ਅਜੋਕੇ ਦੌਰ ‘ਚ ਜ਼ੋਰਬੇ ਵਰਗੇ ਪਾਤਰਾਂ ਦੀ ਸਾਨੂੰ ਲੋੜ ਹੈ ?

185

 

ਤਰਨਦੀਪ ਬਿਲਾਸਪੁਰ

ਜ਼ੋਰਬਾ ਦਾ ਗਰੀਕ ਨਾਵਲ ਦਾ ਮੁੱਖ ਪਾਤਰ ਜ਼ੋਰਬਾ ਜੋ ਕਿ ਮੇਹਨਤੀ ਅਣਥੱਕ ਮਜਦੂਰ ਦੇ ਨਾਲ ਨਾਲ ਸੰਗੀਤਕਾਰ ਵੀ ਹੈ , ਆਪਣੇ ਯੂਨੀਵਰਸਿਟੀ ਤੋਂ ਪੜੇ ਪੂੰਜੀਪਤੀ ਬਣਕੇ ਸਮਾਜਵਾਦੀ ਸੁਪਨਿਆਂ ਨੂੰ ਦੇਖਣ ਵਾਲੇ ਮਾਲਿਕ ਨੂੰ ਕਹਿੰਦਾ ਹੈ ,
ਬੌਸ ! ਤੁਹਾਡਾ ਦਿਮਾਗ ਹਮੇਸ਼ਾ ਬਾਣੀਏ ਦੀ ਹੱਟੀ ਬਣਿਆ ਰਹਿੰਦਾ ਹੈ । ਹਰ ਵੇਲੇ ਜਮਾਂ ਤਕਸੀਮ ਵਿੱਚ ਲੱਗੇ ਰਹਿੰਦੇ ਹੋ । ਜਦੋਂ ਪੜਦੇ ਹੋ ਤਾਂ ਸਮੁੰਦਰ ਦੇ ਨਜ਼ਾਰਿਆਂ ਸਮੇਤ ਕੁਦਰਤ ਬਾਰੇ ਸੋਚਦੇ ਤੇ ਲੋਚਦੇ ਹੋ , ਜਦੋਂ ਸਮੁੰਦਰ ਤਹਾਨੂੰ ਬਾਹਾਂ ਭਰਕੇ ਮਿਲਦਾ ਹੈ , ਛੱਲਾਂ ਆਪਣਾ ਸੰਗੀਤ ਛੇੜਦੀਆਂ ਹਨ ਤਾਂ ਕੰਢੇ ਉੱਤੇ ਖਲੋ ਕੇ ਤਹਾਨੂੰ ਅਧੂਰੇ ਕੰਮ ਚੇਤੇ ਆਉਣ ਲੱਗਦੇ ਹਨ , ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਕਿਤਾਬਾਂ ਬਾਰੇ ਸੋਚਦੇ ਹੋ । ਤੁਸੀਂ ਪਚਰੰਗਾ ਅਚਾਰ ਆਪਣੇ ਮਨ ਮਸਤਕ ‘ਚ ਭਰ ਰੱਖਿਆ ਹੈ ।
ਜ਼ੋਰਬਾ ਅੱਗੇ ਕਹਿੰਦਾ ਹੈ , ਮੈਂ ਫਿਲਾਸਫੀ ਨਹੀਂ ਸਮਝਦਾ , ਵਰਤਮਾਨ ਮੇਰੀ ਫਿਲਾਸਫੀ ਹੈ , ਤੁਸੀਂ ਫਿਲਾਸਫੀ ਦੇ ਗਿਆਨੀ ਹੋ , ਪਰ ਤੁਹਾਡੀ ਫਿਲਾਸਫੀ ‘ਚ ਵਰਤਮਾਨ ਗੈਰਹਾਜ਼ਰ ਹੈ ।
ਜ਼ੋਰਬਾ ਜ਼ਿੰਦਗੀ ਨੂੰ ਨਿੰਬੂ ਕਹਿੰਦਾ ਹੈ , ਜਿਸਨੂੰ ਉਸਦੀ ਆਖਰੀ ਬੂੰਦ ਤੱਕ ਨਿਚੋੜਨਾ ਹੀ ਪਰਮ ਅਨੰਦ ਹੈ ।
ਜ਼ੋਰਬਾ ਖਾਣੇ ਬਾਬਤ ਬੋਲਦਾ ਹੋਇਆ ਕਹਿੰਦਾ ਹੈ ਕਿ “ਮੈਂ ਜੋ ਖਾਂਦਾ ਹਾ , ਉਸਨੂੰ ਕੰਮ ਤੇ ਹਾਸੇ ‘ਚ ਢਾਲਦਾ ਹਾਂ , ਪਰ ਤੁਸੀਂ ਜੋ ਖਾਂਦੇ ਹੋ ਤੁਸੀਂ ਉਸਨੂੰ ਵਿਸ਼ਲੇਸ਼ਣ ਵਿੱਚ ਢਾਲਦੇ ਹੋ , ਇਸੇ ਕਰਕੇ ਬੌਸ ! ਤੁਹਾਡੀ ਤੋਰ ਉਸ ਕਾਂ ਵਰਗੀ ਹੈ ਜੋ ਹੰਸ ਦੀ ਤੋਰ ਤੁਰਦਿਆਂ ਆਪਣੀ ਤੋਰ ਭੁੱਲ ਚੁੱਕਾ ਹੈ ।
ਸ਼ਾਇਦ ਇਸੇ ਕਰਕੇ ਤੁਸੀਂ ਦਾਂਤੇ ਤੇ ਸ਼ੇਕਸਪੀਅਰ ਦੀਆਂ ਕਵਿਤਾਵਾਂ ਹਿੱਕ ਨਾਲ ਲਾਈ ਬੈਠੇ ਹੋ ਤੇ ਮੈਂ ਤੁਹਾਡਾ ਕਾਮਾ ਜ਼ੋਰਬਾ ਫੁੱਲ , ਪੱਤੇ , ਦਰੱਖਤ , ਪੱਥਰ , ਮੀਂਹ , ਹਨੇਰੀ ਤੇ ਕੁਦਰਤ ਦੇ ਬਹੁਰੰਗੀ ਆਯਾਮਾਂ ਦੀ ਇਲਾਹੀ ਸੁੰਦਰਤਾ ‘ਚ ਭਿੱਜ ਕੇ ਵਿਸਮਾਦ ਦੇ ਇਲਾਹੀ ਸੁਆਦ ਨੂੰ ਚੱਖ ਲੈਂਦਾ ਹਾਂ ।
ਨਿਕੋਸ ਕਜਾਨਜਾਕਿਸ ਦਾ ਨਾਵਲ ਜ਼ੋਰਬਾ ਦਾ ਗਰੀਕ ਆਪਣੇ ਵਿਸਮਾਦੀ ਪਲਾਟ ਕਰਕੇ ਹੀ ਓਸ਼ੋ ਦੀ ਕਿਤਾਬ Books I have loved ਦਾ ਅਹਿਮ ਹਿੱਸਾ ਹੈ ।
ਸ਼ਾਇਦ ਇਹ ਨਾਵਲ ਦਾ ਲੇਖਕ ਉੱਪਰ ਅਸਰ ਹੀ ਸੀ , ਲੇਖਕ ਆਪਣੇ ਦੌਰ ਦਾ ਐਵਾਰਡ ਜੇਤੂ ਵੱਡਾ ਲੇਖਕ, ਯੂਨਾਨ ਦਾ ਕੈਬਨਿਟ ਮਨਿਸਟਰ ਸੀ , ਯੂ ਐਨ ਦੀ ਸੰਸਥਾ ਯੂਨੈਸਕੋ ਦਾ ਕਰਤਾ ਧਰਤਾ ਰਿਹਾ ਹੋਣ ਦੇ ਨਾਲ ਉਕਤ ਨਾਵਲ ਦੇ ਮੁੱਖ ਪਾਤਰ ਜ਼ੋਰਬੇ ਦਾ ਮਾਲਿਕ ਵੀ ਸੀ , ਭਾਵ ਲੇਖਕ ਇਸ ਨਾਵਲ ‘ਚ ਆਪਣੇ ਆਪ ਨੂੰ ਪਾਤਰ ਬਣਾਕੇ ਆਪਣੇ ਹੀ ਔਗੁਣਾਂ ਨੂੰ ਸੰਬੋਧਿਤ ਹੁੰਦਾ ਹੈ । ਉਹ ਬੁੱਧ ਦਾ ਆਪਣੀ ਲਿਖਤ ‘ਚ ਵਾਰ ਵਾਰ ਜ਼ਿਕਰ ਕਰਦਾ ਹੈ |  ਉਹ ਬੁੱਧ ਨੂੰ ਜ਼ੋਰਬੇ ਚੋਂ ਤੁਸੱਵਰ ਕਰਦਾ ਹੈ , ਉਸਦਾ ਬੁੱਧ ਮਜਦੂਰ ਹੈ । ਜੋ ਕਹਿੰਦਾ ਹੈ ਕਿ ਜਿੰਦਗੀ ਭੱਜ ਕੇ ਵਿਸਮਾਦੀ ਨਹੀਂ , ਜਿੰਦਗੀ ਹਰ ਕੰਮ, ਹਰ ਪਲ ਨੂੰ ਮਾਣ ਕੇ ਵਿਸਮਾਦੀ ਹੈ ,
ਸ਼ਾਇਦ ਇਸੇ ਕਰਕੇ ਨਿਕੋਸ ਆਪਣੀ ਮੌਤ ਵੇਲੇ ਤੱਕ ਸਭ ਕਰਦਿਆਂ , ਹੰਢਾਉਂਦਿਆ , ਜ਼ਿੰਦਗੀ ਨੂੰ ਸਮਝਦਿਆਂ ਸਿੱਟੇ ਤੇ ਵੀ ਪਹੁੰਚ ਹੀ ਜਾਂਦਾ ਹੈ । ਜਦੋਂ ਆਪਣੀ ਕਬਰ ਤੇ ਲਿਖਿਆ ਛੱਡ ਜਾਂਦਾ ਹੈ ਕਿ
I hope for nothing , I fear nothing , I am free.
ਦੂਸਰੇ ਪਾਸੇ ਸਾਡੇ ਕੋਲ ਬੁੱਧ ਵਾਂਗ ਭੇਦ ਜਾਨਣ ਤੁਰਿਆ ਸਾਡਾ ਬਾਬਾ ਨਾਨਕ ਹੈ ,ਜੋ ਬੁੱਧ ਨਹੀਂ ਹੋਇਆ ਤੇ ਕਰਤਾਰਪੁਰ ਸਾਹਿਬ ਆਣ ਕੇ ਖੇਤੀ ਕਰਨ ਲੱਗ ਪਿਆ ।
ਇਸ ਨਾਵਲ ਨੂੰ ਪੜਨ ਦਾ ਹੀਆ ਜੰਗ ਬਹਾਦਰ ਗੋਇਲ ਦੀ ਵਿਸ਼ਵ ਦੇ ਸ਼ਾਹਕਾਰ ਨਾਵਲ ਨੇ ਪੈਦਾ ਕੀਤਾ | ਨਾਵਲ ਪੜਦਿਆਂ , ਬੁੱਧ ਬਾਬਤ ਸੋਚਦਿਆਂ ਤੇ ਜ਼ੋਰਬੇ ਨੂੰ ਜਾਣਦਿਆਂ ਬਾਬੇ ਨਾਨਕ ਬਾਬਤ ਪੁਰਾਤਨ ਸਾਖੀਆਂ ਚੇਤੇ ਆ ਜਾਂਦੀਆਂ ਹਨ ਕਿ ਨਿਕੋਸ ਕਜਾਨਜਾਕਿਸ ਦੇ ਜ਼ੋਰਬੇ ਵਰਗਾ ਹੀ ਸਾਡੇ ਬਾਬੇ ਨਾਨਕ ਦਾ ਮਰਦਾਨਾ ਵੀ ਸੀ | ਪਰ ਉਥੇ ਨਿਕੋਸ ਵਾਲਾ ਦਵੰਦ ਸਾਡੇ ਬਾਬੇ ਕੋਲ ਨਹੀਂ ਸੀ , ਬਾਬਾ ਪਹਿਲਾ ਹੀ ਸਪਸ਼ਟ ਸੀ | ਬ੍ਰਹਿਮੰਡ ਦੇ ਹਰ ਭੇਦ ਨੂੰ ਮਾਨਣ ਤੇ ਜਾਨਣ ਵਾਲਾ , ਪਰ ਬਾਬੇ ਦੇ ਦਿਓ ਕੱਦ ਵਿਚ ਮਰਦਾਨੇ ਦੀ ਉਵੇਂ ਗੱਲ ਨਹੀਂ ਹੋਈ | ਜਿਵੇਂ ਪੱਛਵੀਂ ਸਾਹਿਤ ਵਿਚ ਜ਼ੋਰਬੇ ਵਰਗੇ ਕਾਲਪਨਿਕ ਪਾਤਰ ਜੀਵਨ ਜਾਂਚ ਦਾ ਮੂਲ ਬਣ ਗਏ |
ਮਰਦਾਨੇ ਬਾਬਤ ਗੱਲਬਾਤ ਫਿਰ ਕਦੇ ਵਿਸਥਾਰ ਵਿਚ ਕਰਾਂਗੇ , ਇਥੇ ਗੱਲਬਾਤ ਜ਼ੋਰਬੇ ਦੇ ਕਥਨ ਨਾਲ ਨਿਬੇੜਦੇ ਹਾਂ | ਜ਼ੋਰਬਾ ਆਪਣੇ ਮਾਲਕ ਨੂੰ ਕਹਿੰਦਾ ਹੈ , ਬੌਸ ! ਤੇਰੇ ਕੋਲ ਸਭ ਕੁਝ ਹੈ , ਧਨ ,ਜਵਾਨੀ ,ਸੇਹਤ ਬੱਸ ਇਹਦੇ ਵਿਚ ਥੋੜੀ ਜੀ ਦੀਵਾਨਗੀ ਮਿਲਾ ਲੈ ਤੂੰ ਜ਼ਿੰਦਗੀ ਦੇ ਅਰਥ ਜਾਣ ਜਾਵੇਗਾ | ਮੈਂ ਜਵਾਨੀ ਤੇ ਜ਼ੋਰ ਨਾਲ ਲੋੜ ਜੋਗਾ ਧੰਨ ਕਮਾਇਆ ,ਉਸੇ ਨੇ ਮੇਰੀ ਸੇਹਤ ਬਣਾਈ ਰੱਖੀ , ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਦੀਵਾਨਗੀ ਦਾ ਤੜਕਾ ਵੀ ਲਾਈ ਰੱਖਿਆ | ਸ਼ਾਇਦ ਇਸੇ ਕਰਕੇ ਮੈਂ ਇੱਕ ਹਜ਼ਾਰ ਸਾਲ ਜਿਉਣਾ ਲੋਚਦਾ ਹਾਂ |

Real Estate