ ‘ਚ ਰੱਖੀ, ਪੋਸਟਮਾਰਟਮ ਤੋਂ ਬਾਅਦ ਤੀਜੇ ਦਿਨ ਹੋਇਆ ਸ਼ਸ਼ਕਾਰ
ਐਸ.ਐਮ.ਓ ਨੂੰ ਬੰਦੀ ਬਣਾਉਣ ਲੋਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਡਾਕਟਰਾਂ ਦਾ ਧਰਨਾ ਜਾਰੀ
ਬਰਨਾਲਾ, 25 ਜੂਨ (ਜਗਸੀਰ ਸਿੰਘ ਸੰਧੂ) : ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਲਾਸ਼ ਦੀ ਅੱਜ ਤੀਸਰੇ ਦਿਨ ਵੀ ਪੋਸਟਮਾਰਟਮ ਨੂੰ ਉਡੀਕਦੀ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰੁਲਦੀ ਰਹੀ, ਜਦੋਂਕਿ ਇਸ ਪੋਸਟਮਾਰਟਮ ਕਾਰਨ ਉਠੇ ਵਿਵਾਦ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਸਾਰੇ ਡਾਕਟਰ ਧਰਨੇ ‘ਤੇ ਬੈਠ ਰਹੇ । ਘਟਨਾ ਦੀ ਜਾਣਕਾਰੀ ਮੁਤਾਬਿਕ 23 ਜੂਨ ਸ਼ਾਮ ਨੂੰ ਸੰਧੂ ਪੱਤੀ ਬਰਨਾਲਾ ਦੇ ਵਸਨੀਕ ਕਿਸਾਨ ਬਲਵਿੰਦਰ ਸਿੰਘ ਰਾਜੂ ਦੀ ਮੌਤ ਹੋ ਗਈ। ਉਸਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤੀ ਗਈ, ਪਰ 24 ਜੂਨ ਨੂੰ ਜਦੋਂ ਸਾਰਾ ਦਿਨ ਬੀਤ ਜਾਣ ‘ਤੇ ਵੀ ਲਾਸ਼ ਦਾ ਪੋਸਟਮਾਰਟਮ ਨਾ ਕੀਤਾ ਗਿਆ ਤਾਂ ਮ੍ਰਿਤਕ ਕਿਸਾਨ ਦੇ ਪ੍ਰਵਾਰਿਕ ਮੈਂਬਰਾਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਬਰਨਾਲਾ ਦੇ ਗੇਟ ‘ਤੇ ਧਰਨਾ ਦਿੱਤਾ ਗਿਆ ਅਤੇ ਫਿਰ ਐਸ .ਐਮ.ਓ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਦਰਮਿਆਨ ਐਸ.ਐਮ.ਓ ਤਪਿੰਦਰਜੋਤ ਕੌਂਸਲ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਮ੍ਰਿਤਕ ਕਿਸਾਨ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ, ਇਸ ਲਈ ਪੋਸਟਮਾਰਟਮ ਫੋਰੈਂਸਿਕ ਟੀਮ ਵੱਲੋਂ ਕੀਤਾ ਜਾਵੇਗਾ, ਜੋ ਬਰਨਾਲਾ ਸਿਵਲ ਹਸਪਤਾਲ ਵਿੱਚ ਮੌਜੂਦ ਨਹੀਂ ਹੈ। ਉਹਨਾਂ ਨੇ ਸੰਗਰੂਰ ਅਤੇ ਪਟਿਆਲਾ ਤੋਂ ਫੋਰੈਂਸਿਕ ਟੀਮ ਦੀ ਮੰਗ ਕੀਤੀ ਹੈ, ਜਦੋਂ ਹੀ ਫੋਰੈਂਸਿਕ ਟੀਮ ਆ ਜਾਵੇਗੀ ਤਾਂ ਪੋਸਟਮਾਰਟਮ ਕਰ ਦਿੱਤਾ ਜਾਵੇਗਾ, ਜਦਕਿ ਨਿਯਮਾਂ ਅਨੁਸਾਰ ਬਿਨਾਂ ਪੋਸਟਮਾਰਟਮ ਕੀਤਿਆਂ ਉਹ ਲਾਸ਼ ਵਾਰਸਾਂ ਨੂੰ ਨਹੀਂ ਸੌਂਪ ਸਕਦੇ। ਇਸ ਉਪਰੰਤ ਮ੍ਰਿਤਕ ਕਿਸਾਨ ਦੇ ਪਰਵਾਰਿਕ ਮੈਂਬਰਾਂ ਨੇ 24 ਜੂਨ ਦੇਰ ਰਾਤ ਨੂੰ ਮੋਰਚਰੀ ਦਾ ਜਿੰਦਾ ਤੋੜ ਕੇ ਉਸ ਵਿੱਚੋਂ ਮ੍ਰਿਤਕ ਕਿਸਾਨ ਦੀ ਲਾਸ਼ ਕੱਢ ਲਈ ਅਤੇ ਆਪਣੇ ਘਰ ਲੈ ਗਏ। ਕਮਾਲ ਦੀ ਗੱਲ ਇਹ ਰਹੀ ਕਿ ਜਦੋਂ ਮ੍ਰਿਤਕ ਕਿਸਾਨ ਦੇ ਪਰਵਾਰਿਕ ਮੈਂਬਰਾਂ ਵੱਲੋਂ ਐਸ.ਐਮ.ਓ ਦਫਤਰ ਦਾ ਘਿਰਾਓ ਕਰਕੇ ਉਥੇ ਕੁਝ ਡਾਕਟਰਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਜਦੋਂ ਮੋਰਚਰੀ ਦਾ ਜਿੰਦਾ ਤੋੜ ਕੇ ਲਾਸ਼ ਕੱਢੀ ਗਈ ਤਾਂ ਉਸ ਸਮੇਂ ਡੀ.ਐਸ.ਪੀ ਬਰਨਾਲਾ ਦੀ ਹਾਜਰੀ ਵਿੱਚ ਤੈਨਾਤ ਪੁਲਸ ਫੋਰਸ ਮੂਕ ਦਰਸਕ ਬਣੀ ਰਹੀ। ਇਸ ਤੋਂ ਬਾਅਦ ਦੇਰ ਰਾਤ ਨੂੰ ਪੁਲਸ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਨੂੰ ਕਿਸੇ ਤਰ•ਾਂ ਸਮਝਾ ਬੁਝਾ ਕੇ ਲਾਸ ਦੁਬਾਰਾ ਲਿਆ ਕੇ ਮੋਰਚਰੀ ਵਿੱਚ ਰੱਖ ਦਿੱਤੀ। ਅੱਜ ਭਾਵ 25 ਜੂਨ ਨੂੰ ਸਵੇਰੇ ਸਿਵਲ ਹਸਪਤਾਲ ਬਰਨਾਲਾ ਦੇ ਸਾਰੇ ਡਾਕਟਰ ਆਪਣਾ ਕੰਮ ਛੱਡ ਕੇ ਧਰਨੇ ‘ਤੇ ਬੈਠ ਗਏ ਅਤੇ ਮੰਗ ਕਰਨ ਲੱਗੇ ਕਿ 24 ਜੂਨ ਨੂੰ ਪੁਲਸ ਦੀ ਹਾਜਰੀ ਵਿੱਚ ਡਾਕਟਰਾਂ ਨੂੰ ਬੰਦੀ ਬਣਾ ਕੇ ਰੱਖਣ ਵਾਲਿਆਂ ‘ਤੇ ਪਹਿਲਾਂ ਪਰਚਾ ਦਰਜ ਕੀਤਾ ਜਾਵੇ, ਉਸ ਤੋਂ ਬਾਅਦ ਹੀ ਡਾਕਟਰ ਆਪਣੀਆਂ ਸੇਵਾਵਾਂ ਸੁਰੂ ਕਰਨਗੇ। ਡਾਕਟਰਾਂ ਵੱਲੋਂ ਮੌਕੇ ‘ਤੇ ਮੌਜੂਦ ਡੀ.ਐਸ.ਪੀ ਬਰਨਾਲਾ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਾਰਾ ਦਿਨ ਨਾਅਰੇਬਾਜੀ ਕੀਤੀ ਜਾਂਦੀ ਰਹੀ। ਇਸ ਦੌਰਾਨ ਸੀ.ਐਮ.ਓ ਗੁਰਿੰਦਰਬੀਰ ਸਿੰਘ ਅਤੇ ਕੁਝ ਪੁਲਸ ਅਧਿਕਾਰੀਆਂ ਨੇ ਵੀ ਧਰਨਾਕਾਰੀ ਡਾਕਟਰਾਂ ਨੂੰ ਮਨਾਉਣ ਦੀ ਕੋਸ਼ਿਸ ਕੀਤੀ, ਪਰ ਡਾਕਟਰ ਆਪਣੀਆਂ ਮੰਗਾਂ ‘ਤੇ ਅੜੇ ਰਹੇ। ਅਖੀਰ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਫੋਰੈਂਸਿਕ ਟੀਮ ਪਹੁੰਚਣ ‘ਤੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਤਾਂ ਕਰਵਾ ਦਿੱਤਾ, ਪਰ ਆਪਣਾ ਧਰਨਾ ਲਗਾਤਾਰ ਉਦੋਂ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜਦੋਂ ਤੱਕ ਡਾਕਟਰਾਂ ਨੂੰ ਬੰਦੀ ਬਣਾਉਣ ਵਾਲੇ ਫੜੇ ਨਹੀਂ ਜਾਂਦੇ। ਉਧਰ ਡੀ.ਐਸ.ਪੀ ਬਰਨਾਲਾ ਬਲਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਕਿਸਾਨ ਦੀ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਡਾਕਟਰਾਂ ਦੀ ਸਿਕਾਇਤ ‘ਤੇ ਪਰਚਾ ਦਰਜ ਕਰਕੇ ਪੁਲਸ ਵੱਲੋਂ ਡਾਕਟਰਾਂ ਨੂੰ ਬੰਦੀ ਬਣਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।

Real Estate