ਬਠਿੰਡਾ ਥਰਮਲ ਨੂੰ ਨਿੱਜੀਕਰਨ ਅਮਲ ਅਧੀਨ ਵੇਚਣਾ ਲੋਕਾਂ ਨਾਲ ਵੱਡਾ ਧੋਖਾ

177

ਬਠਿੰਡਾ/ 24 ਜੂਨ/ ਬਲਵਿੰਦਰ ਸਿੰਘ ਭੁੱਲਰ
ਅੱਧੀ ਸਦੀ ਤੋਂ ਵੱਧ ਸਮਾਂ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਵਿੱਚ ਸਨੱਅਤੀ ਤੇ ਖੇਤੀ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਰਾਜ ਦੀ ਮੌਜੂਦਾ ਕੈਪਟਨ ਸਰਕਾਰ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਮੁਤਾਬਿਕ ਭੋਗ ਪਾ ਦਿੱਤਾ ਹੈ, ਜੋ ਮਾਲਵਾ ਖੇਤਰ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਥਰਮਲ ਪਲਾਂਟ ਦੀਆਂ ਜਾਇਦਾਦਾਂ ਦੀ ਰਾਖੀ ਲਈ ਪੰਜਾਬ ਦੀਆਂ ਹਿਤੈਸੀ ਪਾਰਟੀਆਂ, ਜਥੇਬੰਦੀਆਂ, ਕਰਮਚਾਰੀ ਸੰਗਠਨਾਂ ਤੇ ਬੁੱਧੀਜੀਵੀਆਂ ਨੂੰ ਜੋਰਦਾਰ ਆਵਾਜ਼ ਬੁ¦ਦ ਕਰਨ ਦਾ ਸੱਦਾ ਦਿੱਤਾ ਹੈ।
ਕਾ: ਸੇਖੋਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਜਨਮ ਦਿਵਸ ਮੌਕੇ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਲਈ ਕਿਸਾਨਾਂ ਤੋਂ 10 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1764 ਏਕੜ ਜਮੀਨ ਹਾਸਲ ਕੀਤੀ ਗਈ ਸੀ। ਹੁਣ ਇਹ ਜਗਾਹ ਪੁੱਡਾ ਨੂੰ ਤਬਦੀਲ ਕੀਤੀ ਜਾ ਰਹੀ ਹੈ, ਜਿਸਨੂੰ ਕਰੀਬ 20 ਹਜਾਰ ਰੁਪਏ ਪ੍ਰਤੀ ਗਜ ਭਾਵ ਕਰੀਬ 80 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਉਹਨਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਇਸ ਥਰਮਲ ਦੀ ਤਹਿ ਕੀਤੀ ਮਿਆਦ ਖਤਮ ਹੋਣ ਤੇ ਸਮੇਂ ਦੀ ਸਰਕਾਰ ਨੇ 751 ਕਰੋੜ ਰੁਪਏ ਦੀ ਲਾਗਤ ਨਾਲ ਇਸਦਾ ਨਵੀਨੀਕਰਨ ਕਰਦਿਆਂ ਐਲਾਨ ਕੀਤਾ ਸੀ ਕਿ ਸਾਲ 2031 ਤੱਕ ਇਹ ਥਰਮਲ ਬਾਖੂਬੀ ਕੰਮ ਕਰਦਾ ਰਹੇਗਾ।
ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਥਰਮਲ ਪਲਾਂਟ ਲਗਾਉਣ ਲਈ ਸਹੀਬੰਦ ਕੀਤੇ ਇਕਰਾਰਨਾਮੇ ਵਿੱਚ ਵੱਡੇ ਘਰਾਣਿਆਂ ਤੇ ਕੰਪਨੀਆਂ ਨੂੰ ਮੁਨਾਫ਼ਾ ਦੇਣ ਲਈ ਇਹ ਸਰਤ ਪ੍ਰਵਾਨ ਕਰ ਲਈ ਸੀ, ਪ੍ਰਾਈਵੇਟ ਥਰਮਲਾਂ ਤੋਂ ਪੈਦਾ ਹੋਣ ਵਾਲੀ ਸਾਰੀ ਬਿਜਲੀ ਸਰਕਾਰ ਖਰੀਦੇਗੀ। ਉਸ ਸਮੇਂ ਸਰਕਾਰੀ ਥਰਮਲ ਪਲਾਂਟਾਂ ਤੋਂ ਹੋ ਰਹੀ ਬਿਜਲੀ ਦੀ ਪੈਦਾਵਾਰ ਸਦਕਾ ਪ੍ਰਾਈਵੇਟ ਥਰਮਲਾਂ ਨੂੰ 4000 ਕਰੋੜ ਰੁਪਏ ਦੀ ਬਿਜਲੀ ਦੀ ਰਕਮ ਅਦਾ ਕਰਨੀ ਪਈ, ਜੋ ਵਰਤੋਂ ਵਿੱਚ ਨਹੀਂ ਸੀ ਲਿਆਂਦੀ ਜਾ ਸਕੀ। ਸਮੇਂ ਦੀ ਸਰਕਾਰ ਨੇ ਇਸ ਉਪਰੰਤ ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਪੈਦਾਵਾਰ ਘਟਾ ਦਿੱਤੀ ਸੀ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਐਲਾਨ ਕੀਤਾ ਸੀ। ਮੌਜੂਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਇਕੱਠਾਂ ਵਿੱਚ ਥਰਮਲ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਣ ਦੇ ਸੁਫ਼ਨੇ ਦਿਖਾਏ ਸਨ। ਹੁਣ ਮੌਜੂਦਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਤੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇਣ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਰਹਿੰਦੀ ਕਸਰ ਪੂਰੀ ਕਰਦਿਆਂ ਥਰਮਲ ਪਲਾਂਟ ਨੂੰ ਮੁਕੰਮਲ ਬੰਦ ਕਰਦਿਆਂ ਉਸਦੀ ਜਮੀਨ ਜਾਇਦਾਦ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਜਿਹਾ ਨਿੱਜੀਕਰਨ ਦੀ ਇੱਕ ਕੜੀ ਵਜੋਂ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੀ ਜਨਤਾ ਖਾਸ ਕਰਕੇ ਮਾਲਵਾ ਇਲਾਕੇ ਨਾਲ ਬਹੁਤ ਵੱਡਾ ਧੋਖਾ ਹੈ। ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਕਿਸੇ ਦਿਨ ਰੋਪੜ ਅਤੇ ਲਹਿਰਾ ਥਰਮਲ ਪਲਾਟਾਂ ਦਾ ਵੀ ਇਹੋ ਹਸ਼ਰ ਕੀਤਾ ਜਾਵੇਗਾ।
ਕਾ: ਸੇਖੋਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਦਿਆਂ ਹੁਣ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਥਰਮਲ ਪਲਾਂਟ ਦੀ ਜਮੀਨ, ਮਸ਼ੀਨਰੀ, ਇਮਾਰਤਾਂ ਵੇਚਣ ਨਾਲ ਸੰਭਾਵਿਤ ਆਮਦਨ ਦਾ 80 ਫੀਸਦੀ ਹਿੱਸਾ ਪਾਵਰਕਾਮ ਨੂੰ ਦਿੱਤਾ ਜਾਵੇਗਾ, ਜਦ ਕਿ ਇਹ ਜਾਇਦਾਦ ਸਾਰੀ ਹੀ ਪਾਵਰਕਾਮ ਦੀ ਹੈ। ਉਹਨਾਂ ਮੰਗ ਕੀਤੀ ਕਿ ਬਠਿੰਡਾ ਥਰਮਲ ਪਲਾਂਟ ਦੇ ਨਿੱਜੀਕਰਨ ਦੇ ਅਮਲ ਨੂੰ ਤੁਰੰਤ ਰੋਕਿਆ ਜਾਵੇ, ਪਿਛਲੀ ਸਰਕਾਰ ਵੱਲੋਂ ਗੈਸ ਤੇ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮਿਆਂ ਦਾ ਮੁੜ ਨਿਰੀਖਣ ਕਰਕੇ ਦਰੁਸਤ ਕੀਤਾ ਜਾਵੇ, ਰਾਜ ਸਰਕਾਰ ਦੇਸ ਦੀ ਕੇਂਦਰ ਸਰਕਾਰ ਦੀਆਂ ਘਾਤਕ ਨੀਤੀਆਂ ਦਾ ਵਿਰੋਧ ਕਰਕੇ ਬਿਜਲੀ ਬਿਲ 2020 ਦੀਆਂ ਵਿਸਥਾਵਾਂ ਨੂੰ ਮੰਨਣਾ ਬੰਦ ਕਰੇ।
ਸੂਬਾ ਸਕੱਤਰ ਨੇ ਜਿੱਥੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਥਰਮਲ ਜਮੀਨ ਤੇ ਵਿਕਾਸ ਪਾਰਕ ਤੇ ਚੰਗਾ ਪ੍ਰੋਜੈਕਟ ਉਸਾਰਨ ਦੇ ਬਿਆਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ, ਉਥੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਬਿਆਨ ਕਿ ਬਠਿੰਡਾ ਥਰਮਲ ਨੂੰ ਖਤਮ ਨਹੀਂ ਕਰਨ ਦਿੱਤਾ ਜਾਵੇਗਾ ਤੇ ਅਕਾਲੀ ਦਲ ਵੱਲੋਂ ਮੋਰਚਾ ਸੁਰੂ ਕਰਨ ਦੇ ਐਲਾਨ ਨੂੰ ਹਾਸੋਹੀਣਾ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਕਿਹਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਥਰਮਲ ਬੰਦ ਕਰਨ ਤੇ ਇਸਨੂੰ ਵੇਚਣ ਦੀ ਪ੍ਰਕਿਰਿਆ ਸੁਰੂ ਹੋਈ ਸੀ, ਹੁਣ ਉਹ ਮੋਰਚਾ ਲਾਉਣ ਦੇ ਦਾਅਵੇ ਕਰ ਰਹੇ ਹਨ। ਕਾ: ਸੇਖੋਂ ਨੇ ਸਮੂੰਹ ਪੰਜਾਬ ਹਿਤੈਸੀ ਪਾਰਟੀਆਂ, ਕਰਮਚਾਰੀ ਸੰਗਠਨਾਂ, ਜਨਤਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੂੰ ਥਰਮਲ ਪਲਾਂਟ ਦੀ ਹਜਾਰਾਂ ਏਕੜ ਜਮੀਨ ਵੇਚਣ ਵਿਰੁੱਧ ਆਵਾਜ਼ ਬੁ¦ਦ ਕਰਨ ਦਾ ਸੱਦਾ ਦਿੱਤਾ।

Real Estate