ਜਿਹਲਮ -ਪੰਜਾਬ ਦਾ ਪੰਜਵਾਂ ਦਰਿਆ

300

ਨਿਰਮਲ ਸਿੰਘ

ਜਿਹਲਮ – ਜਿਹਲਮ ਪੰਜਾਬ ਦਾ ਪੰਜਵਾਂ ਦਰਿਆ ਹੈ ਜਿਸ ਨੂੰ ਰਿਗਵੇਦ ਦੇ ਸਮੇਂ ਵਿਤਸਤਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਯੂਨਾਨੀਆਂ ਨੇ ਇਸ ਨੂੰ ਹਿਦਾਸਪੁਸ ਕਿਹਾ ਜੋ ਕਿ ਉਹਨਾਂ ਦੇ ਇੱਕ ਦੇਵਤਾ ਦਾ ਨਾਮ ਵੀ ਸੀ। ਕਸ਼ਮੀਰ ਵਾਦੀ ਨੂੰ ਕੁਦਰਤ ਨੇ ਬੇਸ਼ੁਮਾਰ ਨਿਆਮਤਾਂ ਬਖ਼ਸ਼ੀਆਂ ਹਨ। ਇਹਨਾਂ ਵਿੱਚੋਂ ਹੀ ਇੱਕ ਵੈਰੀਨਾਗ ਚਸ਼ਮਾ ਹੈ। ਕਸ਼ਮੀਰ ਵਾਦੀ ਦੀ ਦੱਖਣ ਪੂਰਬੀ ਨੁੱਕਰ ਵਿੱਚੋਂ ਫੁੱਟਦਾ ਵੈਰੀਨਾਗ ਚਸ਼ਮਾ ਹੀ ਉਹ ਸਰੋਤ ਹੈ ਜਿਥੋਂ ਜਿਹਲਮ ਦਾ ਜਨਮ ਹੁੰਦਾ ਹੈ। ਕੋਲੋਹੋਈ ਗਲੇਸ਼ੀਅਰ ਅਤੇ ਸ਼ੇਸਨਾਗ ਝੀਲ ਤੋਂ ਪੈਦਾ ਹੋਈ ਲਿਦਰ ਨਦੀ ਅਨੰਤਨਾਗ ਨੇੜੇ ਖਾਨਾਬਲ ਦੇ ਸਥਾਨ ਤੇ ਜਿਹਲਮ ਨਾਲ ਆ ਰਲਦੀ ਹੈ। ਇੱਥੋਂ ਸੱਪ ਵਲਾਵੇਂ ਖਾਂਦਾ ਤੇ ਧੀਮੀ ਚਾਲ ਚੱਲਦਾ ਜਿਹਲਮ ਸ੍ਰੀਨਗਰ ਵਿੱਚ ਦਾਖਲ ਹੋ ਜਾਂਦਾ ਹੈ ਜਿੱਥੇ ਡਲ ਝੀਲ ਦਾ ਵਾਧੂ ਪਾਣੀ ਜਿਹਲਮ ਨੂੰ ਮਿਲਦਾ ਹੈ ।

ਵੈਰੀਨਾਗ ਚਸ਼ਮਾ

ਸ੍ਰੀਨਗਰ ਤੋਂ 20 ਕੁ ਕਿਲੋਮੀਟਰ ਲਹਿੰਦੇ ਪਾਸੇ ਸ਼ਾਦੀਪੋਰਾ ਨਾਮਕ ਕਸਬੇ ਦੇ ਸਾਹਮਣੇ ਕਰਕੇ ਸਿੰਧ ਨਦੀ ਜਿਹਲਮ ਵਿੱਚ ਰਲਦੀ ਹੈ। ਇਹ ਸਿੰਧ ਨਦੀ ਅਮਰਨਾਥ ਗੁਫਾ ਦੇ ਪੈਰਾਂ ਕੋਲੋਂ ਚੱਲਦੀ ਹੈ। ਜੋਜੀਲਾ ਦਰੇ ਦੇ ਸਾਹਮਣੇ ਤੋਂ ਲੰਘਦੀ ਸੋਨਾਮਰਗ ਵਿੱਚੋਂ ਹੋ ਕੇ ਤੇ ਫਿਰ ਲਹਿੰਦੇ ਵੱਲ ਨੂੰ ਗੰਧਰਬਲ ਵੱਲ ਸੇਧ ਲਈ ਕੰਗਨ ਪਿੰਡ ਪਹੁੰਚਦੀ ਹੈ ਜਿੱਥੇ ਗੰਗਬਲ ਝੀਲ ਤੋਂ ਚੱਲ ਕੇ ਨਾਰਨਾਗ ਹੁੰਦੀ ਹੋਈ ਵੰਗਤ ਨਦੀ ਇਸ ਵਿੱਚ ਮਿਲਦੀ ਹੈ। ਇਹ ਸਿੰਧ ਨਦੀ ਕਸ਼ਮੀਰ ਵਾਦੀ ਦੇ ਗੰਧਰਬਲ ਜਿਲ੍ਹੇ ਵਿੱਚ ਵਗਦੀ ਜਿਹਲਮ ਦੀ ਇੱਕ ਸਹਾਇਕ ਨਦੀ ਹੈ ਅਤੇ ਜਿਸ ਸਿੰਧ ਨੂੰ Indus ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਹੋਰ ਹੈ ਅਤੇ ਉਹ ਕਸ਼ਮੀਰ ਘਾਟੀ ਵਿੱਚ ਦਾਖਲ ਨਹੀਂ ਹੁੰਦੀ । ਜਿਹਲਮ ਮਸਤ ਚਾਲ ਚਲਦਾ ਬਾਂਦੀਪੋਰਾ ਨੇੜੇ ਵੁੱਲਰ ਝੀਲ ਵਿੱਚ ਸਮਾ ਜਾਂਦਾ ਹੈ। ਵੁੱਲਰ ਝੀਲ ਏਸ਼ੀਆ ਦੀਆਂ ਦੀਆਂ ਤਾਜੇ ਪਾਣੀ ਦੀਆਂ ਸਭ ਤੋਂ ਵਿਸ਼ਾਲ ਝੀਲਾਂ ਵਿੱਚ ਸ਼ੁਮਾਰ ਹੈ। ਵੁੱਲਰ ਝੀਲ ਵਿੱਚ ਤਾਰੀਆਂ ਲਾਉਂਦਾ ਜਿਹਲਮ ਫਿਰ ਬਾਹਰ ਨਿਕਲ ਕੇ ਸੋਪੋਰ ਵੱਲ ਹੋ ਤੁਰਦਾ ਹੈ ਤੇ ਅੱਗੇ ਬਾਰਾਂਮੂਲਾ ਵਿੱਚੋਂ ਲੰਘ ਕੇ ਤੰਗ ਰਸਤੇ ਉੜੀ ਵੱਲ ਸਫਰ ਜਾਰੀ ਰੱਖਦਾ ਹੈ। ਫਿਰ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜੱਫ਼ਰਾਬਾਦ ਵਿਖੇ ਜਿਹਲਮ ਦਾ ਆਪਣੀ ਸਭ ਤੋਂ ਵੱਡੀ ਸਹਾਇਕ ਨਦੀ ਨੀਲਮ ਨਾਲ ਮੇਲ ਹੁੰਦਾ ਹੈ। ਨੀਲਮ ਨੂੰ ਕਿਸ਼ਨਗੰਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਨੀਲਮ ਦੀ ਉਤਪਤੀ ਕਸ਼ਮੀਰ ਦੇ ਗੰਧਰਬਲ ਜਿਲ੍ਹੇ ਵਿੱਚ ਸਥਿਤ ਕ੍ਰਿਸ਼ਨਸਰ ਅਤੇ ਵਿਸ਼ਨਸਰ ਝੀਲਾਂ ਤੋਂ ਹੁੰਦੀ ਹੈ। ਇੱਥੋਂ ਇਹ ਉੱਤਰ ਵੱਲ ਗੁਰੇਜ਼ ਘਾਟੀ ਹੁੰਦੀ ਮਕਬੂਜਾ ਕਸ਼ਮੀਰ ਵਿੱਚ ਦਾਖਲ ਹੋ ਜਾਂਦੀ ਹੈ ਤੇ ਮੁਜੱਫ਼ਰਾਬਾਦ ਵੱਲ ਵਧਦੀ ਹੈ। ਇਸ ਤੋਂ ਬਾਅਦ ਮਕਬੂਜਾ ਕਸ਼ਮੀਰ ਅਤੇ ਲਹਿੰਦੇ ਪੰਜਾਬ ਦੀ ਸੀਮਾਂ ਤੇ ਮਾਂਗਲਾ ਝੀਲ ਵਿੱਚ ਪੁੰਛ ਨਦੀ ਵੀ ਇਸ ਵਿੱਚ ਮਿਲ ਜਾਂਦੀ ਹੈ। ਪਾਕਿਸਤਾਨ ਵਿੱਚ ਦਾਖਲ ਹੋ ਕੇ ਇਹ ਜਿਹਲਮ ਸ਼ਹਿਰ ਵਿੱਚੋਂ ਲੰਘਦਾ ਹੈ, ਜਿਹਲਮ ਲਹਿੰਦੇ ਪੰਜਾਬ ਦਾ ਵੱਡਾ ਸ਼ਹਿਰ ਹੈ ਜੋ ਜਿਹਲਮ ਦਰਿਆ ਦੇ ਲਹਿੰਦੇ ਕੰਢੇ ਤੇ ਵੱਸਿਆ ਹੋਇਆ ਹੈ। ਇੱਥੋਂ ਅੱਗੇ ਲੰਘਦਿਆਂ ਝੰਗ ਦੇ ਨੇੜੇ ਜਿਹਲਮ ਦਰਿਆ ਆਪਣੀ ਪਛਾਣ ਛੱਡ ਕੇ ਚਨਾਬ ਦਰਿਆ ਵਿੱਚ ਵਿਲੀਨ ਹੋ ਜਾਂਦਾ ਹੈ। ਜਿਹਲਮ ਦਰਿਆ ਤੇ ਮਕਬੂਜਾ ਕਸ਼ਮੀਰ ਅਤੇ ਪਾਕਿਸਤਾਨ ਦੀ ਹੱਦ ਤੇ ਪਾਕਿਸਤਾਨ ਸਰਕਾਰ ਵੱਲੋਂ ਉਸਾਰਿਆ ਮਾਂਗਲਾ ਡੈਮ ਇਸ ਦਰਿਆ ਤੇ ਬਣਿਆ ਸਭ ਤੋਂ ਵੱਡਾ ਪਣ ਬਿਜਲੀ ਅਤੇ ਸਿੰਚਾਈ ਪ੍ਰਾਜੈਕਟ ਹੈ।ਕਸ਼ਮੀਰ ਵਿੱਚ ਭਾਰਤ ਵੱਲੋਂ ਕੁਝ ਛੋਟੀਆਂ ਬਿਜਲੀ ਯੋਜਨਾਵਾਂ ਸਮੇਤ ਉੜੀ ਵਿਖੇ ਇੱਕ ਪਣ ਬਿਜਲੀ ਪ੍ਰਾਜੈਕਟ ਲਗਾਇਆ ਗਿਆ ਹੈ ਜਿਸ ਤੇ ਪਾਕਿਸਤਾਨ ਲੰਬੇ ਸਮੇਂ ਤੋਂ ਸਿੰਧੂ ਜਲ ਸੰਧੀ ਦਾ ਹਵਾਲਾ ਦੇ ਕੇ ਇਤਰਾਜ ਕਰਦਾ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿੱਚ ਜਿਹਲਮ ਦੀਆਂ ਵੱਡੀਆਂ ਗਵਾਹੀਆਂ ਦਰਜ ਹਨ। ਜਿਹਲਮ ਦਰਿਆ ਦੇ ਕੰਢੇ ਤੇ ਹੀ ਸਿਕੰਦਰ ਅਤੇ ਪੋਰਸ ਵਿਚਕਾਰ ਯੁੱਧ ਹੋਇਆ ਸੀ। ਜਿਸ ਵਿੱਚ ਪੱਛਮੀ ਇਤਿਹਾਸਕਾਰਾਂ ਮੁਤਾਬਿਕ ਸਿਕੰਦਰ ਜੇਤੂ ਰਿਹਾ ਸੀ। ਇਥੇ ਮਾਰੇ ਗਏ ਆਪਣੇ ਪਿਆਰੇ ਘੋੜੇ ਬੁਸੇਫਾਲੁਸ ਦੀ ਯਾਦ ਵਿੱਚ ਸਿਕੰਦਰ ਨੇ ਇੱਕ ਨਗਰ ਵੀ ਵਸਾਇਆ ਸੀ। ਜਿਹਲਮ ਸ਼ਹਿਰ ਤੋਂ ਕੁਝ ਹੇਠਾਂ ਜਿਹਲਮ ਦਰਿਆ ਦੇ ਪੂਰਬੀ ਕੰਢੇ ਤੇ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ ਦੀ ਜੂਹ ਵਿੱਚ ਖਾਲਸਾ ਫੌਜ ਅਤੇ ਅੰਗਰੇਜ਼ਾਂ ਵਿਚਕਾਰ ਯੁੱਧ ਹੋਇਆ ਸੀ। ਇਸ ਯੁੱਧ ਵਿੱਚ ਅੰਗਰੇਜ਼ੀ ਫੌਜ ਨੂੰ ਕਰਾਰੀ ਹਾਰ ਹੋਈ ਸੀ। ਅੰਗਰੇਜ਼ਾਂ ਨੇ ਇਸ ਨੂੰ ਭਾਰਤੀ ਉੱਪ ਮਹਾਂਦੀਪ ਵਿੱਚ ਹੋਈ ਸਭ ਤੋਂ ਤਬਾਹਕੁਨ ਹਾਰ ਵਜੋਂ ਦਰਜ ਕੀਤਾ। ਇਸ ਹਾਰ ਵਿੱਚ ਅੰਗਰੇਜ਼ੀ ਫੌਜ ਦਾ ਇੰਨਾ ਨੁਕਸਾਨ ਹੋਇਆ ਕਿ ਬਰਤਾਨਵੀ ਸੰਸਦ ਵਿੱਚ ਇਸ ਬਾਰੇ ਸ਼ੋਕ ਪ੍ਰਗਟ ਕੀਤਾ ਗਿਆ। ਪਰ ਇਸ ਜਿੱਤ ਦਾ ਕਿਸੇ ਮਜਬੂਤ ਸਰਕਾਰ ਦੀ ਅਣਹੋਂਦ ਕਾਰਨ ਪੰਜਾਬ ਨੂੰ ਕੋਈ ਲਾਭ ਨਾ ਹੋ ਸਕਿਆ। ਇਸ ਤਰਾਂ ਇਹਨਾਂ ਪੰਜ ਦਰਿਆਵਾਂ ਨੇ ਮਿਲ ਕੇ ਸਾਡੀ ਮਾਤ ਭੂਮੀ ਦੀ ਸਿਰਜਣਾ ਕੀਤੀ ਤੇ ਇਸ ਨੂੰ ਪੰਜਾਬ ਦਾ ਨਾਮ ਦਿੱਤਾ। .. #ਜਿਹਲਮ #ਪੰਜਾਬ #Punjab #Jhelum …. ਚੱਲਦਾ

Real Estate